ਚੰਡੀਗੜ੍ਹ – ਕਾਂਗਰਸ ਹਾਈਕਮਾਂਡ ਦੇ ਵਲੋਂ ਆਪਣੇ ਹੀ ਧੜੱਲੇਦਾਰ ਨੇਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਹਟਾਉਣ ਦੇ ਲਈ ਚਲਾਏ ‘ਸੀਕਰਟ ਅਪਰੇਸ਼ਨ’ ਦੀ ਅੱਜ ਸਿਆਸੀ ਗਲਿਆਰਿਆਂ ਦੇ ਵਿੱਚ ਖੂਬ ਚਰਚਾ ਹੋ ਰਹੀ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਕੱਲ੍ਹ ਬਹੁਤ ਤੇਜ਼ੀ ਨਾਲ ਵਾਪਰੇ ਘਟਨਾਕ੍ਰਮ ਨੇ ਹਰ ਇੱਕ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਕਿਸੇ ਨੇ ਵੀ ਇਹ ਸੋਚਿਆ ਨਹੀਂ ਸੀ ਕਿ ਦੇਸ਼ ਅੰਦਰ ‘ਮੋਦੀ ਲਹਿਰ’ ਨੂੰ ਵੀ ਬੇਅਸਰ ਕਰਕੇ ਕਾਂਗਰਸ ਦੀ ਇੱਜ਼ਤ ਬਚਾਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਕੈਪਟਨ ਅਮਰਿੰਦਰ ਸਿੰਘ ਸਮੇਂ ਤੋਂ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਇੰਨੀ ਆਸਾਨੀ ਨਾਲ ਅਸਤੀਫ਼ਾ ਦੇ ਦੇਣਗੇ।
ਪੰਜਾਬ ਕਾਂਗਰਸ ਦੇ ਵਿੱਚ ਚੱਲ ਰਿਹਾ ਘਮਸਾਣ ਦਾ ਯੁੱਧ ਜਾਰੀ ਅਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਵੀ ਹਾਲੇ ਇਸ ਵਿੱਚ ਕਮੀ ਨਹੀਂ ਆਈ ਹੈ ਤੇ ਅਹੁਦਿਆਂ ਦੀ ਦੌੜ ਹੋਰ ਤੇਜ਼ ਹੋ ਜਾਣ ਦੀ ਸੰਭਾਵਨਾਂ ਹੈ। ਪੰਜਾਬ ਕਾਂਗਰਸ ਵਿਧਾਇਕ ਦਲ ਦੀ ਸ਼ਨੀਵਾਰ ਨੂੰ ਹੋਈ ਬੈਠਕ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਅੱਜ ਐਤਵਾਰ ਨੂੰ ਇੱਕ ਵਾਰ ਫਿਰ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ ਹੈ ਅਤੇ ਇਹ ਮੀਟਿੰਗ ਵੀ ਪੰਜਾਬ ਕਾਂਗਰਸ ਭਵਨ ਵਿਚ ਆਯੋਜਿਤ ਹੋਵੇਗੀ।
ਪੰਜਾਬ ਇਸ ਵੇਲੇ ਸਿਆਸਤ ਦਾ ਕੇਂਦਰ ਬਿੰਦੂ ਬਣਿਆ ਹੋਇਆ ਹੈ ਅਤੇ ਸਭ ਦੀਆਂ ਨਜ਼ਰਾਂ ਚੰਡੀਗੜ੍ਹ ਦੇ ਵਿੱਚ ਅੱਜ ਹੋਣ ਵਾਲੀ ਮੀਟਿੰਗ ‘ਤੇ ਲੱਗੀਆਂ ਹੋਈਆਂ ਹਨ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਕਿਸ ਨੂੰ ਬਣਾਇਆ ਜਾਵੇਗਾ। ਇਸ ਬਾਬਤ ਫੈਸਲਾ ਅੱਜ ਹੋਵੇਗਾ। ਕੱਲ੍ਹ ਸ਼ਨੀਵਾਰ ਨੂੰ ਹੋਈ ਵਿਧਾਇਕ ਦਲ ਦੀ ਮੀਟਿੰਗ ਵਿਚ ਪਾਸ ਹੋਏ ਮਤਿਆਂ ਮੁਤਾਬਿਕ ਵਿਧਾਇਕਾਂ ਵਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਅਧਿਕਾਰ ਸੌਂਪਿਆ ਗਿਆ ਸੀ, ਜਿਸ ਤੋਂ ਬਾਅਦ ਹਾਈਕਮਾਨ ਵਲੋਂ ਸੀ ਐੱਲ ਪੀ ਲੀਡਰ ਦਾ ਐਲਾਨ ਕੀਤੇ ਜਾਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਪਰ ਇਸ ਦੌਰਾਨ ਪਾਰਟੀ ਵਲੋਂ ਅੱਜ ਐਤਵਾਰ ਨੂੰ ਸਵੇਰੇ 11 ਵਜੇ ਦੁਬਾਰਾ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸੱਦ ਲਈ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਨ ਵਲੋਂ ਨਵੇਂ ਨੇਤਾ ਦੇ ਐਲਾਨ ਦੀ ਜ਼ਿੰਮੇਵਾਰੀ ਵੀ ਕੇਂਦਰ ਵਲੋਂ ਭੇਜੇ ਗਏ ਆਬਜ਼ਰਵਰਾਂ ਅਜੈ ਮਾਕਨ ਅਤੇ ਹਰੀਸ਼ ਚੌਧਰੀ ਅਤੇ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਦੀ ਹੀ ਲਗਾਈ ਗਈ ਹੈ। ਪਾਰਟੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਅੱਜ ਐਤਵਾਰ ਨੂੰ ਸਵੇਰੇ 11 ਵਜੇ ਹੋਣ ਵਾਲੀ ਵਿਧਾਇਕ ਦਲ ਦੀ ਬੈਠਕ ਵਿਚ ਮੁੱਖ ਮੰਤਰੀ ਦਾ ਨਾਮ ਐਲਾਨ ਹੋਣ ਦੇ ਨਾਲ-ਨਾਲ ਹੀ ਮੰਤਰੀਆਂ ਦੀ ਸੂਚੀ ਵੀ ਰੱਖੀ ਜਾ ਸਕਦੀ ਹੈ।
ਵਰਨਣਯੋਗ ਹੈ ਕਿ ਕੱਲ੍ਹ ਸ਼ਨੀਵਾਰ ਪੰਜਾਬ ਦੀ ਸਿਆਸਤ ‘ਚ ਬਹੁਤ ਵੱਡਾ ਦਿਨ ਹੋ ਨਿੱਬੜਿਆ। 2022 ਪੰਜਾਬ ਵਿਧਾਨ ਸਭਾ ਚੋਣ ਲੜਨ ਦੇ ਇਛੁੱਕ ਕੈਪਟਨ ਅਮਰਿੰਦਰ ਸਿੰਘ ਨੇ ਆਖਰ ਆਪਣੇ ਅਹੁਦੇ ਤੋਂ ਅਸਤੀਫ਼ਾ ਹੀ ਦੇ ਦਿੱਤਾ। ਪੰਜਾਬ ਕਾਂਗਰਸ ਦਾ ਕਾਟੋ ਕਲੇਸ਼ ਤਾਂ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਪਰ ਸ਼ਾਇਦ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਕੈਪਟਨ ਅਮਰਿੰਦਰ ਨੂੰ ਇਹ ਕੌੜਾ ਘੁੱਟ ਪੀਣਾ ਪਵੇਗਾ। ਹੁਣ ਕੈਪਟਨ ਨੇ ਅਸਤੀਫਾ ਦੇ ਦਿੱਤਾ ਤੇ ਸਵਾਲ ਹੈ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ? ਕੱਲ੍ਹ ਹੋਈ ਮੀਟਿੰਗ ਦੇ ਦੌਰਾਨ ਵਿਧਾਇਕ ਦਲ ਦਾ ਲੀਡਰ ਚੁਣਨ ਦੇ ਅਧਿਕਾਰ ਹਾਈਕਮਾਨ ਨੂੰ ਸੌਂਪ ਦਿੱਤੇ ਗਏ ਸਨ। ਇਸ ਲਈ ਹੁਣ ਹਾਈਕਮਾਨ ਵੱਲੋਂ ਹੀ ਫੈਸਲਾ ਕੀਤਾ ਜਾਏਗਾ। ਦੱਸ ਦਈਏ ਕਿ ਵਿਧਾਇਕ ਦਲ ਦੀ ਮੀਟਿੰਗ ਵਿੱਚ ਕਾਂਗਰਸ ਦੇ 80 ਵਿੱਚੋਂ 78 ਵਿਧਾਇਕ ਸ਼ਾਮਲ ਹੋਏ ਪਰ ਕੈਪਟਨ ਅਮਰਿੰਦਰ ਸਿੰਘ ਇਸ ਮੀਟਿੰਗ ਵਿੱਚ ਨਹੀਂ ਗਏ। ਕੈਪਟਨ ਨੇ ਮੀਟਿੰਗ ਤੋਂ ਪਹਿਲਾਂ ਅਸਤੀਫਾ ਦੇ ਕੇ ਕਹਿ ਦਿੱਤਾ ਸੀ ਕਿ ਹੁਣ ਜਿਸ ਨੂੰ ਮਰਜ਼ੀ ਮੁੱਖ ਮੰਤਰੀ ਚੁਣ ਲਵੋ। ਪੰਜਾਬ ਦੇ ਨਵੇਂ ਮੁੱਖ ਮੰਤਰੀ ਚੇਹਰੇ ‘ਤੇ ਪੇਚ ਫੱਸ ਗਿਆ ਹੈ। ਦਰਅਸਲ ਸੁਨੀਲ ਜਾਖੜ ਦੇ ਨਾਂਅ ‘ਤੇ ਕੁੱਝ ਮੰਤਰੀਆਂ ਨੇ ਇਤਰਾਜ਼ ਜਤਾਇਆ ਹੈ। ਨਵਜੋਤ ਸਿੱਧੂ ਵੀ ਮਾਝੇ ਦੇ ਉਨ੍ਹਾਂ ਮੰਤਰੀਆਂ ਦੇ ਨਾਲ ਹਨ। ਪਾਰਟੀ ਪ੍ਰਧਾਨ ਅਤੇ ਦੋਨੋਂ ਅਬਜ਼ਰਵਰਾਂ ਨੂੰ ਸ਼ਨੀਵਾਰ ਰਾਤ ਚੰਡੀਗੜ੍ਹ ‘ਚ ਹੀ ਰੁਕਣਾ ਪਿਆ ਹੈ। ਇਸ ਲਈ ਹੀ ਅਜੇ ਤੱਕ ਕੋਈ ਫੈਸਲਾ ਨਹੀਂ ਹੋ ਸਕਿਆ ਹੈ। ਪਰ ਉਮੀਦ ਹੈ ਕਿ ਅੱਜ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਮਿਲ ਜਾਵੇਗਾ। ਦਰਅਸਲ ਕਾਂਗਰਸ ਵਿਧਾਇਕ ਦਲ ਦਾ ਲੀਡਰ ਚੁਣਨ ਲਈ ਸਾਰੇ ਅਧਿਕਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸੌਂਪ ਦਿੱਤੇ ਹਨ। ਹੁਣ ਹਾਈਕਮਾਨ ਦੇ ਫੈਸਲੇ ਦੀ ਉਡੀਕ ਹੈ। ਸੋਨੀਆ ਗਾਂਧੀ ਦੇ ਫੈਸਲੇ ਮਗਰੋਂ ਵਿਧਾਇਕ ਦਲ ਦੇ ਲੀਡਰ ਦਾ ਐਲਾਨ ਹੋਏਗਾ ਜੋ ਪੰਜਾਬ ਦਾ ਮੁੱਖ ਮੰਤਰੀ ਬਣੇਗਾ।
ਦਰਅਸਲ ਸੁਨੀਲ ਜਾਖੜ ਵਲੋਂ ਪੰਜਾਬ ਵਿੱਚ ਕਾਂਗਰਸ ਹਾਈ ਕਮਾਂਡ ਵੱਲੋਂ ਚੁੱਕੇ ਗਏ ਕਦਮਾਂ ਦਾ ਸਵਾਗਤ ਕਰਨ ਵਾਲਾ ਕੀਤਾ ਗਿਆ ਟਵੀਟ ਕਾਂਗਰਸ ਹਾਈਕਮਾਂਡ ਵਲੋਂ ਕੈਪਟਨ ਖਿਲਾਫ਼ ਚਲਾਏ ਗਏ ‘ਸੀਕਰਟ ਅਪਰੇਸ਼ਨ’ ਦੀ ਕਹਾਣੀ ਨੂੰ ਬਿਆਨ ਕਰਦਾ ਹੈ। ਇੱਕ ਟਵੀਟ ਵਿੱਚ ਇੱਕ ਬਹੁਤ ਹੀ ਗੁੰਝਲਦਾਰ ਮੁੱਦੇ ਨੂੰ ਸੁਲਝਾਉਣ ਲਈ ਸੁਨੀਲ ਜਾਖੜ ਨੇ ਰਾਹੁਲ ਗਾਂਧੀ ਦੀ ਪ੍ਰਸ਼ੰਸਾ ਕੀਤੀ ਸੀ। ਜਾਖੜ ਨੇ ਟਵੀਟ ਕਰਦਿਆਂ ਲਿਖਿਆ ਸੀ ਕਿ, “ਹੈਰਾਨੀ ਦੀ ਗੱਲ ਹੈ ਕਿ ਪੰਜਾਬ ਕਾਂਗਰਸ ਦੇ ਵਿਵਾਦ ਨੂੰ ਸੁਲਝਾਉਣ ਦੇ ਇਸ ਦਲੇਰਾਨਾ ਫੈਸਲੇ ਨੇ ਨਾ ਸਿਰਫ ਕਾਂਗਰਸੀ ਵਰਕਰਾਂ ਵਿੱਚ ਰੋਮਾਂਚ ਪਾਇਆ ਹੈ, ਬਲਕਿ ਅਕਾਲੀਆਂ ਦੀ ਰੀੜ੍ਹ ਦੀ ਹੱਡੀ ਨੂੰ ਵੀ ਸੁੰਗੜਾ ਦਿੱਤਾ ਹੈ।” ਦਰਅਸਲ ਜਾਖੜ ਦੋ ਦਿਨ ਪਹਿਲਾਂ ਬੰਗਲੌਰ ਗਏ ਸਨ। ਅਚਾਨਕ ਉਨ੍ਹਾਂ ਨੂੰ ਦਿੱਲੀ ਬੁਲਾ ਕੇ ਚੰਡੀਗੜ੍ਹ ਆਉਣ ਲਈ ਕਹਿ ਕੇ ਸਪੱਸ਼ਟ ਕਰ ਦਿੱਤਾ ਕਿ ਅਗਲੀ ਸਰਕਾਰ ਵਿੱਚ ਉਸਦੀ ਅਹਿਮ ਭੂਮਿਕਾ ਹੋਵੇਗੀ। ਚੰਡੀਗੜ੍ਹ ਪਰਤਣ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ ਵਿੱਚ ਕਾਂਗਰਸ ਹਾਈ ਕਮਾਂਡ ਦੇ ਸੀਨੀਅਰ ਆਗੂਆਂ ਨਾਲ ਵੀ ਗੱਲਬਾਤ ਕੀਤੀ ਸੀ। ਦੇਰ ਰਾਤ ਜਦੋਂ ਹਰੀਸ਼ ਰਾਵਤ ਨੇ ਸੀਐਲਪੀ ਮੀਟਿੰਗ ਬੁਲਾਉਣ ਬਾਰੇ ਟਵੀਟ ਕੀਤਾ, ਉਦੋਂ ਤੋਂ ਹੀ ਸੀਨੀਅਰ ਨੇਤਾ ਜਾਖੜ ਦੇ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ। ਹਾਲਾਂਕਿ, ਉਸਨੇ ਅਜੇ ਇਸ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਸੀ। ਪਿਛਲੇ ਲੰਬੇ ਸਮੇਂ ਤੋਂ ਪੰਜਾਬ ਕਾਂਗਰਸ ‘ਚ ਚੱਲ ਰਹੇ ਕਾਟੋ-ਕਲੇਸ਼ ਨੂੰ ਨਿਬੇੜਨ ਲਈ ਹਾਈਕਮਾਨ ਨੇ ਕੱਲ੍ਹ ਸ਼ਾਮ 5 ਵਜੇ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਸੀ, ਇਸ ਤੋਂ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇ ਦਿੱਤਾ। ਕੈਪਟਨ ਤੋਂ ਨਾਰਾਜ਼ 40 ਵਿਧਾਇਕਾਂ ਨੇ ਪੱਤਰ ਲਿਖ ਕੇ ਕੈਪਟਨ ਅਮਰਿੰਦਰ ਸਿੰਘ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਸ਼ੁੱਕਰਵਾਰ 17 ਸਤੰਬਰ ਨੂੰ ਵੱਡਾ ਫ਼ੈਸਲਾ ਲੈਂਦਿਆਂ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਸੀ। ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਸ਼ੁੱਕਰਵਾਰ ਅੱਧੀ ਰਾਤ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਸੀ। ਅਜੇ ਮਾਕਨ ਅਤੇ ਹਰੀਸ਼ ਚੌਧਰੀ ਨੂੰ ਵਿਧਾਇਕ ਦਲ ਦੀ ਬੈਠਕ ਲਈ ਆਬਜ਼ਰਵਰ ਬਣਾਇਆ ਗਿਆ ਅਤੇ ਦੋਵੇਂ ਆਗੂਆਂ ਨੂੰ ਚੰਡੀਗੜ੍ਹ ਮੀਟਿੰਗ ਵਿਚ ਸ਼ਮੂਲੀਅਤ ਕਰਨ ਦੀ ਡਿਊਟੀ ਲਗਾਈ ਗਈ।
ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਕਾਂਗਰਸ ਨੇ ਆਪਣਾ ਤੇ ਆਪਣੀ ਸਰਕਾਰ ਦਾ ਅਕਸ ਖ਼ਰਾਬ ਕਰ ਲਿਆ ਹੈ ਅਤੇ 2022 ਵਿੱਚ ਮੁੜ ਸੱਤਾ ਵਿੱਚ ਆਉਣ ਦੇ ਮੌਕੇ ਨੂੰ ਖਤਰੇ ਵਿੱਚ ਪਾ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਉਸ ਵੇਲੇ ਬੇਇੱਜ਼ਤ ਹੋ ਕੇ ਸਰਕਾਰ ਨੂੰ ਛੱਡਣਾ ਪਿਆ, ਜਦੋਂ ਕਾਂਗਰਸ ਹਾਈ ਕਮਾਂਡ ਨੇ ਇੱਕ ਟਵੀਟ ਰਾਹੀਂ ਪਾਰਟੀ ਦੇ ਵਿਧਾਇਕਾਂ ਨੂੰ ਕੇਂਦਰੀ ਓਬਜ਼ਰਵਰਾਂ ਵੱਲੋਂ ਬੁਲਾਈ ਗਈ ਬੈਠਕ ਵਿੱਚ ਸ਼ਾਮਲ ਹੋਣ ਲਈ ਕਿਹਾ। ਕੈਪਟਨ ਅਮਰਿੰਦਰ ਸਿੰਘ ਪਾਰਟੀ ਦੇ ਇੱਕ ਵੱਡੇ ਆਗੂ ਹਨ, ਜੋ ਸਾਢੇ 9 ਸਾਲ ਤੋਂ ਵੱਧ ਮੁੱਖ ਮੰਤਰੀ ਰਹੇ ਹਨ। ਉਨ੍ਹਾਂ ਦੀ ਇਸ ਤਰ੍ਹਾਂ ਦੀ ਬੇਇੱਜ਼ਤੀ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਲਈ ਖਤਰੇ ਦੀ ਘੰਟੀ ਹੈ। ਪਰ ਕਾਂਗਰਸ ਦੇ ਆਗੂਆਂ ਤੇ ਮੰਤਰੀਆਂ ਨੂੰ ਲੱਗਦਾ ਹੈ ਕਿ ਕੈਪਟਨ ਸਰਕਾਰ ਖਿਲਾਫ਼ ਲੋਕਾਂ ਵਿੱਚ ਰੋਸ ਵਧ ਗਿਆ ਸੀ ਦੇ ਜਾਣ ਨਾਲ ਪਾਰਟੀ ਦੇ ਪੰਜ ਮਹੀਨਿਆਂ ਬਾਅਦ ਹੋਣ ਵਾਲੀਆਂ ਚੋਣਾਂ ਵਿੱਚ ਜਿੱਤਣ ਦੇ ਮੌਕੇ ਜ਼ਿਆਦਾ ਹਨ। ਇੱਕ ਸਾਲ ਪਹਿਲਾਂ ਕਾਂਗਰਸ ਤੇ ਕੈਪਟਨ ਅਮਰਿੰਦਰ ਸਿੰਘ ਲਈ ਸਥਿਤੀ ਇੰਨੀ ਖਰਾਬ ਨਹੀਂ ਲੱਗ ਰਹੀ ਸੀ। ਕੈਪਟਨ ਦੇ ਪਹੁੰਚ ਤੋਂ ਬਾਹਰ ਹੋਣ ਬਾਰੇ, ਕੰਮ ਨਾ ਹੋਣ ਬਾਰੇ, ਕੀਤੇ ਵਾਅਦੇ ਅਧੂਰੇ ਹੋਣ ਬਾਰੇ ਗੱਲ ਤਾਂ ਹੋ ਰਹੀ ਸੀ, ਪਰ ਇਸ ਤਰ੍ਹਾਂ ਦਾ ਵਿਰੋਧ ਨਹੀਂ ਸੀ। ਇਸ ਸਾਰੇ ਵਿਰੋਧ ਦਾ ਸਿਹਰਾ ਪਾਰਟੀ ਦੇ ਆਗੂ ਨਵਜੋਤ ਸਿੰਘ ਸਿੱਧੂ ਨੂੰ ਜਾਂਦਾ ਹੈ। ਸਿੱਧੂ ਨੇ ਖੁੱਲ੍ਹ ਕੇ ਸਰਕਾਰ ਦੀ ਆਲੋਚਨਾ ਕੀਤੀ ਤੇ ਦੋ ਸਾਲ ਮੰਤਰੀ ਰਹਿਣ ਤੋਂ ਬਾਅਦ ਅਸਤੀਫਾ ਦੇ ਦਿੱਤਾ। ਪਿਛਲੇ ਇੱਕ ਸਾਲ ਵਿੱਚ ਸਿੱਧੂ ਨੇ ਆਪਣੇ ਯੂਟਿਊਬ ਚੈਨਲ ‘ਤੇ ਕੈਪਟਨ ਸਰਕਾਰ ਦੀ ਡਟ ਕੇ ਆਲੋਚਨਾ ਕੀਤੀ। ਇਸ ਨਾਲ ਲੋਕਾਂ ਵਿੱਚ ਸਰਕਾਰ ਖਿਲਾਫ਼ ਰੋਹ ਵੱਧਣਾ ਸ਼ੁਰੂ ਹੋਇਆ। ਇਸ ਲਈ ਕਿਹਾ ਜਾ ਸਕਦਾ ਹੈ ਕਿ ਸਿੱਧੂ ਨੇ ਇੱਕਲੇ ਹੀ ਉਹ ਕਰ ਦਿਖਾਇਆ ਜੋ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਤੇ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਨਹੀਂ ਕਰ ਸਕੀ। ਇਹ ਕਹਿਣਾ ਵੀ ਸਹੀ ਨਹੀਂ ਹੋਵੇਗਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪਿਛਲੇ ਚਾਰ ਸਾਲਾਂ ਦੇ ਸ਼ਾਸਨ ਵਿੱਚ ਸਭ ਠੀਕ ਸੀ। ਸਿੱਧੂ ਨੇ ਲੋਕਾਂ ਦੀਆਂ ਇਨ੍ਹਾਂ ਅਧੂਰੀਆਂ ਉਮੀਦਾਂ ਨੂੰ ਮੰਗਾਂ ਦੇ ਇੱਕ ਚਾਰਟਰ ਦੇ ਰੂਪ ਵਿੱਚ ਪੇਸ਼ ਕੀਤਾ। ਦਿਲਚਸਪ ਗੱਲ ਇਹ ਹੈ ਕਿ ਗਾਂਧੀ ਪਰਿਵਾਰ ਦੀ ਥਾਪੀ ਨਾਲ, ਜਿਸ ਆਗੂ ਨੇ ਕਾਂਗਰਸ ਵਿੱਚ ਹੋ ਰਹੇ ਕਲੇਸ਼ ਨੂੰ ਘਰ-ਘਰ ਪਹੁੰਚਾਇਆ ਸੀ, ਉਸ ਨੂੰ ਇਨਾਮ ਵਜੋਂ ਪਾਰਟੀ ਦਾ ਪ੍ਰਧਾਨ ਬਣਾ ਦਿੱਤਾ ਗਿਆ।
ਪੰਜਾਬ ਚੋਣਾਂ ਨੂੰ ਚਾਰ ਮਹੀਨੇ ਬਚੇ ਹਨ ਤੇ ਆਉਣ ਵਾਲੇ ਦਿਨ ਕਾਂਗਰਸ ਲਈ ਸੌਖੇ ਨਹੀਂ ਹੋਣ ਵਾਲੇ। ਭਾਵੇਂ ਕਾਂਗਰਸ ਮੁੱਖ ਮੰਤਰੀ ਦਾ ਚਿਹਰਾ ਬਦਲ ਦੇਵੇ, ਪਰ ਲੋਕਾਂ ਵਿੱਚ ਜਾ ਕੇ ਇਹ ਕਹਿਣਾ ਕਿ ਹੁਣ ਪਾਰਟੀ ਵਿੱਚ ਬਦਲਾਅ ਆ ਗਏ ਹਨ ਤੇ ਲੋਕੀ ਮੁੜ ਉਨ੍ਹਾਂ ‘ਤੇ ਵਿਸ਼ਵਾਸ ਕਰਨ, ਇਹ ਕੰਮ ਸੌਖਾ ਨਹੀਂ ਹੋਵੇਗਾ। ਕਾਂਗਰਸ ਆਗੂ ਇਸ ਗੱਲ ‘ਤੇ ਆਸ ਲਗਾ ਰਹੇ ਹਨ ਕਿ ਸੁਖਬੀਰ ਬਾਦਲ ਤੇ ਹੋਰਾਂ ਦੇ ਮੁਕਾਬਲੇ ਨਵਜੋਤ ਸਿੱਧੂ ‘ਤੇ ਲੋਕ ਸ਼ਾਇਦ ਜ਼ਿਆਦਾ ਵਿਸ਼ਵਾਸ ਕਰ ਸਕਦੇ ਹੋਣ। ਇਹ ਦੇਖਣਾ ਬਾਕੀ ਹੈ ਕਿ ਜੋ ਕੰਮ ਕਾਂਗਰਸ ਚਾਰ ਸਾਲਾਂ ਵਿੱਚ ਨਹੀਂ ਕਰ ਸਕੀ ਉਹ ਚਾਰ ਮਹੀਨਿਆਂ ਵਿੱਚ ਕਿਸ ਤਰ੍ਹਾਂ ਕਰਕੇ ਦਿਖਾਏਗੀ, ਜੋ ਲੋਕਾਂ ਨੂੰ ਵਿਸ਼ਵਾਸ ਦਵਾ ਸਕੇ ਕਿ ਪਾਰਟੀ ‘ਤੇ ਵਿਸ਼ਵਾਸ ਕੀਤਾ ਜਾ ਸਕਦਾ ਹੈ। ਚੋਣਾ ਆਉਣ ਵਾਲੀਆਂ ਹਨ ਤੇ ਕਾਂਗਰਸ ਲਈ ਇਹ ਸਫ਼ਰ ਸੌਖਾ ਨਹੀਂ ਹੋਵੇਗਾ।
ਕੈਪਟਨ ਅਮਰਿੰਦਰ ਸਿੰਘ ਕਾਂਗਰਸ ਵਿੱਚ ਹੀ ਰਹਿਣਗੇ ਜਾਂ ਫਿਰ ਕਿਸੇ ਹੋਰ ਪਾਰਟੀ ਵਿੱਚ ਜਾਣਗੇ ਜਾਂ ਫਿਰ ਨਵੀਂ ਪਾਰਟੀ ਬਣਾਉਣਗੇ, ਇਸ ਸਬੰਧੀ ਉਨਾਂ ਨੇ ਕਿਹਾ ਕਿ ਫਿਲਹਾਲ ਰਾਜਨੀਤੀ ਵਿੱਚ ਉਨਾਂ ਲਈ ਹਰ ਬਦਲ ਖੁਲਾ ਹੈ ਅਤੇ ਉਨਾਂ ਨੂੰ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਹੈ ਪਰ ਹਰ ਫੈਸਲਾ ਉਹ ਇਕੱਲੇ ਨਹੀਂ ਲੈਣਗੇ, ਉਹ ਰਾਜਨੀਤਕ ਭਵਿੱਖ ਬਾਰੇ ਫੈਸਲਾ ਕਰਨ ਲਈ ਹੀ ਜਲਦ ਮੀਟਿੰਗ ਕਰਨਗੇ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਅਸਤੀਫ਼ਾ ਦੇਣ ਤੋਂ ਬਾਅਦ ਗੱਲਬਾਤ ਕਰਦੇ ਹੋਏ ਸਾਫ਼ ਕਰ ਦਿੱਤਾ ਕਿ ਉਨਾਂ ਲਈ ਰਾਜਨੀਤੀ ਵਿੱਚ ਸਾਰੇ ਬਦਲ ਖੁਲੇ ਹਨ ਅਤੇ ਉਹ ਕੋਈ ਵੀ ਵੱਡਾ ਫੈਸਲਾ ਕਰ ਸਕਦੇ ਹਨ ਪਰ ਇਸ ਸਬੰਧੀ ਅਜੇ ਉਹ ਕੋਈ ਵੀ ਖੁਲਾਸਾ ਨਹੀਂ ਕਰਨਾ ਚਾਹੁੰਦੇ ਹਨ, ਕਿਉਂਕਿ ਪਹਿਲਾਂ ਇਸ ਸਬੰਧੀ ਉਹ ਆਪਣੇ ਸਾਥੀਆਂ ਨਾਲ ਮੀਟਿੰਗ ਕਰਕੇ ਸਲਾਹ ਕਰਨਗੇ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਬਦਲ ਖੁੱਲ੍ਹੇ ਰੱਖੇ ਹਨ ਤੇ ਕਿਹਾ ਹੈ ਕਿ ਉਹ ਪਾਰਟੀ ਵਿੱਚ ਆਪਣੇ ਸਾਥੀਆਂ ਨਾਲ ਗੱਲ ਕਰਨ ਤੋਂ ਬਾਅਦ ਤੈਅ ਕਰਨਗੇ ਕਿ ਉਨ੍ਹਾਂ ਦਾ ਸਿਆਸੀ ਭਵਿੱਖ ਕੀ ਹੋਵੇਗਾ। ਉਨ੍ਹਾਂ ਨੇ ਕਿਹਾ, “ਮੈਂ ਸਮਾਂ ਆਉਣ ‘ਤੇ ਇਹ ਤੈਅ ਕਰਾਂਗਾ।” ਇਸ ਤੋਂ ਪਤਾ ਲੱਗਦਾ ਹੈ ਕਿ ਸਾਢੇ 9 ਸਾਲ ਮੁੱਖ ਮੰਤਰੀ ਰਹੇ ਕਾਂਗਰਸ ਦੇ ਇਹ ਵੱਡੇ ਆਗੂ ਇੰਨੀ ਛੇਤੀ ਹਾਰ ਮੰਨਣ ਵਾਲੇ ਨਹੀਂ ਹਨ। ਅਮਰਿੰਦਰ ਸਿੰਘ ਨੇ ਖ਼ਾਸ ਗੱਲਬਾਤ ਦੌਰਾਨ ਕਿਹਾ ਕਿ ਉਨਾਂ ਦਾ 52 ਸਾਲ ਦਾ ਰਾਜਨੀਤਕ ਜੀਵਨ ਰਿਹਾ ਹੈ, ਇਸ ਦੌਰਾਨ ਵੱਡੀ ਗਿਣਤੀ ਵਿੱਚ ਦੋਸਤ ਬਣੇ ਹਨ, ਜਿਨਾਂ ਦੀ ਸਲਾਹ ਲੈਣਾ ਉਨਾਂ ਲਈ ਜਰੂਰੀ ਹੈ। ਜਿਸ ਕਾਰਨ ਜਲਦ ਹੀ ਉਹ ਮੀਟਿੰਗ ਸੱਦ ਕੇ ਫੈਸਲਾ ਕਰਨਗੇ ਕਿ ਉਹ ਭਵਿੱਖ ਵਿੱਚ ਕੀ ਕਰਨਗੇ ਜਾਂ ਫਿਰ ਕੀ ਨਹੀਂ ਕਰਨਗੇ। ਅਮਰਿੰਦਰ ਸਿੰਘ ਨੇ ਦੱਸਿਆ ਕਿ ਅੱਜ ਵੀ ਵਿਧਾਇਕਾਂ ਤੋਂ ਲੈ ਕੇ ਸੰਸਦ ਮੈਂਬਰ ਅਤੇ ਕਾਂਗਰਸ ਪਾਰਟੀ ਦੇ ਲੀਡਰ ਉਨਾਂ ਨਾਲ ਖੜੇ ਹਨ ਅਤੇ ਉਨਾਂ ਨਾਲ ਹੀ ਸਲਾਹ ਕੀਤੀ ਜਾਏਗੀ। ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੱਧੂ ਨਾਕਾਬਲ ਲੀਡਰ ਹਨ। ਉਨ੍ਹਾਂ ਤੋਂ ਇੱਕ ਵਿਭਾਗ ਨਹੀਂ ਸੰਭਾਲਿਆ ਗਿਆ ਤਾਂ ਉਹ ਮੁੱਖ ਮੰਤਰੀ ਬਣ ਕੇ ਸੂਬਾ ਕਿਵੇਂ ਚਲਾ ਸਕਦੇ ਹਨ। ਅਮਰਿੰਦਰ ਸਿੰਘ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਦੀਆਂ ਫਾਈਲਾਂ 6-6 ਮਹੀਨੇ ਪਾਸ ਨਹੀਂ ਹੁੰਦੀਆਂ ਸਨ, ਜਿਸ ਕਾਰਨ ਉਨਾਂ ਨੂੰ ਅੱਗੇ ਆ ਕੇ ਨਵਜੋਤ ਸਿੱਧੂ ਨੂੰ ਕੈਬਨਿਟ ਵਿੱਚੋਂ ਹੀ ਬਾਹਰ ਕੱਢਣਾ ਪਿਆ ਸੀ ਅਤੇ ਉਸ ਤੋਂ ਵਿਭਾਗ ਖੋਹ ਕੇ ਬ੍ਰਹਮ ਮਹਿੰਦਰਾਂ ਨੂੰ ਦੇਣਾ ਪਿਆ ਤਾਂ ਕਿ ਸਥਾਨਕ ਸਰਕਾਰਾਂ ਵਿਭਾਗ ਦਾ ਕੰਮ ਚਲ ਸਕੇ। ਅਮਰਿੰਦਰ ਸਿੰਘ ਨੇ ਕਿਹਾ ਕਿ ਇਹੋ ਜਿਹੇ ਨਾਕਾਬਲ ਵਿਅਕਤੀ ਨੂੰ ਮੁੱਖ ਮੰਤਰੀ ਨਹੀਂ ਬਣਾਇਆ ਜਾ ਸਕਦਾ ਹੈ। ਨਵਜੋਤ ਸਿੱਧੂ ਬਾਰੇ ਅਮਰਿੰਦਰ ਸਿੰਘ ਨੇ ਕਿਹਾ ਕਿ ਉਸ ਵਿੱਚ ਕੋਈ ਖ਼ਾਸ ਕਾਬਲੀਅਤ ਨਹੀਂ ਹੈ ਅਤੇ ਇਸ ਸਬੰਧੀ ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਨੂੰ ਵੀ ਉਨਾਂ ਨੇ ਦੱਸ ਦਿੱਤਾ ਸੀ ਪਰ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਉਸ ਤੋਂ ਬਾਅਦ ਸਰਕਾਰ ਦੇ ਫੈਸਲੇ ‘ਤੇ ਲਗਾਤਾਰ ਨਵਜੋਤ ਸਿੱਧੂ ਉਂਗਲ ਚੁਕਦੇ ਆਏ ਹਨ ਅਤੇ ਅਸੀਂ ਸੱਜੇ ਚਲਦੇ ਸੀ ਤਾਂ ਨਵਜੋਤ ਸਿੱਧੂ ਖੱਬੇ ਚਲਦੇ ਸਨ। ਜਿਸ ਨੂੰ ਲੈ ਕੇ ਹਾਈ ਕਮਾਨ ਸੋਨੀਆ ਗਾਂਧੀ ਨੂੰ ਦੱਸਿਆ ਗਿਆ ਸੀ ਕਿ ਇਹ ਸਾਰਾ ਕੁਝ ਠੀਕ ਨਹੀਂ ਚਲ ਰਿਹਾ ਹੈ। ਇਸ ਲਈ ਉਹ ਕੰਟਰੋਲ ਕਰਨ ਪਰ ਕੁਝ ਵੀ ਕਰਨ ਦੀ ਥਾਂ ‘ਤੇ ਵਿਧਾਇਕਾਂ ਦੀ ਹੀ ਮੀਟਿੰਗ ਸੱਦਣਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਉਨਾਂ ਨੇ ਆਪਣਾ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕਰ ਦਿੱਤੀ ਸੀ।
ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫ਼ਾ ਦੇਣ ਤੋਂ ਤੁਰੰਤ ਬਾਅਦ ਬਗਾਵਤ ਕਰਨ ਦਾ ਐਲਾਨ ਤੱਕ ਕਰ ਦਿੱਤਾ ਹੈ। ਅਮਰਿੰਦਰ ਸਿੰਘ ਨੇ ਸਾਫ਼ ਕਿਹਾ ਕਿ ਪਾਰਟੀ ਲੀਡਰਸ਼ਿਪ ਕਿਸ ਮਰਜ਼ੀ ਨੂੰ ਮੁੱਖ ਮੰਤਰੀ ਬਣਾ ਦੇਣ ਪਰ ਉਹ ਕਿਸੇ ਵੀ ਮੁੱਖ ਮੰਤਰੀ ਨੂੰ ਸਵੀਕਾਰ ਨਹੀਂ ਕਰਨਗੇ। ਅਮਰਿੰਦਰ ਸਿੰਘ ਨੇ ਕਿਹਾ ਉਨਾਂ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ ਅਤੇ ਹੁਣ ਹਾਈ ਕਮਾਨ ਜਿਹੜੇ ਮਰਜ਼ੀ ਕਾਬਲ ਵਿਧਾਇਕ ਨੂੰ ਮੁੱਖ ਮੰਤਰੀ ਬਣਾ ਦੇਣ ਪਰ ਉਨਾਂ ਨੂੰ ਮੁੱਖ ਮੰਤਰੀ ਦੇ ਰੂਪ ਵਿੱਚ ਕੋਈ ਵੀ ਹੋਰ ਲੀਡਰ ਸਵੀਕਾਰ ਨਹੀਂ ਹੋਏਗਾ। ਅਮਰਿੰਦਰ ਸਿੰਘ ਨੇ ਇਹ ਬਿਆਨ ਉਸ ਸਮੇਂ ਦਿੱਤਾ ਹੈ, ਜਦੋਂ ਹਾਈ ਕਮਾਨ ਵਲੋਂ ਕਿਸੇ ਵੀ ਮੁੱਖ ਮੰਤਰੀ ਐਲਾਨ ਹਾਲੇ ਨਹੀਂ ਕੀਤਾ ਹੈ, ਜਿਸ ਤੋਂ ਬਾਅਦ ਸਾਫ਼ ਹੈ ਕਿ ਕੋਈ ਵੀ ਮੁੱਖ ਮੰਤਰੀ ਆਏ, ਉਨਾਂ ਨੂੰ ਕੋਈ ਵੀ ਸਵੀਕਾਰ ਨਹੀਂ ਹੋਏਗਾ।
ਇਸ ਦੌਰਾਨ ਕੈਪਟਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਪਹਿਲਾਂ ਹੀ ਸੋਨੀਆ ਗਾਂਧੀ ਨੂੰ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਨਵਜੋਤ ਸਿੱਧੂ ਨਾਲ ਕੰਮ ਨਹੀਂ ਕਰ ਕਰਨਗੇ, ਲਿਹਾਜ਼ਾ ਉਹ ਅਸਤੀਫ਼ਾ ਦੇ ਰਹੇ ਹਨ। ਕੈਪਟਨ ਨੇ ਕਿਹਾ ਕਿ ਜਦੋਂ ਉਨ੍ਹਾਂ ਪਹਿਲਾਂ ਹੀ ਅਸਤੀਫ਼ੇ ਬਾਰੇ ਸਪੱਸ਼ਟ ਕਰ ਦਿੱਤਾ ਸੀ ਫਿਰ ਸੀ।ਐੱਲ। ਪੀ। ਦੀ ਬੈਠਕ ਬੁਲਾਉਣ ਦੀ ਕੀ ਲੋੜ ਸੀ। ਕੈਪਟਨ ਨੇ ਕਿਹਾ ਕਿ ਦੋ ਮਹੀਨਿਆਂ ਵਿਚ ਤਿੰਨ ਵਾਰ ਅਜਿਹੀਆਂ ਮੀਟਿੰਗਾਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਦੋ ਵਾਰ ਦਿੱਲੀ ਬੁਲਾਇਆ ਗਿਆ ਅਤੇ ਹੁਣ ਉਨ੍ਹਾਂ ਨੂੰ ਬਿਨਾਂ ਭਰੋਸੇ ਵਿਚ ਲਏ ਵਿਧਾਇਕ ਦਲ ਦੀ ਮੀਟਿੰਗ ਬੁਲਾਈ ਗਈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਉਹ ਬੇਇੱਜ਼ਤ ਮਹਿਸੂਸ ਕਰ ਰਹੇ ਹਨ। ਕੈਪਟਨ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਜੇਕਰ ਹਾਈਕਮਾਨ ਨੂੰ ਲੱਗਦਾ ਹੈ ਕਿ ਮੈਂ ਕੰਮ ਸਹੀ ਨਹੀਂ ਕੀਤਾ ਜਾਂ ਮੈਂ ਸਰਕਾਰ ਸਹੀ ਤਰ੍ਹਾਂ ਨਹੀਂ ਚਲਾ ਸਕਿਆ ਤਾਂ ਮੈਂ ਮੁੱਖ ਮੰਤਰੀ ਦਾ ਅਹੁਦਾ ਛੱਡ ਰਿਹਾ ਹਾਂ। ਜਿਸ ‘ਤੇ ਵੀ ਕਾਂਗਰਸ ਹਾਈਕਮਾਨ ਨੂੰ ਭਰੋਸਾ ਹੋਵੇ, ਉਹ ਉਸ ਨੂੰ ਮੁੱਖ ਮੰਤਰੀ ਬਣਾ ਦੇਵੇ। ਕੈਪਟਨ ਨੇ ਅੱਗੇ ਕਿਹਾ ਕਿ, “ਮੈਂ ਪਿੱਛੇ ਹਟਣ ਵਾਲਿਆਂ ਵਿਚੋਂ ਨਹੀਂ ਹਾਂ, ਮੈਂ ਵੀ ਫੌਜੀ ਹਾਂ। ਸਭ ਕੁੱਝ ਵਾਹਿਗੁਰੂ ਦੇ ਹੱਥ ਹੈ, ਉਸਨੇ ਹੀ ਸਭ ਕੁੱਝ ਕਰਾਉਣਾ ਹੈ।” ਇਸ ਦੇ ਨਾਲ ਹੀ ਕੈਪਟਨ ਨੇ ਕਿਹਾ ਕਿ ਤ੍ਰਿਪਤ ਬਾਜਵਾ ਨੂੰ ਜਾਂ ਤਾਂ ਸਿਆਸਤ ਨਹੀਂ ਆਉਂਦੀ ਜਾਂ ਉਹ ਝੂਠ ਬੋਲਦਾ ਹੈ। ਉਨ੍ਹਾਂ ਕਿਹਾ ਕਿ 13 ਸਾਲ ਅਕਾਲੀ ਦਲ ਕਰ ਕੇ ਮੇਰੇ ਖਿਲਾਫ਼ ਕੇਸ ਚਲਦੇ ਰਹੇ ਅਤੇ ਅਸੈਂਬਲੀ ਤੋਂ ਮੈਨੂੰ ਬਾਹਰ ਕੀਤਾ ਗਿਆ। ਜਦੋਂ ਅਕਾਲੀ ਦਲ ਨਾਲ ਮੇਰੀ ਦੁਸ਼ਮਣੀ ਹੈ ਤਾਂ ਮੈਂ ਉਨ੍ਹਾਂ ਨਾਲ ਸਾਂਝ ਕਿਵੇਂ ਪਾ ਸਕਦਾ ਹਾਂ। ਕੈਪਟਨ ਨੇ ਕਿਹਾ ਕਿ ੳੇੁਨ੍ਹਾਂ ਦੇ ਭਵਿੱਖ ਦੇ ਰਸਤੇ ਖੁਲ੍ਹੇ ਹਨ ਅਤੇ ਉਹ ਆਪਣੇ 52 ਸਾਲਾਂ ‘ਚ ਬਣਾਏ ਦੋਸਤਾਂ ਨਾਲ ਸਲਾਹ ਮਸ਼ਵਰਾ ਕਰ ਕੇ ਅੱਗੇ ਦੀ ਰਣਨੀਤੀ ਉਲੀਕਣਗੇ। ਇਸ ਦੌਰਾਨ ਕੈਪਟਨ ਨੇ ਸਾਫ਼ ਕੀਤਾ ਕਿ ਉਹਨ੍ਹਾਂ ਪਹਿਲਾਂ ਹੀ ਆਪਣੇ ਅਸਤੀਫ਼ੇ ਬਾਰੇ ਪਾਰਟੀ ਨੂੰ ਅਤੇ ਸੋਨੀਆ ਗਾਂਧੀ ਨੂੰ ਦੱਸ ਦਿੱਤਾ ਸੀ।