ਅੰਮ੍ਰਿਤਸਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਸੋਸ਼ੀਏਸ਼ਨ ਆਫ ਐਡਹਾਕ ਟੀਚਰਜ਼ (ਜੀਐਡੀਯੂਏਏਟੀ) ਵੱਲੋਂ ਸ੍ਰ. ਨਵਜੋਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਪ੍ਰਗਟ ਸਿੰਘ ਵੀ ਮੌਜੂਦ ਸਨ। ਐਸੋਸ਼ੀਏਸ਼ਨ ਦੇ ਮੈਂਬਰਾਂ ਨੇ ਇਸ ਮੌਕੇ ਪਿਛਲੇ ਲੰਬੇ ਸਮੇਂ ਤੋਂ ਯੂਨੀਵਰਸਿਟੀ ਪ੍ਰਸਾਸ਼ਨ ਵੱਲੋਂ ਅਧਿਆਪਕਾਂ ਦਾ ਆਰਥਿਕ ਤੇ ਮਾਨਸਿਕ ਤੌਰ ‘ਤੇ ਕੀਤੇ ਜਾਂਦੇ ਸੋਸ਼ਣ ਸੰਬੰਧੀ ਜਾਣੂ ਕਰਵਾਇਆ। ਯੂਨੀਵਰਸਿਟੀ ਦੇ ਅਧੀਨ ਆਉਂਦੇ ਕਾਂਸਟੀਚੂਐਂਟ ਤੇ ਯੂਨੀਵਰਸਿਟੀ ਕਾਲਜਾਂ ‘ਚ ਲਗਭਗ 90% ਸਟਾਫ ਪਾਰਟ ਟਾਈਮ ਕੰਮ ਕਰ ਰਿਹਾ ਹੈ ਜਿਨ੍ਹਾਂ ਨੂੰ ਸਾਲ ਵਿਚ ਕੇਵਲ 06 ਤੋਂ 07 ਮਹੀਨੇ ਹੀ ਤਨਖ਼ਾਹ ਦਾ ਹੀ ਭੁਗਤਾਨ ਕੀਤਾ ਜਾਂਦਾ ਹੈ। ਇਨ੍ਹਾਂ ਸਾਰੇ ਕਾਲਜਾਂ ਵਿਚੋਂ ਕੇਵਲ ਇਕ ਦੋ ਕਾਲਜਾਂ ਨੂੰ ਛੱਡ ਕੇ ਬਾਕੀ ਕਾਲਜ ਓਐੱਸਡੀ ਦੁਆਰਾ ਚਲਾਏ ਜਾ ਰਹੇ ਹਨ ਜਿਨ੍ਹਾਂ ਦੀ ਨਿਯੁਕਤੀ ਸਾਰੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ 70 ਸਾਲ ਤਕ ਕੀਤੀ ਜਾਂਦੀ ਹੈ। ਕਾਂਗਰਸ ਸਰਕਾਰ ਦੁਆਰਾ ਸੱਤਾ ਵਿਚ ਆਉਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ ਕਿ ਅਸੀਂ ਕੱਚੇ ਮੁਲਾਜ਼ਮਾਂ ਨੂੰ ਜਲਦੀ ਪੱਕੇ ਕਰਾਂਗੇ ਪਰੰਤੂ ਸਾਢੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅਧੀਨ ਆਉਂਦੇ ਕਾਲਜਾਂ ਵਿਚ ਅਧਿਆਪਕਾਂ ਨੂੰ ਪੱਕੇ ਕਰਨਾਂ ਤਾਂ ਦੂਰ ਦੀ ਗੱਲ 12 ਮਹੀਨੇ ਤਨਖ਼ਾਹ ਦਾ ਭੁਗਤਾਨ ਵੀ ਨਹੀਂ ਕੀਤਾ ਜਾਂਦਾ ਜਦਕਿ ਇਸ ਦੇ ਉਲਟ ਪੰਜਾਬ ਦੀਆਂ ਬਾਕੀ ਯੂਨੀਵਰਸਿਟੀਆਂ ਵਿਚ ਕਾਰਜ ਨਿਭਾਅ ਰਹੇ ਐਡਹਾਕ ਸਹਾਇਕ ਪ੍ਰੋਫੈਸਰਾਂ ਨੂੰ 12 ਮਹੀਨੇ ਤਨਖ਼ਾਹ ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਾਰਟ ਟਾਈਮ ਅਧਿਆਪਕਾਂ ਨੇ ਸ੍ਰ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਕੇ ਸਰਕਾਰ ਦੇ ਇਸ ਵਾਅਦੇ ਨੂੰ ਯਾਦ ਕਰਵਾਇਆ ਤੇ ਜਲਦੀ ਹੀ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਐਡਹਾਕ ਐਸੋਸ਼ੀਏਸ਼ਨ ਦੇ ਪ੍ਰਧਾਨ ਡਾ. ਗੁਰਪ੍ਰੀਤ ਸਿੰਘ, ਉੱਪ ਪ੍ਰਧਾਨ ਪ੍ਰੋਫੈਸਰ ਵਿਸ਼ਾਲ ਸ਼ਰਮਾਂ, ਜਨਰਲ ਸਕੱਤਰ ਪ੍ਰੋਫੈਸਰ ਸੁਖਦੇਵ ਸਿੰਘ ਤੇ ਮੈਨੇਜਰ ਡਾ. ਅਰਜੁਨ ਸਿੰਘ ਹਾਜ਼ਰ ਸਨ।