ਨਵੀਂ ਦਿੱਲੀ – ਇੰਦਰਾ ਗਾਂਧੀ ਅੰਤਰਰਾਸ਼ਟਰੀ ਏਅਰਪੋਰਟ ’ਤੇ ਲੰਡਨ ਜਾਣ ਵਾਲੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਸਤਰਕ ਹੋ ਗਈਆਂਹਨ। ਦਿੱਲੀ ਪੁਲਿਸ ਦੇ ਹੈੱਡਕੁਆਰਟਰ ਨੂੰ ਜਾਣਕਾਰੀ ਦੇਣ ਦੇ ਨਾਲ ਹੀ 10 ਤੇ 11 ਸਤੰਬਰ ਨੂੰ ਲੰਡਨ ਜਾਣ ਵਾਲੀ ਫਲਾਈ ਦੀ ਪੂਰੀ ਜਾਂਚ ਕਰਨ ਤੋਂ ਬਾਅਦ ਹੀ ਉਡਾਣ ਭਰਨ ਦੀ ਆਗਿਆ ਦਿੱਤੀ ਗਈ। ਇਹ ਧਮਕੀ ਬਾਹਰੀ ਜ਼ਿਲ੍ਹਾ ਦੇ ਨਾਂਗਲੋਈ ਥਾਣਾ ’ਚ ਇਕ ਸਖ਼ਸ਼ ਨੇ ਲੈਂਡਲਾਈਨ ’ਤੇ ਫੋਨ ਕਰਕੇ ਦਿੱਤੀ। ਅਣਜਾਣ ਸਖ਼ਸ਼ ਨੇ 9-11 ਦੀ ਤਰਜ ’ਤੇ ਏਅਰ ਇੰਡੀਆ ਦੇ ਜਹਾਜ਼ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ। ਜਾਂਚ ’ਚ ਸਾਹਮਣੇ ਆਇਆ ਹੈ ਕਿ ਸਖ਼ਸ਼ ਨੇ ਜਿਸ ਨੰਬਰ ਤੋਂ ਫੋਨ ਕੀਤਾ ਸੀ, ਉਹ ਬੈਲਜ਼ੀਅਮ ਦਾ ਹੈ। ਨਾਲ ਹੀ ਫੋਨ ਕਰਨ ਵਾਲਾ ਸਖ਼ਸ਼ ਖ਼ੁਦ ਨੂੰ ਸਿੱਖ ਫਾਰ ਜਸਟਿਸ ਦਾ ਮੈਂਬਰ ਦੱਸ ਰਿਹਾ ਸੀ। ਮਾਮਲੇ ਦੀ ਜਾਂਚ ਸਪੈਸ਼ਲ ਸੈੱਲ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਦੀ ਰਾਤ ਨੂੰ ਇਹ ਕਾਲ ਆਈ ਸੀ। ਅਣਜਾਣ ਵਿਅਕਤੀ ਨੇ ਫੋਨ ’ਤੇ ਕਿਹਾ, ਉਹ ਸਿੱਖ ਫਾਰ ਜਸਟਿਸ ਦੇ ਜੀਐੱਸ ਪੰਨੂ ਵੱਲੋਂ ਬੋਲ ਰਿਹਾ ਹੈ। ਉਹ ਖੇਤੀ ਕਾਨੂੰਨ ਵਿਰੋਧੀ ਪ੍ਰਦਰਸ਼ਨ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਪਹੁੰਚਾਉਣਾ ਚਾਹੁੰਦਾ ਹੈ ਅਤੇ ਇਸਦੇ ਲਈ ਉਹ 10 ਤੇ 11 ਸਤੰਬਰ ਨੂੰ ਲੰਡਨ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਸੰਖਿਆ ਏਆਈ 161 ਤੇ ਏਆਈ 11 ਨੂੰ 9-11 ਦੀ ਤਰਜ ’ਤੇ ਉਡਾ ਦੇਵੇਗਾ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਇਸਤੋਂ ਬਾਅਦ ਏਅਰਪੋਰਟ ’ਤੇ ਆਉਣ ਜਾਣ ਵਾਲਿਆਂ ’ਤੇ ਨਿਗਰਾਨੀ ਹੋਰ ਵਧਾ ਦਿੱਤੀ ਗਈ ਹੈ। ਨਾਲ ਹੀ ਏਅਰਪੋਰਟ ਕੰਪਲੈਕਸ ’ਚ ਦਾਖਲ ਹੋਣ ਵਾਲੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਸਮੇਂ ਤੋਂ ਪਹਿਲਾਂ ਏਅਰਪੋਰਟ ’ਤੇ ਪਹੁੰਚਣ, ਜਿਸ ਨਾਲ ਕਿ ਜਾਂਚ ਠੀਕ ਤਰੀਕੇ ਨਾਲ ਕੀਤੀ ਜਾ ਸਕੇ। ਇਸਤੋਂ ਇਲਾਵਾ ਸੀਸੀਟੀਵੀ ਕੈਮਰਿਆਂ ਦੀ ਫੁਟੇਜ ’ਤੇ ਵਿਸ਼ੇਸ਼ ਨਿਗਰਾਨੀ ਰੱਖੀ ਜਾ ਰਹੀ ਹੈ।