ਨਵੀਂ ਦਿੱਲੀ – ਰਾਜਧਾਨੀ ਦਿੱਲੀ ‘ਚ ਸ਼ਰਾਬ ਤੇ ਬੀਅਰ ਪੀਣ ਵਾਲਿਆਂ ਨੂੰ 1 ਅਕਤੂਬਰ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬਾ ਸਰਕਾਰ ਦੀ ਨਵੀਂ ਆਬਕਾਰੀ ਨੀਤੀ ਦੇ ਤਹਿਤ 1 ਅਕਤੂਬਰ ਤੋਂ ਪ੍ਰਾਈਵੇਟ ਸ਼ਰਾਬ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਇਸ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ 17 ਨਵੰਬਰ ਤੋਂ ਦਿੱਲੀ ‘ਚ ਸ਼ਰਾਬ ਦੀ ਵਿਕਰੀ ਦੁਬਾਰਾ ਸ਼ੁਰੂ ਹੋ ਜਾਵੇਗੀ।ਕੇਜਰੀਵਾਲ ਸਰਕਾਰ ਦੇ ਆਦੇਸ਼ਾਂ ਅਨੁਸਾਰ ਪ੍ਰਾਈਵੇਟ ਸ਼ਰਾਬ ਦੀਆਂ ਦੁਕਾਨਾਂ 1 ਅਕਤੂਬਰ ਤੋਂ 16 ਨਵੰਬਰ ਤਕ ਬੰਦ ਰਹਿਣਗੀਆਂ ਤਾਂ ਜੋ ਨਵੀਂ ਆਬਕਾਰੀ ਪ੍ਰਣਾਲੀ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਸਕੇ। ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਪ੍ਰਾਈਵੇਟ ਸ਼ਰਾਬ ਦੀਆਂ ਦੁਕਾਨਾਂ ਹੁਣ ਸ਼ਰਾਬ ਦੇ ਨਵੇਂ ਸਟਾਕ ਦੀ ਮੰਗ ਨਹੀਂ ਕਰ ਰਹੀਆਂ ਹਨ। ਬਾਕੀ ਸਟਾਕ ਵੀ ਤੇਜ਼ੀ ਨਾਲ ਖਤਮ ਹੋ ਰਿਹਾ ਹੈ। ਦਿੱਲੀ ਦੇ ਮਯੂਰ ਵਿਹਾਰ ਫ਼ੇਜ਼-1 ਦੇ ਡੀਐੱਲਐੱਫ ਗਲੇਰੀਆ ਮਾਲ ‘ਚ 13 ਪ੍ਰਾਈਵੇਟ ਸ਼ਰਾਬ ਦੀਆਂ ਦੁਕਾਨਾਂ ਹਨ, ਜਿਨ੍ਹਾਂ ਕੋਲ ਐਲ-10 ਲਾਇਸੈਂਸ ਹਨ ਪਰ ਉਨ੍ਹਾਂ ਦੇ ਲਾਇਸੈਂਸ ਦਾ ਨਵੀਨੀਕਰਨ ਨਹੀਂ ਹੋ ਸਕਿਆ ਤੇ ਇਹ ਸਾਰੀਆਂ ਦੁਕਾਨਾਂ 30 ਸਤੰਬਰ ਤੋਂ ਬਾਅਦ ਬੰਦ ਹੋ ਜਾਣਗੀਆਂ। ਇਨ੍ਹਾਂ ਦੁਕਾਨਾਂ ‘ਚੋਂ ਇਕ ‘ਚ ਅਕਾਊਂਟੈਂਟ ਦੇ ਕੰਮ ਦੀ ਦੇਖਭਾਲ ਕਰਨ ਵਾਲੇ ਕਰੁਣ ਸਕਸੈਨਾ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, “ਅਸੀਂ ਆਮ ਦੁਕਾਨ ਦੇ ਮਾਲਕ ਹਾਂ, ਸਾਡੇ ਕੋਲ ਲਾਇਸੈਂਸ ਨਵਿਆਉਣ ਲਈ ਇੰਨੇ ਪੈਸੇ ਨਹੀਂ ਹਨ।’ ਇਸ ਨਾਲ ਹੀ ਦਿੱਲੀ ਹਾਈਕੋਰਟ ਨੇ ਪ੍ਰਚੂਨ ਸ਼ਰਾਬ ਵੇਚਣ ਵਾਲਿਆਂ ਦੀਆਂ ਦੋ ਪਟੀਸ਼ਨਾਂ ‘ਤੇ ਦਿੱਲੀ ਸਰਕਾਰ ਤੋਂ ਜਵਾਬ ਮੰਗਿਆ ਹੈ, ਜਿਸ ‘ਚ ਉਨ੍ਹਾਂ ਨੇ ਦਿੱਲੀ ਆਬਕਾਰੀ ਐਕਟ ਦੀਆਂ ਵਿਵਸਥਾਵਾਂ ਦੇ ਅਧੀਨ ਹੋਰ ਸ਼੍ਰੇਣੀਆਂ ਦੀ ਤਰ੍ਹਾਂ ਵਿਸ਼ੇਸ਼ ਸ਼੍ਰੇਣੀਆਂ ‘ਚ ਨਵੰਬਰ ਤਕ ਆਪਣੇ ਲਾਇਸੈਂਸ ਵਧਾਉਣ ਦੀ ਮੰਗ ਕੀਤੀ ਹੈ। ਦਿੱਲੀ ਹਾਈ ਕੋਰਟ ਨੇ ਪਟੀਸ਼ਨਾਂ ਨੂੰ ਅਗਲੀ ਸੁਣਵਾਈ ਲਈ 24 ਸਤੰਬਰ ਨੂੰ ਸੂਚੀਬੱਧ ਕੀਤਾ ਹੈ, ਜਦੋਂ ਟੈਂਡਰ ਪ੍ਰਕਿਰਿਆ ਅਤੇ ਨਵੀਂ ਆਬਕਾਰੀ ਨੀਤੀ ਨੂੰ ਚੁਣੌਤੀ ਦੇਣ ਵਾਲੇ ਹੋਰ ਮਾਮਲੇ ਸੁਣਵਾਈ ਲਈ ਆਉਣਗੇ।