ਭੀਖੀ – ਵੀਰਵਾਰ ਟਿੱਕਰੀ ਬਾਰਡਰ ਤੋਂ ਕਿਸਾਨ ਸੰਘਰਸ਼ ਵਿੱਚ ਹਿੱਸਾ ਲੈਣ ਉਪਰੰਤ ਪਿੰਡ ਪਰਤ ਰਹੀਆਂ ਕਿਸਾਨ ਬੀਬੀਆਂ ਦੀ ਸੜਕੀ ਹਾਦਸੇ ‘ਚ ਫੌਤ ਹੋਈਆਂ ਤਿੰਨ ਕਿਸਾਨ ਬੀਬੀਆਂ ਦਾ ਅੱਜ ਪਿੰਡ ਖੀਵਾ ਦਿਆਲੂ ਵਾਲਾ ਵਿਖੇ ਦੇਰ ਸ਼ਾਮ ਹਜ਼ਾਰਾਂ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ।
ਸੰਸਕਾਰ ਸਮੇਂ ਗੁੱਸੇ ਵਿੱਚ ਤੇ ਭਾਵੁਕ ਹਜ਼ਾਰਾਂ ਇਲਾਕਾ ਨਿਵਾਸੀਆਂ ਨੇ ਆਕਾਸ਼ ਗੂੰਜਵੀਂ ਨਾਅਰੇਬਾਜ਼ੀ ਕਰਦੇ ਹੋਏ ਕੇਂਦਰ ਸਰਕਾਰ ਖਿਲਾਫ਼ ਰੱਜ ਕੇ ਰੋਸ ਪ੍ਰਦਰਸ਼ਨ ਕੀਤਾ।ਹਾਦਸੇ ਵਿੱਚ ਸ਼ਹੀਦ ਹੋਇਆ ਤਿੰਨੇ ਕਿਸਾਨ ਬੀਬੀਆ ਅਮਰਜੀਤ ਕੌਰ, ਗੁਰਮੇਲ ਕੌਰ ਅਤੇ ਸੁਖਵਿੰਦਰ ਕੌਰ ਦੀਆਂ ਦੇਹਾਂ ਨੂੰ ਪਿੰਡ ਸਮਾਓਂ ਤੋਂ ਵੱਡੇ ਕਾਫ਼ਲੇ ਦੇ ਰੂਪ ਵਿੱਚ ਖੀਵਾ ਦਿਆਲੂ ਵਾਲਾ ਦੇ ਗੁਰੂਦੁਆਰਾ ਸਾਹਿਬ ਵਿਖੇ ਲਿਜਾਕੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ, ਰਿਸ਼ਤੇਦਾਰਾਂ ਅਤੇ ਵੱਖ-ਵੱਖ ਦਲਾਂ ਦੇ ਆਗੂਆਂ ਵੱਲੋਂ ਅੰਤਿਮ ਦਰਸ਼ਨ ਕੀਤੇ ਗਏ ਉਪਰੰਤ ਪਿੰਡ ਦੀ ਸ਼ਮਸਾਨ ਘਾਟ ਵਿੱਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਅਗਨ ਭੇਂਟ ਕੀਤਾ ਗਿਆ।ਹਾਦਸੇ ਵਿੱਚ ਫੌਤ ਹੋਈ ਅਮਰਜੀਤ ਕੌਰ ਦੀ ਧੀ ਲਖਵਿੰਦਰ ਕੌਰ ਨੇ ਵਿਰਲਾਪ ਕਰਦਿਆਂ ਕਿਹਾ ਕਿ ਸਾਡੀਆਂ ਮਾਤਾਵਾਂ ਦੀ ਮੌਤ ਦਾ ਇਨਸਾਫ ਮਿਲੇ। ਉਨ੍ਹਾਂ ਕਿਹਾ ਕਿ ਜਦੋਂ ਤਕ ਸਰਕਾਰ ਤਿੰਨੋਂ ਖੇਤੀ ਕਾਨੂੰਨ ਵਾਪਸ ਨਹੀਂ ਲੈਂਦੀ ਤਦ ਤਕ ਸੰਘਰਸ਼ ਦਾ ਹਿੱਸਾ ਬਣੇ ਰਹਾਂਗੇ, ਬੇਸ਼ੱਕ ਸਾਨੂੰ ਕੋਈ ਵੀ ਕੁਰਬਾਨੀ ਕਿਉ ਨਾ ਦੇਣੀ ਪਵੇ।
ਸੰਸਕਾਰ ਸਮੇਂ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੱਖ ਆਗੂ ਗੁਰਨਾਮ ਸਿੰਘ ਚੜੂੰਨੀ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਦੀ ਹੱਠ ਦੇਸ਼ ਨੂੰ ਲੈ ਬੈਠੇਗੀ।ਉਨ੍ਹਾਂ ਹਾਦਸੇ ਦੀ ਜਾਂਚ ਦੀ ਮੰਗ ਕਰਦੇ ਕਿਹਾ ਕਿ ਲਖੀਰਪੁਰ ਖੀਰੀ ਵਾਲਾ ਹਾਦਸਾ ਸਾਜ਼ਿਸ਼ ਸੀ ਅਤੇ ਇਸ ਹਾਦਸੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ।ਕਿਸਾਨ ਆਗੂ ਨੇ ਕੇਂਦਰ ਅਤੇ ਸੂਬਾ ਸਰਕਾਰ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ੇ ਦੀ ਮੰਗ ਕੀਤੀ। ਸੰਸਕਾਰ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਮੁੱਖ ਨੇਤਾ ਸਿੰਗਾਰਾ ਸਿੰਘ ਮਾਨ, ਰੁਲਦੂ ਸਿੰਘ ਮਾਨਸਾ, ਮੇਘਰਾਜ ਰੱਲਾ, ਸੁਖਵਿੰਦਰ ਸਿੰਘ ਭੋਲਾ, ਡਾ.ਵਿਜੈ ਸਿੰਗਲਾ, ਪ੍ਰੇਮ ਅਰੋੜਾ, ਸੁਖਵਿੰਦਰ ਸਿੰਘ ਔਲਖ, ਮਨਜੀਤ ਸਿੰਘ ਬੱਪੀਆਣਾ, ਅਰਸ਼ਦੀਪ ਸਿੰਘ ਗਾਲੋਵਾਲ, ਗੁਰਪ੍ਰੀਤ ਸਿੰਘ ਵਿੱਕੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਤੇ ਵੱਖ-ਵੱਖ ਜੱਥੇਬੰਦੀਆਂ ਦੇ ਪ੍ਰਤੀਨਿਧ ਤੇ ਇਲਾਕਾ ਨਿਵਾਸੀ ਮੌਜੂਦ ਸਨ।
ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆਂ ਪ੍ਰਬੰਧ ਕੀਤੇ ਗਏ ਸਨ ਜਿਸ ਦਾ ਜਾਇਜ਼ਾ ਏਡੀਸੀ ਸ਼ਹਿਰੀ ਵਿਕਾਸ ਓਮਕਾਰ ਸਿੰਘ, ਡੀਐੱਸਪੀ ਸੰਜੀਵ ਗੋਇਲ, ਨਾਇਬ ਤਹਿਸੀਲਦਾਰ ਜਵਜੀਵਨ ਛਾਬੜਾ, ਆਦਿ ਅਧਿਕਾਰੀ ਮੁਸ਼ਤੈਦੀ ਨਾਲ ਹਾਲਾਤਾਂ ਤੇ ਨਜ਼ਰ ਰੱਖ ਰਹੇ ਸਨ।