ਇਸਲਾਮਾਬਾਦ – ਪਾਕਿਸਤਾਨ ‘ਚ ਅਸਮਾਨ ਨੂੰ ਛੂਹ ਰਹੀ ਮਹਿੰਗਾਈ ਦੇ ਵਿਰੋਧ ‘ਚ ਵਿਰੋਧੀ ਪਾਰਟੀਆਂ ਨੇ ਦੇਸ਼ ਦੀ ਰਾਜਧਾਨੀ ਸਮੇਤ ਦੋ ਸ਼ਹਿਰਾਂ ‘ਚ ਪ੍ਰਦਰਸ਼ਨ ਕੀਤੇ। ਵਿਰੋਧੀ ਪਾਰਟੀਆਂ ਨੇ ਲੋਕਾਂ ਨੂੰ ਇਮਰਾਨ ਖ਼ਾਨ ਸਰਕਾਰ ਨੂੰ ਜੜੋਂ ਪੁੱਟਣ ਲਈ ਇਕਜੁਟ ਹੋਣ ਦੀ ਅਪੀਲ ਕੀਤੀ ਹੈ।
ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਦੀ ਅਪੀਲ ‘ਤੇ ਪਾਰਟੀ ਵਰਕਰਾਂ ਨੇ ਇਸਲਾਮਾਬਾਦ ਤੇ ਰਾਵਲਪਿੰਡੀ ‘ਚ ਵੱਧ ਰਹੀ ਗ਼ਰੀਬੀ, ਬੇਰੁਜ਼ਗਾਰੀ ਤੇ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਕੀਤੇ। ਪਾਰਟੀ ਵਰਕਰਾਂ ਨੇ ਇਮਰਾਨ ਸਰਕਾਰ ਖ਼ਿਲਾਫ਼ ਨਾਅਰੇ ਲਗਾਏ। ਬਿਲਾਵਲ ਨੇ ਕਿਹਾ ਕਿ ਇਮਰਾਨ ਸਰਕਾਰ ਨੇ ਲੋਕਾਂ ਦੀ ਆਜ਼ਾਦੀ ਖੋਹ ਲਈ ਹੈ।
ਪੀਪੀਪੀ ਦੇ ਜਨਰਲ ਸਕੱਤਰ ਸੈਯਦ ਹੁਸੈਨ ਬੁਖਾਰੀ ਨੇ ਊਰਜਾ ਮੰਤਰੀ ‘ਤੇ ਉਨ੍ਹਾਂ ਦੀ ਟਿੱਪਣੀ ਲਈ ਹਮਲਾ ਬੋਲਿਆ। ਊਰਜਾ ਮੰਤਰੀ ਨੇ ਕਿਹਾ ਸੀ ਕਿ ਪਾਕਿਸਤਾਨ ਦੇਸ਼ ‘ਚ ਵਸਤੂਆਂ ਦੀਆਂ ਕੀਮਤਾਂ ਦੇ ਮਾਮਲੇ ‘ਚ ਸਭ ਤੋਂ ਸਸਤਾ ਦੇਸ਼ ਹੈ। ਬੁਖਾਰੀ ਨੇ ਕਿਹਾ ਕਿ ਊਰਜਾ ਮੰਤਰੀ ਨੇ ਗ਼ਰੀਬਾਂ ਦਾ ਮਜ਼ਾਕ ਉਡਾਇਆ ਹੈ। 38 ਮਹੀਨਿਆਂ ਦੌਰਾਨ ਲੋਕਾਂ ਦੇ ਬਦਤਰ ਹਾਲਾਤ ਕਈ ਗੁਣਾ ਵੱਧ ਗਏ ਹਨ ਤੇ ਬਹੁਤ ਮੁਸ਼ਕਲ ਨਾਲ ਲੋਕ ਆਪਣੀਆਂ ਜ਼ਰੂਰਤਾਂ ਪੂਰੀਆਂ ਕਰ ਪਾ ਰਹੇ ਹਨ। ਪਾਰਟੀ ਨੇਤਾ ਨੇ ਸਰਕਾਰ ਦੀ ਸਮਰੱਥਾ ‘ਤੇ ਸਵਾਲ ਕੀਤੇ ਤੇ ਕਿਹਾ ਕਿ ਹੁਣ ਗਿਣਤੀ ਦੇ ਦਿਨਾਂ ਤਕ ਰਹਿ ਗਈ ਸਰਕਾਰ ਆਪਣੇ ਦਿਨ ਗਿਣ ਰਹੀ ਹੈ।