ਚੰਡੀਗੜ੍ਹ – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਪ੍ਰਦਰਸ਼ਨਾਂ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਸਮਝਣ ਦੀ ਬਜਾਏ ਉਨ੍ਹਾਂ ਦੇ ਵਿਚਾਰਾਂ ਨੂੰ ਸਿਆਸੀ ਰੰਗਤ ਦੇਣ ਨੂੰ ਮੰਦਭਾਗਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਸਰਾਸਰ ਬੇਲੋੜੇ ਹਨ ਕਿਉਂ ਜੋ ਉਨ੍ਹਾਂ ਦੀ ਸਰਕਾਰ ਤਾਂ ਕਿਸਾਨਾਂ ਨੂੰ ਪਹਿਲਾਂ ਹੀ ਨਿਰੰਤਰ ਹਮਾਇਤ ਦਿੰਦੀ ਆ ਰਹੀ ਹੈ। ਮੁੱਖ ਮੰਤਰੀ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਸਪੱਸ਼ਟ ਹਮਾਇਤ ਦੇ ਬਾਵਜੂਦ ਕਿਸਾਨਾਂ ਨੇ ਉਨ੍ਹਾਂ ਦੀ ਅਪੀਲ ਦੇ ਗਲਤ ਅਰਥ ਕੱਢੇ ਹਨ, ਸਗੋਂ ਇਸ ਨੂੰ ਪੰਜਾਬ ਵਿਚ ਅਗਾਮੀ ਵਿਧਾਨ ਚੋਣਾਂ ਨਾਲ ਜੋੜਣ ਦੀ ਕੋਸ਼ਿਸ਼ ਕੀਤੀ। ਮੁੱਖ ਮੰਤਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ’ਚ ਪਾੜਾ ਪਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਤੇ ਇਹ ਸਾਰੇ ਕਿਸਾਨ ਕੇਂਦਰ ਅਤੇ ਗੁਆਂਢੀ ਸੂਬੇ ਵਿਚ ਭਾਜਪਾ ਦੀ ਅਗਵਾਈ ਵਾਲੀਆਂ ਸਰਕਾਰ ਦੇ ਮਾੜੇ ਵਤੀਰੇ ਤੋਂ ਇਕੋ ਜਿਹੇ ਪੀੜਤ ਹਨ। ਸੂਬਾ ਸਰਕਾਰ ਨਾ ਸਿਰਫ਼ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਨਾਲ ਚੱਟਾਨ ਵਾਂਗ ਖੜ੍ਹੀ ਸਗੋਂ ਇਨ੍ਹਾਂ ਕਾਨੂੰਨਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਵਿਧਾਨ ਸਭਾ ਵਿਚ ਸੋਧ ਬਿੱਲ ਵੀ ਲਿਆਂਦੇ ਗਏ। ਇਹ ਮੰਦਭਾਗੀ ਗੱਲ ਹੈ ਕਿ ਇਨ੍ਹਾਂ ਬਿੱਲਾਂ ਨੂੰ ਰਾਜਪਾਲ ਨੇ ਰਾਸ਼ਟਪਤੀ ਦੀ ਸਹਿਮਤੀ ਲਈ ਨਹੀਂ ਭੇਜਿਆ। ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਲੜਾਈ ਭਾਜਪਾ ਦੇ ਖਿਲਾਫ਼ ਹੈ ਜੋ ਕਿਸਾਨ ਵਿਰੋਧੀ ਕਾਨੂੰਨ ਥੋਪਣ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਅਜਿਹੇ ਹਾਲਾਤ ਵਿਚ ਪੰਜਾਬ ਦੇ ਲੋਕਾਂ ਲਈ ਔਕੜਾਂ ਪੈਦਾ ਕਰਨਾ ਜਾਇਜ਼ ਨਹੀਂ ਹੈ। ਉਨ੍ਹਾਂ ਨੇ ਮੋਰਚੇ ਦੇ ਦਾਅਵਿਆਂ ਕਿ ਕਿਸਾਨਾਂ ਦੇ ਸੰਘਰਸ਼ ਨਾਲ ਪੰਜਾਬ ਵਿਚ ਸਰਕਾਰ ’ਤੇ ਕੋਈ ਅਸਰ ਨਹੀਂ ਪੈਂਦਾ, ਨੂੰ ਰੱਦ ਕਰਦੇ ਹੋਏ ਕਿਹਾ ਕਿ ਅਡਾਨੀਆਂ ਜਾਂ ਅੰਬਾਨੀਆਂ ਦੇ ਹਿੱਤ ਅਜਿਹੇ ਸੰਘਰਸ਼ ਨਾਲ ਪ੍ਰਭਾਵਿਤ ਨਹੀਂ ਹੋ ਰਹੇ ਸਗੋਂ ਸੂਬੇ ਦੇ ਆਮ ਲੋਕਾਂ ਅਤੇ ਇੱਥੋਂ ਦੀ ਆਰਥਿਕਤਾ ’ਤੇ ਅਸਰ ਪੈ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਅੰਡਾਨੀਆਂ ਦੇ ਕੁੱਲ ਅਸਾਸਿਆਂ ਦੀ ਮਹਿਜ਼ 0.8 ਫੀਸਦੀ ਸੰਪਤੀ ਹੈ ਜਦਕਿ ਰਿਲਾਇੰਸ ਗਰੁੱਪ ਦੀ ਮੌਜੂਦਗੀ ਸਿਰਫ਼ 0.1 ਫੀਸਦੀ ਬਣਦੀ ਹੈ। ਸੂਬੇ ਵਿਚ ਬੇਚੈਨੀ ਨਾਲ ਇਨ੍ਹਾਂ ਉਦਯੋਗਪਤੀਆਂ ਨੂੰ ਪੈਂਦਾ ਘਾਟਾ ਇੰਨਾ ਮਾਮੂਲੀ ਹੈ ਕਿ ਇਸ ਨਾਲ ਉਨ੍ਹਾਂ ਨੂੰ ਕੋਈ ਗੰਭੀਰ ਸਰੋਕਾਰ ਨਹੀਂ ਹੈ। ਪ੍ਰਦਰਸ਼ਨਾਂ ਕਾਰਨ ਐੱਫ.ਸੀ.ਆਈ. ਤੇ ਸੂਬੇ ਦੀਆਂ ਏਜੰਸੀਆਂ ਵੱਲੋਂ ਸਟਾਕ ਚੁੱਕਣ ਵਿਚ ਆ ਰਹੀ ਰੁਕਾਵਟ ਦੇ ਚੱਲਦਿਆਂ ਅਨਾਜ ਭੰਡਾਰਨ ਅਤੇ ਖਰੀਦ ਦੀ ਸਥਿਤੀ ਪਹਿਲਾਂ ਹੀ ਗੰਭੀਰ ਬਣੀ ਹੋਈ ਹੈ। ਸਾਈਲੋਜ਼ ਨੂੰ ਲੈਣ ਵਾਸਤੇ ਹੋਏ ਸਮਝੌਤੇ ਮੁਤਾਬਕ ਇਨ੍ਹਾਂ ਦੇ ਮਾਲਕਾਂ ਨੂੰ ਤੈਅਸ਼ੁਦਾ ਦਰਾਂ ਦੀ ਅਦਾਇਗੀ ਕਰਨ ਕਾਰਨ ਸਰਕਾਰੀ ਖਜ਼ਾਨੇ ’ਤੇ ਵੀ ਵਿੱਤੀ ਬੋਝ ਪੈ ਰਿਹਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਇਕੱਲੇ ਮੋਗਾ ਵਿਖੇ ਐੱਫ.ਸੀ.ਆਈ. ਦੇ ਅਦਾਨੀ ਸਾਈਲੋ ਵਿਖੇ 480 ਕਰੋੜ ਰੁਪਏ ਦਾ ਭੰਡਾਰ ਪਿਆ ਹੈ।ਐੱਫ.ਸੀ.ਆਈ. ਅਡਾਨੀ ਸਾਈਲੋ ਮੋਗਾ ਅਤੇ ਐੱਫ.ਸੀ.ਆਈ. ਸਾਈਲੋ ਕੋਟਕਪੁਰਾ ਤੋਂ ਕਣਕ ਦੇ ਭੰਡਾਰਾਂ ਦੀ ਸਾਰੀ ਆਵਾਜਾਈ ਕਿਸਾਨਾਂ ਦੇ ਚੱਲ ਰਹੇ ਸੰਘਰਸ਼ ਕਰ ਕੇ ਰੁਕੀ ਹੋਈ ਹੈ ਜਦੋਂ ਕਿ ਐੱਫ.ਸੀ.ਆਈ. ਦੁਆਰਾ ਅਡਾਨੀ ਸਾਈਲੋ, ਮੋਗਾ ਵਿੱਚ ਪਿਛਲੇ ਸਾਲਾਂ ਦੇ 160855 ਮੀਟਿ੍ਰਕ ਟਨ ਕਣਕ ਦੇ ਭੰਡਾਰ ਨੂੰ ਤਰਜੀਹ ਦੇ ਆਧਾਰ ’ਤੇ ਖਤਮ ਕਰਨ ਦੀ ਜ਼ਰੂਰਤ ਹੈ, ਕਿਉਂਕਿ ਇਨ੍ਹਾਂ ਭੰਡਾਰਾਂ ਦੇ ਖਰਾਬ ਹੋਣ ਨਾਲ-ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋ ਸਕਦਾ ਹੈ। ਮੋਗਾ ਅਡਾਨੀ ਸਾਈਲੋਜ਼ ਵਿੱਚ ਪਏ ਭੰਡਾਰਾਂ ਦੀ ਕੀਮਤ ਲਗਭਗ 480 ਕਰੋੜ ਰੁਪਏ ਹੈ। ਮੁੱਖ ਮੰਤਰੀ ਨੇ ਫਿਰ ਤੋਂ ਕਿਸਾਨਾਂ ਨੂੰ ਪੰਜਾਬ ਵਿਚ ਪ੍ਰਦਰਸ਼ਨ ਬੰਦ ਕਰਨ ਦੀ ਅਪੀਲ ਹੈ।