ਬੀਜਿੰਗ – ਅਫ਼ਗਾਨਿਸਤਾਨ ਤੋਂ ਫੌਜੀਆਂ ਦੀ ਵਾਪਸੀ ਤੋਂ ਬਾਅਦ ਚੀਨ ਲਗਾਤਾਰ ਅਮਰੀਕਾ ਨੂੰ ਨਿਸ਼ਾਨੇ ‘ਤੇ ਲੈ ਰਿਹਾ ਹੈ। ਹੁਣ ਚੀਨ ਦੇ ਇਕ ਸੀਨੀਅਰ ਅਧਿਕਾਰੀ ਨੇ ਅਮਰੀਕਾ ਦਾ ਮਜ਼ਾਕ ਉਡਾਉਣ ਦੇ ਮਕਸਦ ਨਾਲ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਵੀਡੀਓ ਪੋਸਟ ਕੀਤਾ ਹੈ। ਇਹ ਵੀਡੀਓ ਚੀਨੀ ਸਰਕਾਰ ਦੇ ਬੁਲਾਰੇ ਝਾਓ ਲਿਜੀਆਨ ਦੁਆਰਾ ਸਾਂਝਾ ਕੀਤਾ ਗਿਆ ਹੈ। ਇਸ ਵੀਡੀਓ ‘ਚ ਤਾਲਿਬਾਨੀ ਅੱਤਵਾਦੀ ਅਮਰੀਕੀ ਜਹਾਜ਼ਾਂ ‘ਤੇ ਰੱਸੀ ਬੰਨ੍ਹ ਕੇ ਝੂਲਾ ਝੂਲ ਰਹੇ ਹਨ। ਉਨ੍ਹਾਂ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ, ਸਾਮਰਾਜਾਂ ਦਾ ਕਬਰਸਤਾਨ ਤੇ ਉਨ੍ਹਾਂ ਦੀਆਂ ਯੁੱਧ ਦੀਆਂ ਮਸ਼ੀਨਾਂ। ਤਾਲਿਬਾਨ ਨੇ ਉਨ੍ਹਾਂ ਜਹਾਜ਼ਾਂ ਨੂੰ ਝੂਲਿਆਂ ਤੇ ਖਿਡੌਣਿਆਂ ‘ਚ ਤਬਦੀਲ ਕਰ ਦਿੱਤਾ ਹੈ। ਚੀਨ ਨੇ ਅਫ਼ਗਾਨਿਸਤਾਨ ਨੂੰ ਆਰਥਿਕ ਮਦਦ ਦੇਣ ਦਾ ਐਲਾਨ ਕੀਤਾ ਹੈ। ਕੁਝ ਦਿਨ ਪਹਿਲਾਂ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਤਾਲਿਬਾਨ ਦੀ ਕਾਰਜਕਾਰੀ ਸਰਕਾਰ ਇਸਲਾਮਿਕ ਅਮੀਰਾਤ ਦਾ ਸਮਰਥਨ ਕਰਦੇ ਹੋਏ ਅਫ਼ਗਾਨਿਸਤਾਨ ਨੂੰ 3.1 ਕਰੋਡ਼ ਅਮਰੀਕੀ ਡਾਲਰ ਦੀ ਸਹਾਇਤਾ ਕਰੇਗਾ। ਮੰਤਰਾਲੇ ਦੇ ਬੁਲਾਰੇ ਚੁਨਯਿੰਗ ਮੁਤਾਬਕ ਇਸ ਫੈਸਲੇ ਦਾ ਐਲਾਨ ਅਫ਼ਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਪਹਿਲੀ ਬੈਠਕ ਦੌਰਾਨ ਕੀਤੀ ਗਈ ਸੀ। ਇਸ ਸਹਾਇਤਾ ਰਾਸ਼ੀ ਦਾ ਇਸਤੇਮਾਲ ਅਫ਼ਗਾਨ ਲੋਕਾਂ ਲਈ ਕੀਤਾ ਜਾਵੇਗਾ।