ਮੁੰਬਈ – ਮੁੰਬਈ ਪੁਲਿਸ ਨੇ ਸ਼ਹਿਰ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਖ਼ਿਲਾਫ਼ ਦਰਜ ਜ਼ਬਰੀ ਵਸੂਲੀ ਦੇ ਇਕ ਮਾਮਲੇ ’ਚ ਗੁਜਰਾਤ ਦੇ ਹਵਾਲਾ ਆਪ੍ਰੇਟਰ ਨੂੰ ਗਿ੍ਰਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਮੁਲਜ਼ਮ ਦੀ ਪਛਾਣ ਅਲਪੇਸ਼ ਪਟੇਲ ਦੇ ਰੂਪ ’ਚ ਹੋਈ ਹੈ। ਉਸ ਨੂੰ ਮੰਗਲਵਾਰ ਨੰ ਪੁਲਿਸ ਦੀ ਕ੍ਰਾਈਮ ਬ੍ਰਾਂਚ ਇਕਾਈ-11 ਦੀ ਟੀਮ ਨੇ ਗੁਜਰਾਤ ਦੇ ਮੇਹਸਾਣਾ ਤੋਂ ਫੜਿਆ। ਕਾਨੂੰਨੀ ਬੈਂਕਿੰਗ ਮਾਧਿਅਮਾਂ ਤੋਂ ਬਚਦੇ ਹੋਏ ਪੈਸੇ ਦੀ ਗ਼ੈਰ ਕਾਨੂੰਨੀ ਟ੍ਰਾਂਸਫਰ ਨੂੰ ਹਵਾਲਾ ਕਿਹਾ ਜਾਂਦਾ ਹੈ।ਅਧਿਕਾਰੀ ਨੇ ਦੱਸਿਆ ਕਿ ਪਟੇਲ ਦੀ ਭੂਮਿਕਾ ਜ਼ਬਰੀ ਵਸੂਲੀ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਈ। ਕੁਝ ਮਹੀਨੇ ਪਹਿਲਾਂ ਗੋਰੇਗਾਓਂ ਪੁਲਿਸ ਥਾਣੇ ’ਚ ਕਾਰੋਬਾਰੀ ਬਿਮਲ ਅਗਰਵਾਲ ਨੇ ਭਾਰਤੀ ਪੁਲਿਸ ਸੇਵਾ ਦੇ ਅਧਿਕਾਰੀ ਪਰਮਬੀਰ ਸਿੰਘ ਖ਼ਿਲਾਫ਼ ਇਹ ਮਾਮਲਾ ਦਰਜ ਕਰਵਾਇਆ ਸੀ। ਇਸ ਦੇ ਆਧਾਰ ’ਤੇ ਮੁੰਬਈ ਪੁਲਿਸ ਨੇ ਪਟੇਲ ਦੀ ਖੋਜ ਸ਼ੁਰੂ ਕਰ ਦਿੱਤੀ ਸੀ। ਇਕ ਸੂਚਨਾ ਦੇ ਆਧਾਰ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਦੀ ਇਕ ਟੀਮ ਮੇਹਸਾਣਾ ਗਈ ਤੇ ਪਟੇਲ ਨੂੰ ਗਿ੍ਰਫ਼ਤਾਰ ਕਰ ਲਿਆ।ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਨੂੰ ਉਸ ਨੂੰ ਕਿ ਅਦਾਲਤ ’ਚ ਪੇਸ਼ ਕੀਤਾ ਗਿਆ, ਜਿਸ ਨੇ ਉਸ ਨੂੰ ਸ਼ੁੱਕਰਵਾਰ ਤਕ ਲਈ ਪੁਲਿਸ ਹਿਰਾਸਤ ’ਚ ਭੇਜ ਦਿੱਤਾ। ਇਸ ਮਾਮਲੇ ’ਚ ਜਾਂਚ ਜਾਰੀ ਹੈ। ਮੁੰਬਈ ਤੇ ਗੁਆਂਢੀ ਠਾਣੇ ਜ਼ਿਲ੍ਹੇ ਦੇ ਕਈ ਪੁਲਿਸ ਥਾਣਿਆਂ ’ਚ ਸਿੰਘ ਖ਼ਿਲਾਫ਼ ਉਗਰਾਹੀ ਦੇ ਮਾਮਲੇ ਦਰਜ ਹਨ। ਆਈਪੀਐੱਸ ਅਧਿਕਾਰੀ ਖ਼ਿਲਾਫ਼ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਹੈ, ਪਰ ਜਾਂਚ ਏਜੰਸੀਆਂ ਹੁਣ ਤਕ ਉਨ੍ਹਾਂ ਦਾ ਪਤਾ ਨਹੀਂ ਲਗਾ ਸਕੀਆਂ।