ਓਟਾਵਾ – ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਸਾਂਝੇ ਗਠਜੋੜ ਵਾਲੀ ਸਰਕਾਰ ਦੇ ਬਣਾਏ ਜਾਣ ਦੀ ਸੰਭਾਵਨਾ ਹੈ ਕਿਉਂਕਿ ਕੈਨੇਡਾ ਦੀਆਂ 44ਵੀਂਆਂ ਫੈਡਰਲ ਚੋਣਾਂ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਸਰਕਾਰ ਬਨਾਉਣ ਦੇ ਲਈ ਲੋੜੀਂਦਾ ਸਪੱਸ਼ਟ ਬਹੁਮਤ ਹਾਸਿਲ ਨਹੀਂ ਹੁੰਦਾ ਦਿਖਾਈ ਦੇ ਰਿਹਾ ਹੈ। ਕੈਨੇਡਾ ਵਿੱਚ ਮੱਧਵਰਤੀ ਫੈਡਰਲ ਚੋਣਾਂ ਲਈ ਵੋਟਿੰਗ ਤੋਂ ਮਗਰੋਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ। ਪਿਛਲੇ ਦੋ ਸਾਲਾਂ ਵਿਚ ਦੂਜੀ ਵਾਰ ਕੈਨੇਡਾ ਦੇ ਨਾਗਰਿਕ ਆਪਣੇ ਅਧਿਕਾਰ ਦੀ ਵਰਤੋਂ ਕਰ ਰਹੇ ਹਨ। ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਅਤੇ ਐਰਨ ਟੂਲ ਦੀ ਕੰਜ਼ਰਵੇਟਿਵ ਪਾਰਟੀ ਵਿੱਚ ਸਖ਼ਤ ਮੁਕਾਬਲਾ ਹੈ। ਜਸਟਿਨ ਟਰੂਡੋ ਸੱਤਾ ਵਿਚ ਰਹਿ ਸਕਦੇ ਹਨ ਪਰ ਉਨ੍ਹਾਂ ਦੀ ਪਾਰਟੀ ਬਹੁਮਤ ਤੋਂ ਦੂਰ ਹੈ।
ਕੰਜ਼ਰਵੇਟਿਵ ਪਾਰਟੀ ਨੇ ਇਸ ਵਾਰ ਲਿਬਰਲ ਪਾਰਟੀ ਨੂੰ ਸਖ਼ਤ ਟੱਕਰ ਦਿੱਤੀ ਹੈ, ਤੀਜੇ ਨੰਬਰ ‘ਤੇ ਬਲਾਕ ਕਿਊਬੈਕ ਪਾਰਟੀ ਹੈ ਜਦਕਿ ਜਗਮੀਤ ਸਿੰਘ ਦੀ ਅਗਵਾਈ ਵਾਲੀ ਐਨ ਡੀ ਪੀ ਚੌਥੇ ਨੰਬਰ ‘ਤੇ ਚੱਲ ਰਹੀ ਹੈ। ਕੈਨੇਡੀਅਨ ਵੋਟਰਾਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੋਮਵਾਰ ਦੀਆਂ ਸੰਸਦੀ ਚੋਣਾਂ ਵਿੱਚ ਜਿੱਤ ਦਿਵਾਈ ਪਰ ਉਹਨਾਂ ਦੀ ਪਾਰਟੀ ਬਹੁਤੀਆਂ ਸੀਟਾਂ ਜਿੱਤਣ ਦੇ ਵਿੱਚ ਅਸਫਲ ਰਹੀ ਹੈ। ਇਸ ਵੇਲੇ ਤਾਜ਼ਾ ਨਤੀਜਿਆਂ ਦੇ ਵਿੱਚ ਲਿਬਰਲ 158, ਕੰਜ਼ਰਵੇਟਿਵਜ਼ 119, ਬਲਾਕ ਕਿਊਬਕੋਇਸ 34, ਖੱਬੇ ਪੱਖੀ ਨਿਊ ਡੈਮੋਕ੍ਰੇਟਿਕ ਪਾਰਟੀ 25 ਅਤੇ ਗਰੀਨ 2 ਸੀਟਾਂ ‘ਤੇ ਅੱਗੇ ਹੈ। ਤਾਜ਼ਾ ਰੁਝਾਨਾਂ ਨੂੰ ਦੇਖਦਿਆਂ ਇਹ ਨਹੀਂ ਲੱਗ ਰਿਹਾ ਕਿ ਟਰੂਡੋ ਲੋੜੀਂਦਾ 170 ਸੀਟਾਂ ਦਾ ਬਹੁਮਤ ਹਾਸਲ ਕਰ ਸਕਣਗੇ।
ਜਸਟਿਨ ਟਰੂਡੋ ਨੇ ਮੱਧ ਅਗਸਤ ਵਿਚ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ ਸੀ। ਪੑਧਾਨ ਮੰਤਰੀ ਜਸਟਿਨ ਟਰੂਡੋ ਨੇ ਪਰਿਵਾਰ ਸਮੇਤ ਮਾਂਟ੍ਰੀਅਲ ਵਿੱਚ ਆਪਣੀ ਵੋਟ ਪਾਈ ਸੀ। ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਪੈਪੀਨਿਊ ਤੋਂ ਆਪਣੀ ਸੀਟ ਜਿੱਤ ਲਈ ਹੈ। ਟਵੀਟ ਕਰਕੇ ਉਨ੍ਹਾਂ ਨੇ ਪਾਰਟੀ ਵਰਕਰਾਂ ਦਾ ਧੰਨਵਾਦ ਵੀ ਕੀਤਾ ਹੈ। ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਰਹਿਣਗੇ ਪਰ ਰੁਝਾਨਾਂ ਮੁਤਾਬਕ ਉਨ੍ਹਾਂ ਦੀ ਪਾਰਟੀ ਇਸ ਵਾਰ ਵੀ ਬਹੁਮਤ ਹਾਸਿਲ ਨਹੀਂ ਕਰ ਸਕੀ। 49 ਸਾਲਾ ਟਰੂਡੋ ਨੇ ਆਪਣੇ ਪਿਤਾ, ਲਿਬਰਲ ਆਈਕਨ ਅਤੇ ਕੈਨੇਡਾ ਦੇ ਮਰਹੂਮ ਪ੍ਰਧਾਨ ਮੰਤਰੀ ਟਰੂਡੋ ਦੇ ਨਕਸ਼ੇ-ਕਦਮ ‘ਤੇ ਚੱਲਦਿਆਂ ਸਟਾਰ ਪਾਵਰ ਨੂੰ ਪ੍ਰਦਰਸ਼ਿਤ ਕੀਤਾ ਅਤੇ 2015 ਵਿੱਚ ਪਹਿਲੀ ਵਾਰ ਚੋਣ ਜਿੱਤਕੇ ਆਪਣੀ ਪਾਰਟੀ ਨੂੰ ਸਿਖਰ ‘ਤੇ ਲਿਆਂਦਾ।
ਕੰਜ਼ਰਵੇਟਿਵ ਪਾਰਟੀ ਦੇ ਐਰਿਨ ਟੂਲ ਆਪਣੀ ਸੀਟ ਜਿੱਤ ਗਏ ਨੇ ਪਰ ਫਿਲਹਾਲ ਉਨ੍ਹਾਂ ਦੀ ਪਾਰਟੀ ਬਹੁਮਤ ਹਾਸਿਲ ਨਹੀਂ ਕਰ ਸਕੀ। ਕੰਜ਼ਰਵੇਟਿਵ ਪਾਰਟੀ ਨੇ 119 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਹੈ।
ਨੈਸ਼ਨਲ ਡੈਮੋਕਰੇਟਿਕ ਪਾਰਟੀ ਦੀ ਅਗਵਾਈ ਭਾਰਤੀ ਮੂਲ ਦੇ ਜਗਮੀਤ ਸਿੰਘ ਕਰ ਰਹੇ ਹਨ ਜੋ ਬਨਰਬੀ ਹਲਕੇ ਤੋਂ ਆਪਣੀ ਚੋਣ ਮੁੜ ਜਿੱਤ ਗਏ ਹਨ। ਜਗਮੀਤ ਸਿੰਘ ਉਹਨਾਂ ਦੀ ਪਾਰਟੀ ਇਨ੍ਹਾਂ ਚੋਣਾਂ ਵਿੱਚ ਸਰਕਾਰ ਬਣਾਉਣ ਲਈ ਇਕ ਅਹਿਮ ਭੂਮਿਕਾ ਵੀ ਨਿਭਾਅ ਸਕਦੀ ਹੈ। 2017 ਵਿਚ ਜਗਮੀਤ ਸਿੰਘ ਕੈਨੇਡਾ ਦੇ ਇਤਿਹਾਸ ਵਿਚ ਪਹਿਲੇ ਅਜਿਹੇ ਅਸ਼ਵੇਤ ਵਿਅਕਤੀ ਸਨ ਜੋ ਪਾਰਟੀ ਦੇ ਨੇਤਾ ਬਣੇ ਸਨ। ਉਨ੍ਹਾਂ ਦੀ ਪਾਰਟੀ 27 ਸੀਟਾਂ ਜਿੱਤ ਸਕਦੀ ਹੈ। 2019 ਦੀਆ ਚੋਣਾਂ ਵਿਚ ਉਨ੍ਹਾਂ ਦੀ ਪਾਰਟੀ ਨੇ 24 ਸੀਟਾਂ ਜਿੱਤੀਆਂ ਸਨ।
ਜ਼ਿਕਰਯੋਗ ਹੈ ਕਿ ਕੈਨੇਡਾ ਵਿਚ ਵੱਡੀ ਗਿਣਤੀ ਵਿੱਚ ਭਾਰਤੀ ਮੂਲ ਦੇ ਲੋਕ ਵੀ ਰਹਿੰਦੇ ਹਨ ਜਿਨ੍ਹਾਂ ਵਿੱਚ ਪੰਜਾਬੀ ਵੀ ਸ਼ਾਮਿਲ ਹਨ। ਇਨ੍ਹਾਂ ਚੋਣਾਂ ਵਿਚ 40 ਤੋਂ ਵੱਧ ਉਮੀਦਵਾਰ ਭਾਰਤੀ ਮੂਲ ਦੇ ਸਨ। ਕੈਨੇਡਾ ਦੀ ਮੌਜੂਦਾ ਸਰਕਾਰ ਵਿੱਚ ਕਈ ਅਜਿਹੇ ਨਾਗਰਿਕ ਜਿਨ੍ਹਾਂ ਵਿੱਚ ਹਰਜੀਤ ਸੱਜਣ, ਬਰਦੀਸ਼ ਚੱਗਰ ਆਦਿ ਕੈਬਿਨੇਟ ਦਾ ਹਿੱਸਾ ਹਨ।
ਵਰਨਣਯੋਗ ਹੈ ਕਿ 2019 ਦੀਆਂ ਚੋਣਾਂ ਵਿੱਚ ਵੀ ਕੋਈ ਪਾਰਟੀ ਬਹੁਮਤ ਹਾਸਿਲ ਨਹੀਂ ਕਰ ਸਕੀ ਸੀ। ਕੈਨੇਡਾ ਦੀ ਸੰਸਦ ਵਿੱਚ ਕੁੱਲ 338 ਸੀਟਾਂ ਹਨ ਅਤੇ ਬਹੁਮਤ ਲਈ 170 ਸੀਟਾਂ ਜਿੱਤਣ ਦੀ ਜ਼ਰੂਰਤ ਪੈਂਦੀ ਹੈ। ਪਿਛਲੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ 155 ਸੀਟਾਂ ਜਿੱਤੀਆਂ ਸਨ। ਜਦਕਿ ਕੰਜ਼ਰਵੇਟਿਵ ਪਾਰਟੀ ਨੇ 119 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਸੀ। ਨਿਊ ਡੈਮੋਕ੍ਰੈਟਿਕ ਪਾਰਟੀ ਨੇ ਜਿਸ ਦੇ ਨੇਤਾ ਜਗਮੀਤ ਸਿੰਘ ਹਨ ਨੇ 24 ਸੀਟਾਂ ਜਿੱਤੀਆਂ ਸਨ ਅਤੇ ਲਿਬਰਲ ਪਾਰਟੀ ਨੂੰ ਸਮਰਥਨ ਦੇ ਕੇ ਸਰਕਾਰ ਬਣਾਉਣ ਵਿੱਚ ਸਹਾਇਤਾ ਕੀਤੀ ਸੀ। ਬਲਾਕ ਕਿਊਬੈਕੋਇਸ ਨੇ 32 ਸੀਟਾਂ ’ਤੇ ਜਿੱਤ ਹਾਸਿਲ ਕੀਤੀ ਸੀ ਜਦ ਕਿ ਗ੍ਰੀਨ ਪਾਰਟੀ ਕੋਲ ਦੋ ਸਾਂਸਦ ਹਨ। 5 ਆਜ਼ਾਦ ਉਮੀਦਵਾਰਾਂ ਨੇ ਵੀ ਸੰਸਦ ਵਿੱਚ ਆਪਣੀ ਜਗ੍ਹਾ ਬਣਾਈ ਸੀ।