ਨਵੀਂ ਦਿੱਲੀ – ਕਾਂਗਰਸ ਨੇ ਐਤਵਾਰ ਨੂੰ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਨੂੰ ਉਨ੍ਹਾਂ ਦੀ ਜੈਅੰਤੀ ‘ਤੇ ਸ਼ਰਧਾਂਜਲੀ ਭੇਟ ਕੀਤੀ। ਉੱਥੇ ਹੀ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਅਜਿਹੇ ਸਮਾਂ ਵਿਚ ਜਦੋਂ ਲੋਕਤੰਤਰ ਦੇ ਸਾਰੇ ਥੰਮ੍ਹ ਕਮਜ਼ੋਰ ਹੋ ਰਹੇ ਹਨ, ਸਰਦਾਰ ਪਟੇਲ ਜੀ ਦੇ ਯੋਗਦਾਨ ਨੂੰ ਯਾਦ ਕਰਨਾ ਜ਼ਰੂਰੀ ਹੈ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਵੀ ਪਟੇਲ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ‘ਉਨ੍ਹਾਂ ਦਾ ਸੰਘਰਸ਼ ਸਾਨੂੰ ਕਿਸਾਨਾਂ ਦੇ ਦਮਨ ਖ਼ਿਲਾਫ਼ ਤੇ ਕਿਸਾਨਾਂ ਦੇ ਹਕ ਲਈ ਨਿਆਂ ਦੀ ਲੜਾਈ ਵਿਚ ਚਟਾਨ ਦੀ ਤਰ੍ਹਾਂ ਡਟੇ ਰਹਿਣ ਦੀ ਪ੍ਰੇਰਣਾ ਦਿੱਤੀ ਹੈ।’
ਰਾਹੁਲ ਨੇ ਟਵੀਟ ਕੀਤਾ, ‘ਅੱਜ ਜਦੋਂ ਸਾਡੇ ਲੋਕਤੰਤਰ ਦੇ ਸਾਰੇ ਥੰਮ੍ਹ ਕਮਜ਼ੋਰ ਹੋ ਰਹੇ ਹਨ, ਸਾਨੂੰ ਸਰਦਾਰ ਵੱਲਭ ਭਾਈ ਪਟੇਲ ਦੇ ਯੋਗਦਾਨ ਨੂੰ ਯਾਦ ਕਰਨਾ ਹੋਵੇਗਾ। ਉਹ ਇਨ੍ਹਾਂ ਥੰਮ੍ਹਾਂ ਨੂੰ ਬਣਾਉਣ ਵਾਲੇ ਕਾਂਗਰਸੀ ਆਗੂਆਂ ਵਿਚ ਇਕ ਅਹਿਮ ਆਵਾਜ਼ ਵੀ ਸਨ। ਲੋਕਤੰਤਰ ਦੀ ਰੱਖਿਆ ਹੀ ਸਰਦਾਰ ਪਟੇਲ ਨੂੰ ਸੱਚੀ ਸ਼ਰਧਾਂਜਲੀ ਹੈ।’