ਅੰਮ੍ਰਿਤਸਰ – ਬੀਤੀ ਰਾਤ ਘਰਿੰਡਾ ਨੇੜੇ ਪੈਂਦੇ ਪਿੰਡ ਭਰੋਵਾਲ ‘ਚ ਡਰੋਨ ਉੱਡਦਾ ਨਜ਼ਰ ਆਇਆ। ਬੀਐੱਸਐੱਫ ਤੇ ਪੰਜਾਬ ਪੁਲਿਸ ਨੇ ਆਸ-ਪਾਸ ਦੇ ਇਲਾਕਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਿਸ ਮਕਸਦ ਨਾਲ ਇਹ ਡਰੋਨ ਉਡਾਇਆ ਗਿਆ ਸੀ, ਬੀਐੱਸਐੱਫ ਤੇ ਪੁਲਿਸ ਇਸ ਦੀ ਜਾਂਚ ‘ਚ ਜੁਟੇ ਹੋਏ ਹਨ। ਏਨਾ ਹੀ ਨਹੀਂ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਡਰੋਨ ਕਿਤੇ ਪਾਕਿਸਤਾਨ ਵੱਲੋਂ ਤਾਂ ਨਹੀਂ ਉਡਾਇਆ ਗਿਆ। ਬੀਤੇ ਕੱਲ੍ਹ ਤਰਨਤਾਰਨ ‘ਚ ਵੀ ਡਰੋਨ ਉੱਡਦਾ ਨਜ਼ਰ ਆਇਆ ਸੀ। ਦੱਸ ਦੇਈਏ ਕਿ ਨਾਪਾਕ ਗੁਆਂਢੀ ਪਾਕਿਸਤਾਨ ਲਗਾਤਾਰ ਡਰੋਨ ਜ਼ਰੀਏ ਭਾਰਤ ‘ਚ ਹਥਿਆਰਾਂ ਤੇ ਹੈਰੋਇਨ ਦੀ ਖੇਪ ਭੇਜਣ ਦੀ ਫ਼ਿਰਾਕ ‘ਚ ਰਹਿੰਦਾ ਹੈ। ਪਿਛਲੇ ਕੁਝ ਦਿਨਾਂ ‘ਚ ਤਰਨਤਾਰਨ ਤੇ ਅੰਮ੍ਰਿਤਸਰ ਬਾਰਡਰ ‘ਤੇ ਕਈ ਵਾਰ ਪਾਕਿਸਤਾਨ ਦੇ ਇਰਾਦੇ ਨਾਕਾਮ ਕੀਤੇ ਗਏ ਹਨ। ਦੋ ਦਿਨ ਪਹਿਲਾਂ ਹੀ ਪਾਕਿਸਤਾਨ ਵੱਲੋਂ ਆਇਆ ਇਕ ਡਰੋਨ 6 ਕਿੱਲੋ ਹੈਰੋਇਨ ਛੇ ਪੈਕਟਾਂ ‘ਚ ਬਾਰਡਰ ਪਾਰ ਸੁੱਟ ਕੇ ਗਿਆ ਸੀ। ਹਾਲਾਂਕਿ ਬੀਐੱਸਐੱਫ ਜਵਾਨਾਂ ਨੇ ਜਦੋਂ ਉਨ੍ਹਾਂ ‘ਤੇ ਫਾਇਰਿੰਗ ਕੀਤੀ ਤਾਂ ਆਪਣੀ ਸਰਹੱਦ ਵੱਲ ਮੁੜ ਗਿਆ।ਪਾਕਿਸਤਾਨ ਲਗਾਤਾਰ ਪੰਜਾਬ ਨੂੰ ਅਸਥਿਰ ਬਣਾਉਣ ਦੀ ਸਾਜ਼ਿਸ਼ਾਂ ਘੜ ਰਿਹਾ ਹੈ। ਬੀਤੇ ਇਕ ਮਹੀਨੇ ‘ਚ ਪੰਜਾਬ ‘ਚ ਅੰਮ੍ਰਿਤਸਰ, ਤਰਨਤਾਰਨ ਤੇ ਜਲੰਧਰ ਤੋਂ ਕਈ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਦੇ ਨਾਲ ਹਥਿਆਰ ਤੇ ਗੋਲਾ ਬਾਰੂਦ (ਹੈਂਡ ਗ੍ਰਨੇਡ ਤੇ ਪਿਸਟਲ) ਬਰਾਮਦ ਕੀਤੇ ਜਾ ਚੁੱਕੇ ਹਨ। ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਅੱਤਵਾਦੀਆਂ ਕੋਲੋਂ ਟਿਫਨ ਬੰਬ ਤੇ ਤਾਂ ਜਲੰਧਰ ਤੋਂ ਗ੍ਰਿਫ਼ਤਾਰ ਗੁਰਮੁਖ ਸਿੰਘ ਰੋਡੇ ਕੋਲੋਂ ਆਰਡੀਐਕਸ ਬਰਾਮਦ ਹੋ ਚੁੱਕਾ ਹੈ। ਇਸ ਬਾਰੇ ਜਿੱਥੇ ਪੰਜਾਬ ਪੁਲਿਸ ਨੇ ਚੌਕਸੀ ਵਧਾ ਦਿੱਤੀ ਹੈ। ਉੱਥੇ ਹੀ ਸੁਰੱਖਿਆ ਏਜੰਸੀਆਂ ਵੀ ਹਾਈ ਅਲਰਟ ‘ਤੇ ਹਨ।