ਜਲੰਧਰ – ਓਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਨੇ 41 ਸਾਲ ਬਾਅਦ ਤਮਗ਼ਾ ਜਿੱਤ ਕੇ ਹਾਕੀ ਦੀ ਮੁੜ ਸੁਰਜੀਤੀ ਕੀਤੀ ਹੈ ਅਤੇ ਇਸ ਮਾਹੌਲ ਨੂੰ ਬਰਕਰਾਰ ਰੱਖਣ ਲਈ ਪੰਜਾਬ ਸਰਕਾਰ ਤੇ ਹਾਕੀ ਪੰਜਾਬ ਵੱਲੋਂ ਮਿਲ ਕੇ ਉਪਰਾਲੇ ਕੀਤੇ ਜਾਣਗੇ। ਹਾਕੀ ਨੂੰ ਹੋਰ ਹੁਲਾਰਾ ਦੇਣ ਲਈ ਜਿੱਥੇ ਲੋੜੀਂਦੀਆਂ ਥਾਵਾਂ ਉਤੇ ਬੁਨਿਆਦੀ ਢਾਂਚਾ ਮੁਹੱਈਆ ਕਰਵਾਇਆ ਜਾਵੇਗਾ, ਉਥੇ ਕੋਚਾਂ ਦੀ ਤਾਇਨਾਤੀ ਅਤੇ ਖਿਡਾਰੀਆਂ ਨੂੰ ਕਿੱਟਾਂ ਅਤੇ ਖੇਡਾਂ ਦਾ ਸਾਮਾਨ ਵੀ ਵੰਡਿਆ ਜਾਵੇਗਾ। ਇਹ ਪ੍ਰਗਟਾਵਾ ਹਾਕੀ ਓਲੰਪੀਅਨ ਅਤੇ ਸੂਬੇ ਦੇ ਖੇਡ ਮੰਤਰੀ ਪਰਗਟ ਸਿੰਘ ਨੇ ਅੱਜ ਇਥੇ ਹਾਕੀ ਪੰਜਾਬ ਦੀ ਸਾਲਾਨਾ ਜਨਰਲ ਮੀਟਿੰਗ ਵਿਚ ਅਗਲੇ ਚਾਰ ਸਾਲਾਂ ਲਈ ਹਾਕੀ ਪੰਜਾਬ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਕੀਤਾ। ਪਰਗਟ ਸਿੰਘ ਨੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸਮੁੱਚੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ। ਹਾਕੀ ਪੰਜਾਬ ਦੀ ਸਰਬਸੰਮਤੀ ਨਾਲ ਹੋਈ ਚੋਣ ’ਚ ਨਿਤਿਨ ਕੋਹਲੀ ਨੂੰ ਜਨਰਲ ਸਕੱਤਰ ਤੇ ਦਲਜੀਤ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ। ਹਾਕੀ ਪੰਜਾਬ ਦੀ ਬਾਕੀ ਕਾਰਜਕਾਰਨੀ ਬਣਾਏ ਜਾਣ ਦੇ ਅਧਿਕਾਰ ਹਾਕੀ ਪੰਜਾਬ ਦੇ ਨਵ-ਨਿਯੁਕਤ ਪ੍ਰਧਾਨ ਪਰਗਟ ਸਿੰਘ ਅਤੇ ਜਨਰਲ ਸਕੱਤਰ ਨਿਤਿਨ ਕੋਹਲੀ ਨੂੰ ਦਿੱਤੇ ਗਏ।ਇਸ ਮੌਕੇ ਪੰਜਾਬ ਖੇਡ ਵਿਭਾਗ ਦੇ ਜੁਆਇੰਟ ਡਾਇਰੈਕਟਰ ਕਰਤਾਰ ਸਿੰਘ ਆਬਜ਼ਰਵਰ ਦੇ ਤੌਰ ’ਤੇ, ਜਦਕਿ ਨਵਦੀਪ ਸਿੰਘ ਗਿੱਲ ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਸ਼ਾਮਲ ਹੋਏ। ਹਾਕੀ ਪੰਜਾਬ ਦੇ ਸੀਨੀਅਰ ਉਪ ਪ੍ਰਧਾਨ ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ ਨੇ ਹਾਕੀ ਪੰਜਾਬ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ। ਇਸ ਮੌਕੇ ਓਲੰਪੀਅਨ ਵਰਿੰਦਰ ਸਿੰਘ, ਓਲੰਪੀਅਨ ਬਲਜੀਤ ਸਿੰਘ ਢਿੱਲੋਂ, ਓਲੰਪੀਅਨ ਸੰਜੀਵ ਕੁਮਾਰ, ਓਲੰਪੀਅਨ ਹਰਦੀਪ ਸਿੰਘ ਗਰੇਵਾਲ, ਸਾਬਕਾ ਅੰਤਰਰਾਸ਼ਟਰੀ ਖਿਡਾਰੀ ਅਮਰੀਕ ਸਿੰਘ ਪੁਆਰ, ਲਖਵਿੰਦਰ ਪਾਲ ਸਿੰਘ ਖਹਿਰਾ, ਸਵਿੰਦਰ ਸਿੰਘ ਬਿੱਲਾ, ਸੁਰਿੰਦਰ ਸਿੰਘ ਭਾਪਾ, ਸ਼ਰਨਜੀਤ ਕੌਰ ਸਾਬਕਾ ਅੰਤਰਰਾਸ਼ਟਰੀ ਖਿਡਾਰਨ, ਐੱਚਐੱਮਵੀ ਕਾਲਜ ਦੀ ਪਿ੍ਰੰਸੀਪਲ ਡਾ. ਅਜੇ ਸਰੀਨ, ਰਿਪੁਦਮਨ ਕੁਮਾਰ ਸਿੰਘ, ਗੁਰਮੀਤ ਸਿੰਘ, ਹਰਿੰਦਰ ਸੰਘਾ, ਕੁਲਬੀਰ ਸਿੰਘ ਅਤੇ ਹੋਰ ਹਾਜ਼ਰ ਸਨ।