ਗੋਪਾਲਗੰਜ – ਬਿਹਾਰ ’ਚ ਗੋਪਾਲਗੰਜ ਜ਼ਿਲ੍ਹੇ ਦੇ ਮਹੰਮਦਪੁਰ ਪਿੰਡ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਪੰਜ ਲੋਕਾਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰਨਾਂ ਦੀ ਸਥਿਤੀ ਗੰਭੀਰ ਹੈ। ਇਨ੍ਹਾਂ ਵਿਚ ਦੋ ਦੀ ਅੱਖਾਂ ਦੀ ਰੋਸ਼ਨੀ ਘੱਟ ਹੋ ਗਈ ਹੈ।
ਮੰਗਲਵਾਰ ਦੇਰ ਸ਼ਾਮ ਮਹੰਮਦਪੁਰ ਪਿੰਡ ਦੇ ਕੁਝ ਲੋਕਾਂ ਨੇ ਤੁਰਹਾ ਟੋਲੀ ਨਿਵਾਸੀ ਮੁਕੇਸ਼ ਰਾਮ ਅਤੇ ਛੋਟੂ ਰਾਮ ਦੇ ਘਰ ਸ਼ਰਾਬ ਪੀਤੀ। ਸ਼ਰਾਬ ਪੀਣ ਤੋਂ ਬਾਅਦ ਸਾਰੇ ਲੋਕ ਆਪਣੇ ਘਰ ਪਰਤ ਆਏ। ਦੇਰ ਰਾਤ ਸ਼ਰਾਬ ਪੀਣ ਵਾਲਿਆਂ ਦੀ ਤਬੀਅਤ ਵਿਗੜਨ ਲੱਗੀ। ਬੁੱਧਵਾਰ ਨੂੰ ਸਵੇਰ ਪਿੰਡ ਨਿਵਾਸੀ ਸੰਤੋਸ਼ ਕੁਮਾਰ ਅਤੇ ਛੋਟੇ ਲਾਲ ਸੋਨੀ ਦੀ ਮੌਤ ਹੋ ਗਈ। ਉਥੇ ਤਬੀਅਤ ਕਾਫ਼ੀ ਵਿਗੜਨ ’ਤੇ ਮਹੰਮਦਪੁਰ ਪਿੰਡ ਨਿਵਾਸੀ ਛੋਟੇ ਲਾਲ ਪ੍ਰਸਾਦ, ਮੁਕੇਸ਼ ਰਾਮ, ਮਨੋਰੰਜਨ ਕੁਮਾਰ ਸਿੰਘ ਅਤੇ ਰਾਮ ਬਾਬੂ ਯਾਦਵ ਨੂੰ ਪਰਿਵਾਰਕ ਮੈਂਬਰਾਂ ਨੇ ਇਲਾਜ ਲਈ ਮੋਤੀਹਾਰੀ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ। ਇਲਾਜ ਦੌਰਾਨ ਛੋਟੇ ਲਾਲ ਪ੍ਰਸਾਦ, ਮੁਕੇਸ਼ ਰਾਮ ਅਤੇ ਰਾਮ ਬਾਬੂ ਯਾਦਵ ਦੀ ਮੌਤ ਹੋ ਗਈ। ਸ਼ਰਾਬ ਪੀਣ ਨਾਲ ਪੱਪੂ ਅਤੇ ਭੋਲਾ ਰਾਮ ਦੀਆਂ ਦੋਵੇਂ ਅੱਖਾਂ ਦੀ ਰੋਸ਼ਨੀ ਘੱਟ ਹੋ ਗਈ ਹੈ। ਇਨ੍ਹਾਂ ਨੂੰ ਗੋਪਾਲਗੰਜ ਸਦਰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜ਼ਹਿਰੀਲੀ ਸ਼ਰਾਬ ਵੇਚਣ ਦੇ ਮਾਮਲੇ ਵਿਚ ਦੋਵੇਂ ਮੁਲਜ਼ਮ ਘਰ ਛੱਡ ਕੇ ਫ਼ਰਾਰ ਹੋ ਗਏ ਹਨ।
ਇਸ ਸਬੰਧੀ ਸਦਰ ਐੱਸਡੀਪੀਓ ਸੰਜੀਵ ਕੁਮਾਰ ਨੇ ਦੱਸਿਆ ਕਿ ਪੰਜ ਲੋਕਾਂ ਦੀ ਮੌਤ ਹੋਈ ਹੈ। ਸ਼ਰਾਬ ਪੀਣ ਦੀ ਗੱਲ ਲੋਕਾਂ ਵੱਲੋਂ ਦੱਸੀ ਜਾ ਰਹੀ ਹੈ। ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਇਨ੍ਹਾਂ ਲੋਕਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ।