ਨਵੀਂ ਦਿੱਲੀ – ਲਖੀਮਪੁਰ ਖੀਰੀ ਮਾਮਲੇ ‘ਚ ਕਾਂਗਰਸ ਪੂਰੀ ਤਰ੍ਹਾਂ ਨਾਲ ਸਰਕਾਰ ‘ਤੇ ਹਮਲਾਵਾਰ ਹੈ। ਮਾਮਲੇ ਨੂੰ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਲਖੀਮਪੁਰ ਦਾ ਦੌਰਾ ਵੀ ਕਰ ਚੁੱਕੇ ਹਨ। ਹੁਣ ਰਾਹੁਲ ਗਾਂਧੀ ਦੀ ਅਗਵਾਈ ‘ਚ ਕਾਂਗਰਸ ਦਾ ਸੱਤ ਮੈਂਬਰੀ ਦਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮਿਲੇਗਾ। ਇਸ ਲਈ ਕਾਂਗਰਸ ਨੇ ਸਮਾਂ ਮੰਗਿਆ ਹੈ। ਰਿਪੋਰਟ ਮੁਤਾਬਕ ਕਾਂਗਰਸੀ ਆਗੂ ਰਾਸ਼ਟਰਪਤੀ ਨਾਲ ਮਿਲ ਕੇ ਲਖੀਮਪੁਰ ਖੀਰੀ ਕਾਂਡ ਨਾਲ ਜੁੜੇ ਤੱਥਾਂ ਨੂੰ ਉਨ੍ਹਾਂ ਦੇ ਸਾਹਮਣੇ ਰੱਖਣਾ ਚਾਹੁੰਦਾ ਹੈ। ਇਸ ਨੂੰ ਲੈ ਕੇ ਕਾਂਗਰਸ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਹੈ। ਇਸ ਦਲ ‘ਚ ਰਾਹੁਲ ਗਾਂਧੀ ਤੋਂ ਇਲਾਵਾ ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ, ਏਕੇ ਐਂਟੋਨੀ, ਮਲਿਕਾਜੁਨ ਖੜਗੇ, ਗੁਲਾਮ ਨਬੀ ਆਜ਼ਾਦ, ਕੇਸੀ ਵੇਣੂਗੋਪਾਲ ਤੇ ਅਧੀਰ ਰੰਜਨ ਚੌਧਰੀ ਸ਼ਾਮਲ ਰਹਿਣਗੇ। ਜ਼ਿਕਰਯੋਗ ਹੈ ਕਿ ਲਖੀਮਪੁਰ ਮਾਮਲੇ ਦੇ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਨੂੰ ਪੁਲਿਸ ਨੇ ਆਖਿਰਕਾਰ ਸ਼ਨੀਵਾਰ ਰਾਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੂੰ ਦੋ ਵਾਰ ਨੋਟਿਸ ਭੇਜੇ ਜਾਣ ਤੋਂ ਬਾਅਦ ਉਹ ਸ਼ਨੀਵਾਰ ਨੂੰ ਕ੍ਰਾਈਮ ਬ੍ਰਾਂਚ ਦੇ ਸਾਹਮਣੇ ਪੇਸ਼ ਹੋਏ ਸੀ। ਸੂਤਰਾਂ ਮੁਤਾਬਕ ਪੁਲਿਸ ਤੇ ਉੱਚ ਅਧਿਕਾਰੀ ਆਸ਼ੀਸ਼ ਮਿਸ਼ਰਾ ਦੀਆਂ ਦਲੀਲਾਂ ਤੋਂ ਸੰਤੁਸ਼ਟ ਨਹੀਂ ਦਿਖੇ ਤੇ ਉਹ ਇਹ ਸਾਬਤ ਨਹੀਂ ਕਰ ਪਾਏ ਕਿ ਘਟਨਾ ਸਮੇਂ ਆਖਰ ਉਹ ਕਿੱਥੇ ਸੀ।
previous post
next post