ਆਬੂ ਧਾਬੀ – ਦੋ ਖ਼ਰਾਬ ਹਾਰਾਂ ਤੋਂ ਬਾਅਦ ਭਾਰਤੀ ਟੀਮ ਦਾ ਆਪਣੀ ਮੇਜ਼ਬਾਨੀ ਵਿਚ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਹੋ ਰਹੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਪੁੱਜਣਾ ਮੁਸ਼ਕਲ ਹੋ ਗਿਆ ਹੈ। ਹੁਣ ਉਸ ਨੂੰ ਆਪਣੇ ਤੀਜੇ ਮੁਕਾਬਲੇ ਵਿਚ ਪਾਕਿਸਤਾਨ ਤੇ ਨਿਊਜ਼ੀਲੈਂਡ ਤੋਂ ਮੁਕਾਬਲਤਨ ਕਮਜ਼ੋਰ ਅਫ਼ਗਾਨੀ ਟੀਮ ਨਾਲ ਬੁੱਧਵਾਰ ਨੂੰ ਭਿੜਨਾ ਹੈ। ਭਾਰਤ ਨੇ ਪਿਛਲੇ ਦੋ ਮੈਚ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿਚ ਖੇਡੇ ਹਨ। ਹੁਣ ਉਸ ਨੇ ਅਗਲਾ ਮੁਕਾਬਲਾ ਆਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ਵਿਚ ਖੇਡਣਾ ਹੈ। ਟੀਮ ਇੰਡੀਆ ਇੱਥੇ ਇੱਕੋ ਇਕ ਲੀਗ ਮੈਚ ਖੇਡੇਗੀ। ਇਸ ਤੋਂ ਬਾਅਦ ਉਸ ਦੇ ਅਗਲੇ ਦੋ ਮੈਚ ਨਾਮੀਬੀਆ ਤੇ ਸਕਾਟਲੈਂਡ ਨਾਲ ਦੁਬਈ ਵਿਚ ਖੇਡੇ ਜਾਣਗੇ। ਟੀਮ ਇੰਡੀਆ ਇਹ ਮੈਚ ਜਿੱਤ ਕੇ ਆਪਣਾ ਗੁਆਚਾ ਆਤਮਵਿਸ਼ਵਾਸ ਤੇ ਸਨਮਾਨ ਵਾਪਸ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਜੇ ਟੀਮ ਇੰਡੀਆ, ਅਫ਼ਗਾਨਿਸਤਾਨ ਨੂੰ 50 ਦੌੜਾਂ ਤੋਂ ਵੱਧ ਜਾਂ ਟੀਚੇ ਦਾ ਪਿੱਛਾ ਕਰਦੇ ਹੋਏ 14 ਓਵਰਾਂ ਦੇ ਅੰਦਰ ਹਰਾ ਦਿੰਦੀ ਹੈ ਤਾਂ ਉਸ ਦੀਆਂ ਉਮੀਦਾਂ ਕੁਝ ਜਿਊਂਦੀਆਂ ਰਹਿਣਗੀਆਂ।