ਸ੍ਰੀ ਮਾਛੀਵਾੜਾ ਸਾਹਿਬ – ਅਮਰੀਕਾ ਤੋਂ ਪਰਤੇ ਵਿਅਕਤੀ ਨੇ ਪਤਨੀ ਦੇ ਦੂਜੇ ਨੌਜਵਾਨ ਨਾਲ ਸਬੰਧਾਂ ਦੇ ਸ਼ੱਕ ਕਾਰਨ ਆਪਣੇ ਘਰ ਵਿਚ ਫਾਹਾ ਲੈ ਕੇ ਜਾਨ ਦੇ ਦਿੱਤੀ ਹੈ। ਪਤਨੀ ਤੇ ਬੱਚੇ ਦੀ ਗੈਰ-ਹਾਜ਼ਰੀ ਵਿਚ ਮੌਤ ਨੂੰ ਗਲੇ ਲਾਉਣ ਤੋਂ ਪਹਿਲਾਂ ਇਸ ਵਿਅਕਤੀ ਨੇ ਆਪਣੇ ਮੋਬਾਈਲ ’ਚ ਵੀਡੀਓ ਕਲਿੱਪ ਬਣਾਇਆ ਹੈ। ਪੁਲਿਸ ਨੇ ਮ੍ਰਿਤਕ ਦੇ ਰਿਸ਼ਤੇਦਾਰਾਂ ਦੀ ਹਾਜ਼ਰੀ ’ਚ ਘਰ ਦਾ ਦਰਵਾਜਾ ਤੋੜ ਕੇ ਉਸ ਨੂੰ ਫੰਦੇ ਤੋਂ ਥੱਲੇ ਉਤਾਰਿਆ। ਪਰਿਵਾਰ ਦੀ ਸ਼ਿਕਾਇਤ ’ਤੇ ਮੁਲਜ਼ਮ ਨਵਦੀਪ ’ਤੇ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਮੌਕੇ ਤੋਂ ਸੁਸਾਇਡ ਨੋਟ ਮਿਲਿਆ ਹੈ, ਜਿਸ ਵਿਚ ਉਸ ਦੇ ਮੋਬਾਈਲ ਦਾ ਕੋਡ ਤੇ ਉਸ ਵਿਚ ਬਣਾਏ ਹੋਏ ਦੋ ਵੀਡੀਓ ਕਲਿੱਪ ਦੇਖਣ ਲਈ ਬੇਨਤੀ ਕੀਤੀ ਹੋਈ ਹੈ। ਦੱਸਿਆ ਗਿਆ ਹੈ ਕਿ ਕਰੀਬ 9 ਸਾਲ ਪਹਿਲਾਂ ਪੇ੍ਮ ਸਿੰਘ ਨੇ ਮਰਜ਼ੀ ਨਾਲ ਵਿਆਹ ਕਰਵਾਇਆ ਸੀ। ਮ੍ਰਿਤਕ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਅਮਰੀਕਾ ਭੇਜਿਆ ਸੀ ਤੇ ਉਸ ਦੀ ਪਤਨੀ ਪੇਕੇ ਪਿੰਡ ਚਲੀ ਗਈ ਸੀ। ਉਸੇ ਦੌਰਾਨ ਰੋਪੜ ਦੇ ਪ੍ਰਾਈਵੇਟ ਹਸਪਤਾਲ ਵਿਚ ਨੌਕਰੀ ਦੌਰਾਨ ਉਸ ਦੇ ਨੌਜਵਾਨ ਨਾਲ ਸਬੰਧ ਬਣ ਗਏ। ਦੂਜੇ ਪਾਸੇ ਉਹ ਅਮਰੀਕਾ ਵਿੱਚੋਂ ਡਿਪੋਰਟ ਹੋ ਕੇ ਵਾਪਸ ਪਰਤਿਆ। ਮ੍ਰਿਤਕ ਨੂੰ ਆਪਣੀ ਪਤਨੀ ਤੇ ਨੌਜਵਾਨ ਦੇ ਸਬੰਧਾਂ ਬਾਰੇ ਪਤਾ ਲੱਗ ਗਿਆ ਸੀ। ਬੀਤੇ ਸਾਲ ਇਸ ਨੇ 112 ਨੰਬਰ ’ਤੇ ਸ਼ਿਕਾਇਤ ਕੀਤੀ ਸੀ। ਜਿਸ ’ਤੇ ਪੁਲਿਸ ਪ੍ਰਸ਼ਾਸਨ ਨੇ ਪਤੀ ਤੇ ਪਤਨੀ ਨੂੰ ਸਮਝਾ ਕੇ ਘਰ ਭੇਜ ਦਿੱਤਾ ਸੀ ਉਦੋਂ ਤੋਂ ਮ੍ਰਿਤਕ ਮਾਛੀਵਾੜਾ ਦੀ ਬੈਂਕ ਕਾਲੋਨੀ ਵਿਚ ਕਿਰਾਏ ਦੇ ਮਕਾਨ ’ਚ ਰਹਿ ਰਹੇ ਸਨ। ਪਿਛਲੇ ਲੰਘੇੇ ਦਸ ਤੋਂ ਵੱਧ ਦਿਨਾਂ ਤੋਂ ਉਸ ਦੀ ਪਤਨੀ ਤੇ ਬੱਚਾ ਵੀ ਉਸ ਦੇ ਨਾਲ ਨਹੀਂ ਰਹਿ ਰਹੇ ਸਨ। ਬੀਤੀ 11 ਸਤਬੰਰ ਨੂੰ ਪੇ੍ਮ ਸਿੰਘ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਵਾਰ ਵਾਰ ਮੋਬਾਈਲ ’ਤੇ ਕਾਲ ਕਰਨ ’ਤੇ ਜਦੋਂ ਫੋਨ ਨਹੀ ਚੁੱਕਿਆ ਤਾਂ ਦੋਸਤ ਨੇ ਪੁਲਿਸ ਦੀ ਮਦਦ ਨਾਲ ਦਰਵਾਜਾ ਤੋੜ ਕੇ ਦੇਖਿਆ ਤਾਂ ਇਹ ਮਾਮਲਾ ਸਾਹਮਣੇ ਆਇਆ ਹੈ।