ਨਵੀਂ ਦਿੱਲੀ – ਦਿੱਲੀ ਪੁਲਿਸ ਨੇ ਇਕ ਔਰਤ ਦੀ ਸ਼ਿਕਾਇਤ ਦੇ ਆਧਾਰ ‘ਤੇ ਲੋਕ ਜਨਸ਼ਕਤੀ ਪਾਰਟੀ ਦੇ ਐੱਮਪੀ ਪ੍ਰਿੰਸ ਰਾਜ ਖਿਲਾਫ਼ ਜਬਰ ਜਨਾਹ ਮਾਮਲੇ ‘ਚ ਕੇਸ ਦਰਜ ਕੀਤਾ ਹੈ। ਨਾਲ ਹੀ ਇਸ ਐੱਫਆਈਆਰ ‘ਚ ਐੱਲਜੇਪੀ ਆਗੂ ਚਿਰਾਗ ਪਾਸਵਾਨ ਦਾ ਨਾਂ ਵੀ ਸ਼ਾਮਲ ਹੈ। ਕਾਬਿਲੇਗ਼ੌਰ ਹੈ ਕਿ ਐੱਲਜੇਪੀ ਸੰਸਦ ਮੈਂਬਰ ਪ੍ਰਿੰਸ ਰਾਜ ਬਿਹਾਰ ਦੀ ਸਮਸਤੀਪੁਰ ਸੀਟ ਤੋਂ ਐੱਮਪੀ ਹਨ ਤੇ ਦਿੱਲੀ ਦੇ ਕਨੌਟ ਪੁਲਿਸ ਸਟੇਸ਼ਨ ‘ਚ ਉਨ੍ਹਾਂ ਖਿਲਾਫ਼ ਐੱਫਆਈਆਰ ਦਰਜ ਹੋਈ ਹੈ।
ਦਿੱਲੀ ਪੁਲਿਸ ਨੇ 3 ਮਹੀਨੇ ਪਹਿਲਾਂ ਇਕ ਔਰਤ ਦੀ ਸ਼ਿਕਾਇਤ ਦੇ ਆਧਾਰ ‘ਤੇ ਬਿਹਾਰ ਦੇ ਸਮਸਤੀਪੁਰ ਤੋਂ ਐੱਲਜੇਪੀ ਐੱਮਪੀ ਪ੍ਰਿੰਸ ਰਾਜ ਖਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਇਸ ਮਾਮਲੇ ‘ਚ ਚਿਰਾਗ ਪਾਸਵਾਨ ‘ਤੇ ਦੋਸ਼ ਹੈ ਕਿ ਉਨ੍ਹਾਂ ਆਪਣੇ ਚਚੇਰੇ ਭਰਾ ਪ੍ਰਿੰਸ ਖਿਲਾਫ਼ ਕਾਰਵਾਈ ‘ਚ ਦੇਰ ਕਰਨ ਦੀ ਸਾਜ਼ਿਸ਼ ਘੜੀ ਸੀ।
ਜਦੋਂ ਇਸ ਮਾਮਲੇ ‘ਚ ਦਿੱਲੀ ‘ਚ ਸਥਾਨਕ ਕੋਰਟ ਨੇ ਹੁਕਮ ਜਾਰੀ ਕੀਤਾ, ਉਸ ਤੋਂ ਬਾਅਦ ਦਿੱਲੀ ਪੁਲਿਸ ਨੇ 9 ਸਤੰਬਰ ਨੂੰ ਐੱਫਆਈਆਰ ਦਰਜ ਕੀਤੀ ਸੀ। ਪੀੜਤ ਪ4ਖ ਦੀ ਵਕੀਲ ਸੁਦੇਸ਼ ਕੁਮਾਰ ਜੇਠਵਾ ਨੇ ਕਿਹਾ ਕਿ ਮਈ ‘ਚ ਦਿੱਲੀ ਪੁਲਿਸ ‘ਚ ਸ਼ਿਕਾਇਤ ਦਰਜ ਕੀਤੀ ਸੀ ਤੇ ਜੁਲਾਈ ‘ਚ ਦਿੱਲੀ ਦੀ ਇਕ ਅਦਾਲਤ ‘ਚ ਅਰਜ਼ੀ ਦਾਇਰ ਕੀਤੀ ਸੀ। ਕੋਰਟ ਨੇ ਪੁਲਿਸ ਨੂੰ ਐੱਮਪੀ ਪ੍ਰਿੰਸ ਰਾਜ ਤੇ ਉਨ੍ਹਾਂ ਦੇ ਚਚੇਰੇ ਭਰਾ ਚਿਰਾਗ ਪਾਸਵਾਨ ਖਿਲਾਫ਼ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਸਨ।