ਚੰਡੀਗੜ੍ਹ – ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨ ਮਸਲੇ ਦੇ ਹੱਲ ਲਈ ਆਪਣੇ ਯਤਨ ਤੇਜ ਕਰ ਦਿੱਤੇ ਹਨ ਅਤੇ ਇਸਦੇ ਹੱਲ ਦੇ ਲਈ ੳੇਹਨਾਂ ਵਲੋਂ ਕਿਸਾਨ ਆਗੂਆਂ ਦੇ ਨਾਲ-ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਕਈ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿਸਾਨ ਅੰਦੋਲਨ ਨੂੰ ਲੈ ਕੇ ਕੇਂਦਰ ਸਰਕਾਰ ਇਸ ਵੇਲੇ ਕੜਿੱਕੀ ਦੇ ਵਿੱਚ ਫਸੀ ਹੋਈ ਹੈ ਅਤੇ ਇਸਦੇ ਕੋਈ ਸਨਮਾਨਜਨਕ ਹੱਲ ਅਤੇ ਨਾਲੋਂ-ਨਾਲ ਪੰਜਾਬ ਦੀਆਂ ਅਗਲੀਆਂ ਚੋਣਾਂ ਦੇ ਵਿੱਚ ਪੰਜਾਬ ਦੇ ਵਿੱਚ ਪੈਰ ਜਮਾਉਣ ਦੇ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਸੂਤਰਧਾਰ ਬਣਾਇਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਹੀ ਕਾਂਗਰਸ ਨੂੰ ਵੱਡਾ ਝਟਕਾ ਦਿੰਦਿਆਂ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕੀਤਾ ਅਤੇ ਕਿਸਾਨਾਂ ਦੇ ਅੰਦੋਲਨ ਦੇ ਹੱਲ ਹੋਣ ਦੀ ਸੂਰਤ ਵਿੱਚ ਭਾਜਪਾ ਨਾਲ ਗਠਜੋੜ ਕਰਨ ਦੇ ਸੰਕੇਤ ਵੀ ਦਿੱਤੇ ਹਨ। ਇਸ ਸਮੇਂ ਕਿਸਾਨ ਸਰਹੱਦ ‘ਤੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। ਕੈਪਟਨ ਦਾ ਬਿਆਨ ਦਰਸਾਉਂਦਾ ਹੈ ਕਿ ਅੰਦੋਲਨ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਅਤੇ ਉਸ ਦੀ ਅੰਦਰੂਨੀ ਗੱਲਬਾਤ ਚੱਲ ਰਹੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੱਡੀ ਤਬਦੀਲੀ ਵੇਖੀ ਜਾ ਸਕਦੀ ਹੈ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਉਹ ਕਾਂਗਰਸ ਛੱਡਣ ਤੋਂ ਬਾਅਦ ਜਾਂ ਤਾਂ ਨਵੀਂ ਪਾਰਟੀ ਬਣਾ ਸਕਦੇ ਹਨ ਜਾਂ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ | ਉਨ੍ਹਾ ਕਿਹਾ ਕਿ ਉਹ ਹੱਥ ‘ਤੇ ਹੱਥ ਧਰ ਕੇ ਘਰ ਨਹੀਂ ਬੈਠ ਸਕਦੇ, ਉਹ ਪੰਜਾਬ ਲਈ ਬਹੁਤ ਕੁਝ ਕਰ ਸਕਦੇ ਹਨ | ਛੇਤੀ ਹੀ ਆਪਣੀ ਰਾਜਨੀਤਕ ਪਾਰਟੀ ਸ਼ੁਰੂ ਕਰਨ ਦੇ ਐਲਾਨ ਤੋਂ ਇੱਕ ਦਿਨ ਬਾਅਦ ਟੀ ਵੀ ਚੈਨਲਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਨੇ ਕਿਹਾ, ‘ਕਾਂਗਰਸ ਨੇ ਫੈਸਲਾ ਕੀਤਾ ਕਿ ਮੈਨੂੰ ਜਾਣਾ ਚਾਹੀਦਾ ਹੈ, ਇਸ ਲਈ ਮੈਂ ਪਾਰਟੀ ਛੱਡ ਦਿੱਤੀ, ਪਰ ਮੈਨੂੰ ਨਹੀਂ ਲਗਦਾ ਕਿ ਮੈਂ ਘਰ ਬੈਠਾਂਗਾ, ਪੰਜਾਬ ਲਈ ਬਹੁਤ ਕੁਝ ਕਰ ਸਕਦਾ ਹਾਂ |’ ਉਹਨਾ ਕਿਹਾ, ‘ਮੋਰਾਰਜੀ ਦੇਸਾਈ 92 ਸਾਲ ਦੇ ਪ੍ਰਧਾਨ ਮੰਤਰੀ ਸਨ, ਪ੍ਰਕਾਸ਼ ਸਿੰਘ ਬਾਦਲ ਮੇਰੇ ਤੋਂ 15 ਸਾਲ ਵੱਡੇ ਹਨ ਤਾਂ ਮੈਂ ਕਿਉਂ ਨਹੀਂ ਸਿਆਸਤ ‘ਚ ਰਹਿ ਸਕਦਾ? ‘ ਸਿੱਧੂ ਨਾਲ ਤਲਖ਼ੀ ਉੱਥੇ ਬੋਲਦਿਆਂ ਕੈਪਟਨ ਨੇ ਕਿਹਾ, ‘ਮੁੱਖ ਮੰਤਰੀ ਵਜੋਂ ਉਨ੍ਹਾ ਕਦੇ ਵੀ ਇਸ ਤਰ੍ਹਾਂ ਦੀ ਦਖਲਅੰਦਾਜ਼ੀ ਦਾ ਅਨੁਭਵ ਨਹੀਂ ਕੀਤਾ | ਉਨ੍ਹਾ ਇਹ ਵੀ ਕਿਹਾ ਕਿ ਉਹ ਨਹੀਂ ਜਾਣਦੇ ਕਿ ਗਾਂਧੀ ਪਰਵਾਰ ਇਸ ਫੈਸਲੇ ‘ਤੇ ਕਿਉਂ ਆਇਆ, ਮੇਰਾ ਰਾਜੀਵ ਗਾਂਧੀ ਨਾਲ ਬਹੁਤ ਗੂੜ੍ਹਾ ਰਿਸ਼ਤਾ ਸੀ | ਮੈਨੂੰ ਨਹੀਂ ਪਤਾ ਕਿ ਗਾਂਧੀ ਪਰਵਾਰ ਨੇ ਉਨ੍ਹਾ ਨਾਲ ਅਜਿਹਾ ਕਿਉਂ ਕੀਤਾ |’ ਉਹਨਾ ਕਿਹਾ, ‘ਸਭ ਕੁਝ ਹੋ ਸਕਦਾ ਹੈ, ਪਰ ਦਿੱਲੀ ਵਿੱਚ ਇਸ ਬਾਰੇ ਫੈਸਲਾ ਨਹੀਂ ਕੀਤਾ ਜਾ ਸਕਦਾ | ਮੈਨੂੰ ਪਾਰਟੀ ਪ੍ਰਧਾਨ (ਸੋਨੀਆ ਗਾਂਧੀ) ਤੋਂ ਅਸਤੀਫਾ ਦੇਣ ਲਈ ਫੋਨ ਆਇਆ, ਉਨ੍ਹਾ ਸਿਰਫ ਏਨਾ ਹੀ ਕਿਹਾ ਕਿ ਅਮਰਿੰਦਰ ਤੁਹਾਨੂੰ ਅਸਤੀਫਾ ਦੇਣਾ ਚਾਹੀਦਾ |’ ਪੰਜਾਬ ਦੀ ਵਿਗੜਦੀ ਸੁਰੱਖਿਆ ਸਥਿਤੀ ‘ਤੇ ਚਿੰਤਾ ਜਤਾਉਂਦੇ ਹੋਏ ਕੈਪਟਨ ਨੇ ਕਿਹਾ ਕਿ ਉਨ੍ਹਾ ਦਾ ਨਵੀਂ ਪਾਰਟੀ ਬਣਾਉਣ ਦਾ ਫੈਸਲਾ ਇਸ ਮੁੱਦੇ ਨਾਲ ਜੁੜਿਆ ਹੋਇਆ ਹੈ ਕਿ ਪੰਜਾਬ ਦੇ ਹਾਲਾਤ ਬਦਲ ਗਏ ਹਨ | ਇੱਥੇ ਅੱਤਵਾਦੀ ਅਤੇ ਗੈਂਗਸਟਰ ਇੱਕ-ਦੂਜੇ ਨਾਲ ਜੁੜੇ ਹੋਏ ਹਨ | ਹਥਿਆਰਾਂ ਅਤੇ ਬਾਰੂਦ ਦੀ ਤਸਕਰੀ ਹੋ ਰਹੀ ਹੈ, ਮੈਂ ਪਿਛਲੇ ਸਾਲਾਂ ਵਿੱਚ ਅਜਿਹਾ ਹੁੰਦਾ ਵੇਖਿਆ ਹੈ ਅਤੇ ਇਸੇ ਲਈ ਮੈਂ ਦੁਬਾਰਾ ਚੋਣ ਲੜਨ ਦਾ ਫੈਸਲਾ ਕੀਤਾ ਹੈ |
ਉਨ੍ਹਾ ਕਿਹਾ, ‘ਮੈਂ ਸੋਨੀਆ ਗਾਂਧੀ ਨੂੰ ਕਿਹਾ ਸੀ ਕਿ ਮੈਂ ਪੰਜਾਬ ਚੋਣਾਂ ‘ਚ ਕਾਂਗਰਸ ਦੀ ਅਗਵਾਈ ਕਰਾਂਗਾ | ਇੱਕ ਵਾਰ ਜਦੋਂ ਅਸੀਂ ਜਿੱਤ ਜਾਂਦੇ ਹਾਂ, ਮੈਂ ਅਹੁਦਾ ਛੱਡ ਦਿਆਂਗਾ ਅਤੇ ਤੁਸੀਂ ਮੁੱਖ ਮੰਤਰੀ ਚੁਣ ਸਕਦੇ ਹੋ, ਉਸ ਸਮੇਂ ਸੋਨੀਆ ਗਾਂਧੀ ਨੂੰ ਚਿੱਠੀ ਚੰਗੀ ਤਰ੍ਹਾਂ ਮਿਲ ਗਈ ਸੀ |’ ਕੈਪਟਨ ਨੇ ਪੁਰਾਣੀ ਪਾਰਟੀ ਵਿਰੁੱਧ ਹਮਲੇ ਵਿੱਚ ਕਿਹਾ, ‘ਜਿੱਥੋਂ ਤੱਕ ਕਾਂਗਰਸ ਦਾ ਸੰਬੰਧ ਹੈ, ਇਹ ਖਤਮ ਹੋ ਗਈ ਹੈ | ਮੈਂ ਚਰਾਗਾਹ ਵਿੱਚੋਂ ਬਾਹਰ ਨਿਕਲਣ ਵਾਲਾ ਘੋੜਾ ਨਹੀਂ ਹਾਂ |’ ਕੈਪਟਨ ਨੇ ਪਿਛਲੇ ਮਹੀਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਦਿੱਲੀ ਵਿੱਚ ਮੁਲਾਕਾਤ ਕੀਤੀ ਸੀ ਤੇ ਉਨ੍ਹਾ ਕਾਂਗਰਸ ਤੋਂ ਬਾਹਰ ਹੋਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਨੂੰ ਜਨਮ ਦਿੱਤਾ ਸੀ | ਅਫਵਾਹਾਂ ਦੇ ਜਵਾਬ ਵਿੱਚ ਕੈਪਟਨ ਨੇ ਕਿਹਾ ਕਿ ਉਨ੍ਹਾ ਦਾ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਬਹੁਤ ਹੀ ਗੂੜ੍ਹਾ ਰਿਸ਼ਤਾ ਸੀ ਅਤੇ ਸ਼ਾਹ ਨਾਲ ਮੁਲਾਕਾਤ ਕਰਕੇ ਕਿਸਾਨਾਂ ਦੇ ਸੰਘਰਸ਼ ਬਾਰੇ ਵਿਚਾਰ-ਵਟਾਂਦਰਾ ਕੀਤਾ | ਉਹਨਾ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਇਸ ਸੰਕਟ ਨੂੰ ਤੁਰੰਤ ਹੱਲ ਕਰੇ |
ਵਰਨਣਯੋਗ ਹੈ ਕਿ ਜੇ ਕਿਸਾਨਾਂ ਦੇ ਅੰਦੋਲਨ ਦਾ ਕੋਈ ਹੱਲ ਲੱਭਿਆ ਜਾਂਦਾ ਹੈ, ਤਾਂ ਇਹ ਭਾਜਪਾ ਅਤੇ ਕੈਪਟਨ ਦੋਵਾਂ ਲਈ ਲਾਭਦਾਇਕ ਹੋ ਸਕਦਾ ਹੈ। ਦੋਵਾਂ ਦੀ ਰਾਜਨੀਤੀ ਵੀ ਇਸ ਇੱਕ ਮਾਮਲੇ ਤੇ ਟਿਕੀ ਹੋਈ ਹੈ। ਜੇਕਰ ਕਿਸਾਨਾਂ ਦਾ ਅੰਦੋਲਨ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ ਨਾਲ ਜਾਣਾ ਖਤਰਨਾਕ ਹੋ ਸਕਦਾ ਹੈ। ਸੂਬੇ ਵਿੱਚ ਭਾਜਪਾ ਦਾ ਜਿਸ ਤਰ੍ਹਾਂ ਦਾ ਜ਼ਬਰਦਸਤ ਵਿਰੋਧ ਹੈ, ਉਸ ਦਾ ਸਿੱਧਾ ਖਮਿਆਜ਼ਾ ਕੈਪਟਨ ਨੂੰ ਵੀ ਭੁਗਤਣਾ ਪੈ ਸਕਦਾ ਹੈ। ਅਜਿਹੀ ਸਥਿਤੀ ਵਿੱਚ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਕਿਸਾਨਾਂ ਦੇ ਅੰਦੋਲਨ ਦਾ ਹੱਲ ਲੱਭਣਾ ਭਾਜਪਾ ਅਤੇ ਕੈਪਟਨ ਦੋਵਾਂ ਦੇ ਹਿੱਤ ਵਿੱਚ ਹੋਵੇਗਾ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਚੁੱਕੇ ਹਨ। ਹਾਲਾਂਕਿ, ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਕਿਸਾਨ ਅੰਦੋਲਨ ਦੇ ਸਬੰਧ ਵਿੱਚ ਭਾਜਪਾ ਦੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਵਿੱਚ ਨਿਸ਼ਚਤ ਰੂਪ ਤੋਂ ਵੱਡੀ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਕੁਝ ਹੀ ਮਹੀਨੇ ਬਾਕੀ ਹਨ। ਅਜਿਹੀ ਸਥਿਤੀ ਵਿੱਚ ਭਾਜਪਾ ਕੋਲ ਕੋਈ ਵੱਡਾ ਚਿਹਰਾ ਨਹੀਂ ਹੈ। ਇਸ ਲਈ ਅਜਿਹੀਆਂ ਅਟਕਲਾਂ ਹਨ ਕਿ ਕੈਪਟਨ ਅਤੇ ਭਾਜਪਾ ਪੰਜਾਬ ਵਿੱਚ ਇੱਕ ਦੂਜੇ ਲਈ ਸਹੀ ਚੋਣ ਹੋ ਸਕਦੇ ਹਨ। ਕੈਪਟਨ ਨੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਅਕਾਲੀ ਦਲ ਦੇ ਟੁੱਟਣ ਤੋਂ ਬਾਅਦ ਭਾਜਪਾ ਪੰਜਾਬ ਵਿੱਚ ਇਕੱਲੀ ਰਹਿ ਗਈ ਹੈ। ਕਿਸਾਨਾਂ ਦੇ ਅੰਦੋਲਨ ਕਾਰਨ ਪੰਜਾਬ ਵਿੱਚ ਭਾਜਪਾ ਦਾ ਸਮਰਥਨ ਘੱਟ ਗਿਆ ਹੈ। ਨਾਲ ਹੀ, ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੈਪਟਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਚੰਗੇ ਸੰਬੰਧ ਹਨ। ਦੂਜੇ ਪਾਸੇ ਸੰਘ ਨੇ ਪਹਿਲਾਂ ਹੀ ਕੈਪਟਨ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਦੀ ਹਰੀ ਝੰਡੀ ਦੇ ਦਿੱਤੀ ਹੈ।