ਜੰਮੂ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਮੰਗਲਵਾਰ ਸਵੇਰੇ ਪੁਲਵਾਮਾ ਅੱਤਵਾਦੀ ਹਮਲੇ ‘ਚ ਸ਼ਹੀਦ ਸੀਆਰਪੀਐੱਫ ਦੇ ਜਵਾਨਾਂ ਨੂੰ ਪੁਲਵਾਮਾ ਦੇ ਲਿਥਪੋਰਾ ਇਲਾਕੇ ‘ਚ ਸਥਿਤ ਸ਼ਹੀਦਾਂ ਦੀ ਯਾਦਗਾਰ ‘ਤੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਇਹ ਯਾਦਗਾਰ ਸੀਆਰਪੀਐੱਫ ਦੇ ਉਨ੍ਹਾਂ 40 ਸ਼ਹੀਦਾਂ ਦੀ ਯਾਦ ‘ਚ ਬਣਾਈ ਗਈ ਹੈ ਜੋ ਦੋ ਸਾਲ ਪਹਿਲਾਂ ਅੱਤਵਾਦੀ ਹਮਲੇ ‘ਚ ਸ਼ਹੀਦ ਹੋ ਗਏ ਸਨ। ਗ੍ਰਹਿ ਮੰਤਰੀ ਨੇ ਸ਼ਰਧਾਂਜਲੀ ਦੇਣ ਤੋਂ ਬਾਅਦ ਕਿਹਾ ਕਿ ਦੇਸ਼ ਦੀ ਰੱਖਿਆ ਜਵਾਨਾਂ ਦਾ ਸਰਬੋਤਮ ਬਲਿਦਾਨ ਅੱਤਵਾਦੀ ਦੇ ਮੁਕੰਮਲ ਖ਼ਾਤਮੇ ਦੇ ਸਾਡੇ ਸੰਕਲਪ ਨੂੰ ਹੋਰ ਦ੍ਰਿੜ੍ਹ ਕਰਦਾ ਹੈ। ਗ੍ਰਹਿ ਮੰਤਰੀ ਨੇ ਸ਼ਹੀਦ ਯਾਦਗਾਰ ‘ਤੇ ਵੀਰ ਬਲੀਦਾਨੀਆਂ ਦੀ ਯਾਦ ‘ਚ ਬੂਟਾ ਵੀ ਲਗਾਇਆ।ਗ੍ਰਹਿ ਮੰਤਰੀ 23 ਅਕਤੂਬਰ ਨੂੰ ਜੰਮੂ-ਕਸ਼ਮੀਰ ਦੇ ਤਿੰਨ ਦਿਨਾਂ ਦੌਰੇ ‘ਤੇ ਆਏ ਸਨ। ਦੌਰੇ ਦੇ ਆਖ਼ਰੀ ਦਿਨ ਗ੍ਰਹਿ ਮੰਤਰੀ ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਪੁਲਵਾਮਾ ‘ਚ ਸੀਆਰਪੀਐੱਫ ਕੈਂਪ ‘ਚ ਜਵਾਨਾਂ ਵਿਚਾਲੇ ਪੁੱਜੇ ਤੇ ਇਕ ਰਾਤ ਜਵਾਨਾਂ ਵਿਚਾਲੇ ਰਹਿਣ ਦਾ ਫ਼ੈਸਲਾ ਕੀਤਾ। ਉਨ੍ਹਾਂ ਜਵਾਨਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਦੇ ਤਜਰਬੇ ਜਾਣੇ। ਉਨ੍ਹਾਂ ਨਾਲ ਹੀ ਰਾਤ ਦਾ ਖਾਣਾ ਵੀ ਕੀਤਾ। ਇਸ ਦੌਰਾਨ ਉਪ ਰਾਜਪਾਲ ਮਨੋਜ ਸਿਨਹਾ ਵੀ ਉਨ੍ਹਾਂ ਨਾਲ ਸਨ।ਮੰਗਲਵਾਰ ਸਵੇਰੇ ਗ੍ਰਹਿ ਮੰਤਰੀ ਲਿਥਪੋਰਾ ਸਥਿਤ ਸ਼ਹੀਦੀ ਯਾਦਗਾਰ ਪੁੱਜੇ। ਗ੍ਰਹਿ ਮੰਤਰੀ ਨੇ ਸ਼ਹੀਦਾਂ ਨੂੰ ਫੁੱਲ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਗ੍ਰਹਿ ਮੰਤਰੀ ਸ੍ਰੀਨਗਰ ਰਵਾਨਾ ਹੋ ਗਏ ਤੇ ਉਥੋਂ ਦਿੱਲ ਪਰਤ ਗਏ।ਆਪਣੇ ਦੌਰੇ ਦੌਰਾਨ ਗ੍ਰਹਿ ਮੰਤਰੀ ਸ੍ਰੀਨਗਰ, ਪੁਲਵਾਮਾ ਤੋਂ ਇਲਾਵਾ ਜੰਮੂ ਵੀ ਆਏ ਸਨ ਤੇ ਉਨ੍ਹਾਂ ਇਕ ਜਨ ਸਭਾ ਨੂੰ ਵੀ ਸੰਬੋਧਨ ਕੀਤਾ। ਉਨ੍ਹਾਂ ਦੌਰੇ ਦੌਰਾਨ ਜੰਮੂ-ਕਸ਼ਮੀਰ ਦੇ ਵੱਖ-ਵੱਖ ਭਾਈਚਾਰਿਆਂ ਦੇ ਨੁਮਾਇੰਦਿਆਂ ਤੋਂ ਲੈ ਕੇ ਸਰਹੱਦੀ ਇਲਾਕਿਆਂ ‘ਚ ਜਾ ਕੇ ਸਾਰਿਆਂ ਨੂੁੰ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਕਿ ਸਰਕਾਰ ਉਨ੍ਹਾਂ ਦੀ ਸੁਰੱਖਿਆ, ਵਿਕਾਸ ਤੇ ਸੂਬੇ ਦੀ ਖ਼ੁਸ਼ਹਾਲੀ ਲਈ ਵਚਨਬੱਧ ਹੈ।