ਲਖਨਊ – ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਹੋਈ ਹਿੰਸਾ ਦੀ ਜਾਂਚ ਕਰ ਰਹੀ ਐੱਸਆੲਟੀ ਨੇ ਸ਼ੱਕੀਆਂ ਦੀ ਗ੍ਰਿਫ਼ਤਾਰੀ ਲਈ ਯਤਨ ਤੇਜ਼ ਕਰ ਦਿੱਤੇ ਹਨ। ਮੰਗਲਵਾਰ ਨੂੰ ਐੱਸਆਈਟੀ ਨੇ ਘਟਨਾ ’ਚ ਸ਼ਾਮਲ ਕੁਝ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਐੱਸਆਈਟੀ ਨੇ ਲੋਕਾਂ ਨੂੰ ਇਨ੍ਹਾਂ ਸ਼ੱਕੀਆਂ ਬਾਰੇ ਸੂਚਨਾ ਦੇਣ ਦੀ ਵੀ ਅਪੀਲ ਕੀਤੀ ਹੈ। ਸੂਚਨਾ ਦੇਣ ਵਾਲੇ ਲੋਕਾਂ ਨੂੰ ਉੱਚਿਤ ਇਨਾਮ ਦਿੱਤਾ ਜਾਵੇਗਾ। ਤਿੰਨ ਅਕਤੂਬਰ ਨੂੰ ਹੋਈ ਇਸ ਹਿੰਸਾ ’ਚ ਚਾਰ ਕਿਸਾਨਾਂ ਸਮੇਤ ਅੱਠ ਜਣਿਆਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰਾ ਦੇ ਬੇਟੇ ਆਸ਼ੀਸ਼ ਸਮੇਤ ਕਈ ਮੁਲਜ਼ਮਾਂ ਨੂੰ ਪੁਲਿਸ ਗ੍ਰਿਫ਼ਤਾਰ ਕਰ ਚੁੱਕੀ ਹੈ। ਲਖੀਮਪੁਰ ਖੀਰੀ ਦੇ ਤਿਕੁਨੀਆ ’ਚ ਖੇਤੀ ਕਾਨੂੰਨਾਂ ਵਿਰੋਧੀ ਅੰਦੋਲਨ ਦੌਰਾਨ ਹੋਈ ਹਿੰਸਾ ’ਚ ਅੱਠ ਲੋਕਾਂ ਦੀਆਂ ਮੌਤਾਂ ਦਾ ਮਾਮਲਾ ਭਾਵੇਂ ਅਜੇ ਪੂਰੀ ਤਰ੍ਹਾਂ ਨਹੀਂ ਸੁਲਝਿਆ ਹੈ, ਪਰ ਇਸ ਮਾਮਲੇ ’ਚ ਐੱਸਆਈਟੀ ਤੇਜ਼ੀ ਨਾਲ ਜਾਂਚ ਅੱਗੇ ਵਧਾ ਰਹੀ ਹੈ। ਇਸ ਮਾਮਲੇ ’ਚ ਦਰਜ ਦੋ ਵੱਖ-ਵੱਖ ਮੁਕੱਦਮਿਆਂ ’ਚ ਪਹਿਲਾਂ ਕਿਸਾਨਾਂ ਵੱਲੋਂ ਦਰਜ ਮੁਕੱਦਮੇ ਦੀ ਤੇਜ਼ੀ ਨਾਲ ਜਾਂਚ ਸ਼ੁਰੂ ਹੋਈ ਸੀ, ਜਿਸ ’ਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਕੁਮਾਰ ਮਿਸ਼ਰ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰ ਮੋਨੂੰ ਸਮੇਤ ਕੁੱਲ 10 ਮੁਲਜ਼ਮਾਂ ਦੀ ਹੁਣ ਤਕ ਗ੍ਰਿਫ਼ਤਾਰੀ ਹੋ ਚੁੱਕੀ ਹੈ। ਹੁਣ ਬੀਤੇ ਦੋ ਦਿਨਾਂ ਤੋਂ ਇਸ ਮਾਮਲੇ ’ਚ ਦਰਜ ਦੂਜੇ ਮੁਕੱਦਮੇ, ਜੋ ਭਾਜਪਾ ਵਰਕਰਾਂ ਦੀ ਮੌਤ ਨਾਲ ਸਬੰਧਿਤ ਹੈ, ਉਸ ਦੀ ਵੀ ਜਾਂਚ ਤੇਜ਼ ਹੋ ਗਈ ਹੈ। ਸੋਮਵਾਰ ਨੂੰ ਐੱਸਆਈਟੀ ਨੇ ਮਾਮਲੇ ’ਚ 10 ਲੋਕਾਂ ਨੂੰ ਬੁਲਾ ਕਾ ਉਨ੍ਹਾਂ ਤੋਂ ਪੁੱਛਗਿੱਛ ਕਰਦੇ ਹੋਏ ਬਿਆਨ ਦਰਜ ਕੀਤੇ ਸਨ। ਹੁਣ ਮੰਗਲਵਾਰ ਨੂੰ ਐੱਸਆਈਟੀ ਨੇ ਇੰਟਰਨੈੱਟ ਮੀਡੀਆ ’ਤੇ ਛੇ ਲੋਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਹ ਸਾਰੀਆਂ ਤਸਵੀਰਾਂ ਤਿਕੁਨੀਆ ’ਚ ਬੀਤੀ ਤਿੰਨ ਅਕਤੂਬਰ ਨੂੰ ਹੋਈ ਹਿੰਸਾ ਦੌਰਾਨ ਦੀਆਂ ਹਨ। ਐੱਸਆਈਟੀ ਦਾ ਕਹਿਣਾ ਹੈ ਕਿ ਇਨ੍ਹਾਂ ਤਸਵੀਰਾਂ ’ਚ ਉਹ ਸ਼ੱਕੀ ਹਨ, ਜੋ ਘਟਨਾ ’ਚ ਸ਼ਾਮਲ ਸਨ। ਤਸਵੀਰਾਂ ਦੇ ਨਾਲ ਐੱਸਆਈਟੀ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਫੋਟੋ ਦੇਖ ਕੇ ਸ਼ੱਕੀਆਂ ਦੀ ਪਛਾਣ ਕਰ ਕੇ ਉਨ੍ਹਾਂ ਦਾ ਨਾਂ, ਪਤਾ ਦੱਸਣ। ਅਜਿਹਾ ਕਰਨ ਵਾਲਿਆਂ ਦੀ ਨਾ ਸਿਰਫ਼ ਪਛਾਣ ਗੁਪਤ ਰੱਖੀ ਜਾਵੇਗੀ, ਸਗੋਂ ਉਨ੍ਹਾਂ ਨੂੰ ਇਨਾਮ ਵੀ ਦਿੱਤਾ ਜਾਵੇਗਾ।