ਨਵੀਂ ਦਿੱਲੀ – ਕੇਂਦਰ ਸਰਕਾਰ ਕੋਰੋਨਾ ਕਾਰਨ ਮਾਂ-ਬਾਪ ਨੂੰ ਗੁਆਉਣ ਵਾਲੇ ਬੱਚਿਆਂ ਦੇ ਮਹੀਨਾਵਾਰ ਵਜੀਫੇ ਨੂੰ 2000 ਤੋਂ ਵਧਾ ਕੇ 4000 ਰੁਪਏ ਕਰਨ ਦੀ ਯੋਜਨਾ ਬਣਾ ਰਹੀ ਹੈ। ਸਰਕਾਰ ਦੇ ਇਕ ਉੱਘੇ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਸੰਬੰਧ ਵਿਚ ਇਕ ਪ੍ਰਸਤਾਵ ਅਗਲੇ ਕੁਝ ਹਫ਼ਤਿਆਂ ਵਿਚ ਮਨਜ਼ੂਰੀ ਲਈ ਕੈਬਨਿਟ ਕੋਲ ਭੇਜਿਆ ਜਾ ਸਕਦਾ ਹੈ। ਅਧਿਕਾਰੀ ਨੇ ਦੱਸਿਆ ਕਿ ਮਹੀਨਾਵਾਰ ਵਜੀਫੇ ਨੂੰ ਦੋ ਹਜ਼ਾਰ ਤੋਂ ਚਾਰ ਹਜ਼ਾਰ ਰੁਪਏ ਕਰਨ ਦਾ ਪ੍ਰਸਤਾਵ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਕੀਤਾ ਹੈ। ਸਰਕਾਰ ਨੇ ਮਈ ਵਿਚ ਐਲਾਨ ਕੀਤਾ ਸੀ ਕਿ ਕੋਰੋਨਾ ਦੇ ਚਲਦਿਆਂ ਜਿਨ੍ਹਾਂ ਬੱਚਿਆਂ ਨੇ ਆਪਣੇ ਮਾਂ-ਬਾਪ ਤੇ ਰਿਸ਼ਤੇਦਾਰਾਂ ਨੂੰ ਗੁਆ ਦਿੱਤਾ ਹੈ, ਉਨ੍ਹਾਂ ਨੂੰ ‘ਪੀਐੱਮ-ਕੇਅਰਸ ਫਾਰ ਚਿਲਡਰਨ’ ਯੋਜਨਾ ਤਹਿਤ ਮਦਦ ਕੀਤੀ ਜਾਵੇਗੀ। ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਸ ਯੋਜਨਾ ਤਹਿਤ ਹੁਣ ਤਕ ਕੁੱਲ 3250 ਅਰਜ਼ੀਆਂ ਮਿਲੀਆਂ ਹਨ, ਜਿਨ੍ਹਾਂ ਵਿਚੋਂ ਸੰਬੰਧਤ ਜ਼ਿਲ੍ਹਾ ਅਧਿਕਾਰੀਆਂ ਦੁਆਰਾ 667 ਅਰਜੀਆਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਸਦੇ ਲਈ 467 ਜ਼ਿਲ੍ਹਿਆਂ ਤੋਂ ਅਰਜੀਆਂ ਪ੍ਰਾਪਤ ਹੋਈਆਂ ਹਨ।
previous post