ਇਸਲਾਮਾਬਾਦ – ਆਰਥਿਕ ਤੰਗੀ ਤੋਂ ਬਦਹਾਲ ਪਾਕਿਸਤਾਨ ਵਰਲਡ ਜਸਟਿਸ ਪ੍ਰਾਜੈਕਟ ਦੇ ਰੂਲ ਆਫ਼ ਲਾਅ ਇੰਡੈਕਸ 2021 ਦੀ ਰੈਂਕਿੰਗ ’ਚ 139 ਦੇਸ਼ਾਂ ’ਚ 130ਵੇਂ ਸਥਾਨ ’ਤੇ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਅੱਤਵਾਦੀਆਂ ਦੇ ਮਾਸਟਰ ਦੇਸ਼ ’ਚ ਕਾਨੂੰਨ ਦੀ ਕੀ ਸਥਿਤੀ ਹੈ। ਦਿ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਿਕ, ਸਕੋਰ ਜ਼ੀਰੋ ਤੋਂ ਇਕ ਦੇ ਵਿਚਾਲੇ ਸੀ, ਜਿਸ ’ਚ ਇਕ ਕਾਨੂੰਨ ਦੇ ਸ਼ਾਸਨ ਦਾ ਸਭ ਤੋਂ ਮਜ਼ਬੂਤ ਪਾਲਣ ਦਰਸਾਉਂਦਾ ਹੈ। ਪਾਕਿਸਤਾਨ ਨੇ 0.39 ਦਾ ਖਰਾਬ ਸਕੋਰ ਹਾਸਲ ਕੀਤਾ ਹੈ। ਦੱਖਣੀ ਏਸ਼ੀਆ ’ਚ ਪਾਕਿਸਤਾਨ ਤੋਂ ਹੇਠਾਂ ਅਫ਼ਗਾਨਿਸਤਾਨ ਹੈ। ਕਾਨੂੰਨ ਦੇ ਸ਼ਾਸਨ ਦੀ ਸ਼੍ਰੇਣੀ ’ਚ ਨੇਪਾਲ, ਸ਼੍ਰੀਲੰਕਾ, ਭਾਰਤ ਤੇ ਬੰਗਲਾਦੇਸ਼ ਦਾ ਪ੍ਰਦਰਸ਼ਨ ਪਾਕਿਸਤਾਨ ਤੋਂ ਬੇਹਤਰ ਰਿਹਾ। ਰਿਪੋਰਟ ’ਚ ਜ਼ਿਕਰ ਕੀਤਾ ਗਿਆ ਹੈ ਕਿ ਪਾਕਿਸਤਾਨ ਭ੍ਰਿਸ਼ਟਾਚਾਰ, ਮੌਲਿਕ ਅਧਿਕਾਰਾਂ, ਵਿਵਸਥਾ ਤੇ ਸੁਰੱਖਿਆ ਤੇ ਰੈਗੂਲੇਟਰੀ ਲਾਗੂ ਕਰਨ ਦੇ ਮਾਮਲਿਆਂ ’ਚ ਖੇਤਰੀ ਦੇਸ਼ਾਂ ’ਚ ਸਭ ਤੋਂ ਖਰਾਬ ਸਥਿਤੀ ’ਚ ਹੈ। ਜਿੱਥੇ ਤਕ ਅਪਰਾਧਿਕ ਨਿਆਂ ਪ੍ਰਣਾਲੀ, ਨਾਗਰਿਕ ਨਿਆਂ, ਖੁੱਲ੍ਹੀ ਸਰਕਾਰ ਤੇ ਸਰਕਾਰੀ ਸ਼ਕਤੀਆਂ ’ਤੇ ਰੁਕਾਵਟਾਂ ਦਾ ਸਵਾਲ ਹੈ ਤਾਂ ਪਾਕਿਸਤਾਨ 6 ਖੇਤਰੀ ਦੇਸ਼ਾਂ ’ਚੋਂ ਚੌਥੇ ਸਥਾਨ ’ਤੇ ਹੈ। ਵਿਸ਼ਵ ਪੱਧਰ ਦੇ ਤੌਰ ’ਤੇ 139 ਦੇਸ਼ਾਂ ’ਚੋਂ ਵਿਵਸਥਾ ਤੇ ਸੁਰੱਖਿਆ ਦੇ ਮਾਮਲੇ ’ਚ ਪਾਕਿਸਤਾਨ ਤਿੰਨ ਸਭ ਤੋਂ ਖਰਾਬ ਦੇਸ਼ਾਂ ’ਚੋਂ ਹੈ।