ਕਾਬੁਲ – ਕਾਬੁਲ ਨੂੰ ਹਨ੍ਹੇਰੇ ‘ਚ ਡੁਬਾਉਣ ਦੀ ਜ਼ਿੰਮੇਵਾਰੀ ਇਸਲਾਮਿਕ ਸਟੇਟ ਨੇ ਲਈ ਹੈ। ਸਥਾਨਕ ਮੀਡੀਆ ਰਿਪੋਰਟਸ ‘ਚ ਕਿਹਾ ਗਿਆ ਹੈ ਕਿ ਆਈਐਸ ਵੱਲੋਂ ਜਾਰੀ ਇਕ ਬਿਆਨ ‘ਚ ਕਿਹਾ ਗਿਆ ਹੈ ਉਨ੍ਹਾਂ ਨੇ ਪਾਵਰ ਸਪਲਾਈ ਨੂੰ ਬੰਬ ਨਾਲ ਉਡਾ ਕੇ ਰਾਜਧਾਨੀ ਨੂੰ ਹਨ੍ਹੇਰੇ ‘ਚ ਰਹਿਣ ਲਈ ਮਜ਼ਬੂਰ ਕੀਤਾ ਹੈ। ਜ਼ਿਕਰਯੋਗ ਹੈ ਕਿ ਕਾਬੁਲ ‘ਚ ਵੀਰਵਾਰ ਤੋਂ ਬਿਜਲੀ ਨਹੀਂ ਹੈ। ਖਾਮਾ ਪ੍ਰੈੱਸ ਵੱਲੋਂ ਆਈਐਸ ਬਿਆਨ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਆਈਐਸ ਦੇ ਲੜਾਕਿਆਂ ਨੇ ਕਾਬੁਲ ਸਥਿਤ ਇਲੈਕਟ੍ਰਾਨਿਕ ਸੈਕਟਰ ‘ਚ ਧਮਾਕਾ ਕਰ ਕੇ ਅਜਿਹਾ ਕੀਤਾ ਹੈ।ਹੁਣ ਤਕ ਤਾਲਿਬਾਨ ਨੇ ਬਿਜਲੀ ਸਪਲਾਈ ਕੇਂਦਰ ‘ਤੇ ਬੰਬ ਦੇ ਮਾਮਲੇ ‘ਚ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਹਿ ਮੰਤਰਾਲੇ ਨੂੰ ਇਹ ਵੀ ਦੱਸਿਆ ਗਿਆ ਹੈ ਕਿ ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਇਨ੍ਹਾਂ ਦੋਸ਼ੀਆਂ ਦਾ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨਾਲ ਕੋਈ ਸਬੰਧ ਹੈ ਜਾਂ ਨਹੀਂ। ਕਾਬੁਲ ਨੂੰ ਬਿਜਲੀ ਸਪਲਾਈ ‘ਚ ਰੁਕਾਵਟ ਪਾਉਣ ਦੇ ਉਦੇਸ਼ ਨਾਲ ਉੱਤਰੀ ਸ਼ਕਰਦਾਰਾ ‘ਚ ਇਕ ਬਿਜਲੀ ਦਾ ਪੌਲੈਨ ਉਡਾ ਦਿੱਤਾ ਗਿਆ ਸੀ। ਦੱਸ ਦਈਏ ਕਿ ਪਿਛਲੀ ਸਰਕਾਰ ਦੌਰਾਨ ਵੀ ਕਈ ਹੋਰ ਸੂਬਿਆਂ ਦੀ ਬਿਜਲੀ ਸਪਲਾਈ ਵੀ ਇਸੇ ਤਰ੍ਹਾਂ ਠੱਪ ਹੋਈ ਸੀ। ਖਾਮਾ ਪ੍ਰੈਸ ਅਨੁਸਾਰ ਬਿਜਲੀ ਦੀ ਸਮੱਸਿਆ ਕਾਰਨ ਇੱਥੋਂ ਦੇ ਕਾਰੋਬਾਰੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਉਨ੍ਹਾਂ ਨੂੰ ਵਿੱਤੀ ਨੁਕਸਾਨ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਜਦੋਂ ਤੋਂ ਅਫਗਾਨਿਸਤਾਨ ‘ਤੇ ਤਾਲਿਬਾਨ ਨੇ ਕਬਜ਼ਾ ਕੀਤਾ ਹੈ ਤੇ ਸਰਕਾਰ ਬਣੀ ਹੈ। ਉਦੋਂ ਤੋਂ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਨੇ ਵੀ ਆਪਣੇ ਹਮਲੇ ਤੇਜ਼ ਕਰ ਦਿੱਤੇ ਹਨ। ਇਹ ਹਮਲੇ ਅਮਰੀਕਾ ਦੇ ਦੇਸ਼ ਨੂੰ ਪੂਰੀ ਤਰ੍ਹਾਂ ਛੱਡਣ ਤੋਂ ਪਹਿਲਾਂ ਹੀ ਸ਼ੁਰੂ ਹੋਏ ਸਨ। ਉਦੋਂ ਤੋਂ ਆਈਐਸ ਤਾਲਿਬਾਨ ਲਈ ਚੁਣੌਤੀ ਬਣਿਆ ਹੋਇਆ ਹੈ। ਖੁਫੀਆ ਤੰਤਰ ਦੀ ਅਸਫਲਤਾ ਅਤੇ ਰਣਨੀਤੀ ਕਾਰਨ ਤਾਲਿਬਾਨ ਨੂੰ ਲਗਾਤਾਰ ਆਈਐਸ ਦੇ ਹਮਲਿਆਂ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਤਾਲਿਬਾਨ ਨੇ ਇਸ ਸਬੰਧ ਵਿਚ ਅਮਰੀਕਾ ਦੀ ਮਦਦ ਲੈਣ ਤੋਂ ਵੀ ਇਨਕਾਰ ਕਰ ਦਿੱਤਾ ਹੈ। ਇੱਥੇ ਅਸੀਂ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਜਦੋਂ ਤਕ ਅਮਰੀਕੀ ਫੌਜ ਇੱਥੇ ਸੀ, ਆਈਐਸ ਬਹੁਤ ਹੱਦ ਤਕ ਸੀਮਤ ਸੀ ਅਤੇ ਇਸਦੇ ਹਮਲੇ ਵੀ ਬਹੁਤ ਘੱਟ ਸਨ।