ਸੰਯੁਕਤ ਰਾਸ਼ਟਰ – ਅਫ਼ਗਾਨਿਸਤਾਨ ਦੀ ਸੱਤਾ ‘ਤੇ ਕਾਬਜ਼ ਹੋਣ ਵਾਲਾ ਤਾਲਿਬਾਨ ਮਾਨਤਾ ਹਾਸਲ ਕਰਨ ਦੀ ਕੋਸ਼ਿਸ਼ ‘ਚ ਵਿਸ਼ਵ ਮੰਚ ਤਲਾਸ਼ ਰਿਹਾ ਹੈ। ਇਸ ਕਵਾਇਦ ‘ਚ ਉਹ ਸੰਯੁਕਤ ਰਾਸ਼ਟਰ ਮਹਾਸਭਾ (ਯੂਐੱਨਜੀਏ) ਦੇ 76ਵੇਂ ਸੈਸ਼ਨ ‘ਚ ਹਿੱਸਾ ਲੈਣਾ ਚਾਹੁੰਦਾ ਹੈ। ਇਸ ਲਈ ਉਸਨੇ ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਤੇਰਸ ਨੂੰ ਪੱਤਰ ਲਿਖਿਆ ਹੈ। ਤਾਲਿਬਾਨ ਨੇ ਆਪਣੇ ਬੁਲਾਰੇ ਸੁਹੈਲ ਸ਼ਾਹੀਨ ਨੂੰ ਸੰਯੁਕਤ ਰਾਸ਼ਟਰ ਲਈ ਅਫ਼ਗਾਨਿਸਤਾਨ ਦਾ ਨਵਾਂ ਦੂਤ ਨਿਯੁਕਤ ਕੀਤਾ ਹੈ। ਹਾਲਾਂਕਿ ਇਸ ਨਿਯੁਕਤੀ ਨਾਲ ਤਾਲਿਬਾਨ ਤੇ ਸਾਬਕਾ ਗਨੀ ਸਰਕਾਰ ਦੇ ਦੂਤ ਗ੍ਰਾਮ ਇਸਾਕਜਈ ਵਿਚਾਲੇ ਤਣਾਅ ਵੱਧ ਸਕਦਾ ਹੈ। ਇਸਾਕਜਈ ਨੇ ਹਾਲੇ ਤਕ ਇਹ ਅਹੁਦਾ ਛੱਡਿਆ ਨਹੀਂ ਹੈ।
ਮਹਾਸਭਾ ਦਾ 76ਵਾਂ ਸੈਸ਼ਨ 21 ਤੋਂ 27 ਸਤੰਬਰ ਤਕ ਚੱਲੇਗਾ। ਯੂਐੱਨ ਦੇ ਸਕੱਤਰ ਜਨਰਲ ਗੁਤਰਸ ਨੂੰ ਸੈਸ਼ਨ ਦੀ ਸ਼ੁਰੂਆਤ ਤੋਂ ਇਕ ਦਿਨ ਪਹਿਲਾਂ ਤਾਲਿਬਾਨ ਦਾ ਪੱਤਰ ਮਿਲਿਆ। ਇਸ ਪੱਤਰ ‘ਤੇ ਤਾਲਿਬਾਨ ਸਰਕਰਾ ਦੇ ਵਿਦੇਸ਼ ਮੰਤਰੀ ਆਮਿਰ ਖਾਨ ਮੁੱਤਾਕੀ ਦੇ ਦਸਤਖ਼ਤ ਹਨ। ਪੱਤਰ ਜ਼ਰੀਏ ਤਾਲਿਬਾਨ ਨੇ ਮਹਾਸਭਾ ਦੇ ਮੌਜੂਦਾ ਸੈਸ਼ਨ ‘ਚ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਗੁਤਰਸ ਦੇ ਉਪ ਬੁਲਾਰੇ ਅਸ਼ਰਫ ਗਨੀ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। ਇਸ ਲਈ ਇਸਾਕਜਈ ਸੰਯੁਕਤ ਰਾਸ਼ਟਰ ‘ਚ ਅਫ਼ਗਾਨਿਸਤਾਨ ਦੇ ਨੁਮਾਇੰਦੇ ਨਹੀਂ ਰਹਿ ਗਏ। ਪੱਤਰ ਮੁਤਾਬਕ, ਸੰਯੁਕਤ ਰਾਸ਼ਟਰ ਲਈ ਮੁਹੰਮਦ ਸੁਹੈਲ ਸ਼ਾਹੀਨ ਨੂੰ ਸਥਾਈ ਨੁਮਾਇੰਦਾ ਨਾਮਜ਼ਦ ਕੀਤਾ ਗਿਆ ਹੈ।ਦੱਸਣਯੋਗ ਹੈ ਕਿ 15 ਅਗਸਤ ਨੂੰ ਕਾਬੁਲ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ ਗਨੀ ਦੇਸ਼ ਛੱਡ ਕੇ ਚਲੇ ਗਏ ਸਨ। ਉਨ੍ਹਾਂ ਜੂਨ ‘ਚ ਇਸਾਕਜਈ ਨੂੰ ਸੰਯੁਕਤ ਰਾਸ਼ਟਰ ਲਈ ਅਫ਼ਗਾਨਿਸਤਾਨ ਦਾ ਦੂਤ ਨਿਯੁਕਤ ਕੀਤਾ ਸੀ।