ਲੁਧਿਆਣਾ – ਥਾਣਾ ਮੋਤੀ ਨਗਰ ਦੀ ਪੁਲਿਸ ਨੇ ਇਕ ਅਜਿਹੇ ਤਿੰਨ ਮੈਂਬਰੀ ਗਿਰੋਹ ਨੂੰ ਕਾਬੂ ਕੀਤਾ ਹੈ ਜੋ ਲੁਧਿਆਣਾ ਦੇ ਇੱਕ ਟਾਇਲਾਂ ਦੇ ਕਾਰੋਬਾਰੀ ਨੂੰ ਗੋਲੀ ਮਾਰ ਦੇਣ ਦੀ ਧਮਕੀ ਦੇ ਕੇ 10 ਲੱਖ ਰੁਪਏ ਦੀ ਫਿਰੌਤੀ ਮੰਗ ਰਹੇ ਸਨ । ਦਰਅਸਲ ਮੁਲਜ਼ਮਾਂ ਨੇ ਪਹਿਲਾਂ ਕਾਰੋਬਾਰੀ ਨੂੰ ਨਿਸ਼ਾਨਾ ਬਣਾ ਕੇ ਪਿਸਤੌਲ ਦੀ ਨੋਕ ਤੇ ਉਸ ਕੋਲੋਂ 80 ਹਜ਼ਾਰ ਰੁਪਏ ਲੁੱਟੇ ਸਨ । ਕਾਰੋਬਾਰੀ ਕੋਲ ਨਕਦੀ ਪਈ ਹੋਣ ਦਾ ਪਤਾ ਲੱਗਦੇ ਹੀ ਮੁਲਜ਼ਮਾਂ ਨੇ ਫੋਨ ਕਾਲ ਦੇ ਜ਼ਰੀਏ ਉਸ ਨੂੰ ਧਮਕੀ ਦੇ ਕੇ ਫਿਰੌਤੀ ਦੀ ਮੰਗ ਕੀਤੀ। ਇਸ ਮਾਮਲੇ ਵਿਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਗੁਰਮੀਤ ਨਗਰ ਗਿਆਸਪੁਰਾ ਦੇ ਵਾਸੀ ਮੁਲਜ਼ਮ ਅਮਨਦੀਪ ਵਰਮਾ ਉਰਫ ਲੱਕੀ, ਪੰਕਜ ਯਾਦਵ ਅਤੇ ਗੁਰੂ ਅਮਰਦਾਸ ਕਾਲੋਨੀ ਗਿਆਸਪੁਰਾ ਦੇ ਵਾਸੀ ਉਦੇ ਪ੍ਰਤਾਪ ਨੂੰ ਗ੍ਰਿਫਤਾਰ ਕਰ ਲਿਆ ਹੈ।ਪੱਤਰਕਾਰ ਸੰਮੇਲਨ ਦੇ ਦੌਰਾਨ ਜਾਣਕਾਰੀ ਦਿੰਦਿਆਂ ਜੇਸੀਪੀ ਸਚਿਨ ਗੁਪਤਾ ਨੇ ਦੱਸਿਆ ਕਿ ਸ਼ੇਰਪੁਰ ਕਲਾਂ ਦੇ ਵਾਸੀ ਕਾਰੋਬਾਰੀ ਰਾਕੇਸ਼ ਕੁਮਾਰ ਨੇ ਪੁਲਿਸਵ ਨੂੰ ਸ਼ਿਕਾਇਤ ਦਿੱਤੀ ਕਿ ਇਕ ਅਣਪਛਾਤੇ ਨੰਬਰ ਤੋਂ ਉਨ੍ਹਾਂ ਨੂੰ ਦੱਸ ਲੱਖ ਰੁਪਏ ਦੀ ਫਿਰੌਤੀ ਦੀ ਕਾਲ ਆਈ ਹੈ । ਰਕਮ ਨਾ ਦੇਣ ਦੀ ਸੂਰਤ ਵਿੱਚ ਮੁਲਜ਼ਮਾਂ ਨੇ ਉਨ੍ਹਾਂ ਨੂੰ ਗੋਲੀ ਮਾਰ ਦੇਣ ਦੀ ਗੱਲ ਆਖੀ ਹੈ । ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਏਐੱਸਆਈ ਅਨਿਲ ਕੁਮਾਰ ਨੇ ਨਾਕਾਬੰਦੀ ਕਰ ਕੇ ਏਵੀਏਟਰ ਸਕੂਟਰ ਸਵਾਰ ਮੁਲਜ਼ਮ ਅਮਨਦੀਪ ਵਰਮਾ ਉਰਫ ਲੱਕੀ, ਪੰਕਜ ਯਾਦਵ ਅਤੇ ਉਦੈ ਪ੍ਰਤਾਪ ਨੂੰ ਗ੍ਰਿਫ਼ਤਾਰ ਕੀਤਾ। ਤਲਾਸ਼ੀ ਦੇ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ‘ਚੋਂ 32 ਬੋਰ ਦੀ ਰਿਵਾਲਵਰ ,ਦੋ ਜਿੰਦਾ ਕਾਰਤੂਸ ਅਤੇ ਦੋ ਦਾਤਰ ਬਰਾਮਦ ਕੀਤੇ । ਪੁਲਿਸ ਪਾਰਟੀ ਨੇ ਜਦ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮਾਂ ਨੇ 28 ਅਗਸਤ ਨੂੰ ਕਾਰੋਬਾਰੀ ਰਾਕੇਸ਼ ਕੁਮਾਰ ਕੋਲੋਂ ਪਿਸਤੌਲ ਦੀ ਨੋਕ ‘ਤੇ 80 ਹਜ਼ਾਰ ਰੁਪਏ ਲੁੱਟੇ ਸਨ। ਰਾਕੇਸ਼ ਕੋਲੋਂ ਹੋਰ ਪੈਸੇ ਲੈਣ ਦੇ ਚੱਕਰ ਵਿਚ ਮੁਲਜ਼ਮਾਂ ਨੇ ਇਕ ਵਿਅਕਤੀ ਕੋਲੋਂ ਮੋਬਾਈਲ ਫੋਨ ਝਪਟ ਲਿਆ ਅਤੇ ਉਸ ਨੰਬਰ ਦੇ ਜ਼ਰੀਏ ਰਾਕੇਸ਼ ਕੁਮਾਰ ਕੋਲੋਂ ਦੱਸ ਲੱਖ ਰੁਪਏ ਦੀ ਫਿਰੌਤੀ ਮੰਗੀ ।
previous post