ਨਵੀਂ ਦਿੱਲੀ – ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ’ਚ ਸਥਿਰਤਾ ਬਣੀ ਹੋਈ ਹੈ। ਰੋਜ਼ਾਨਾ ਔਸਤਨ 12 ਹਜ਼ਾਰ ਦੇ ਆਸਪਾਸ ਨਵੇਂ ਮਾਮਲੇ ਮਿਲ ਰਹੇ ਹਨ। ਪਿਛਲੇ 24 ਘੰਟਿਆਂ ਦੌਰਾਨ ਕਰੀਬ 13 ਹਜ਼ਾਰ ਨਵੇਂ ਮਾਮਲੇ ਪਏ ਗਏ ਹਨ ਤੇ 221 ਹੋਰ ਮਰੀਜ਼ਾਂ ਦੀ ਜਾਨ ਗਈ ਹੈ। ਸਰਗਰਮ ਮਾਮਲੇ ਡੇਢ ਲੱਖ ਤੋਂ ਹੇਠਾਂ ਆ ਗਏ ਹਨ, ਜੋ ਕੁਲ ਮਾਮਲਿਆਂ ਦਾ 0.43 ਫ਼ੀਸਦੀ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ’ਚ ਕੋਰੋਨਾ ਦੇ ਮਰੀਜ਼ਾਂ ਦੀ ਠੀਕ ਹੋਣ ਦੀ ਦਰ ਲਗਾਤਾਰ ਸੁਧਰ ਰਹੀ ਹੈ ਤੇ ਮੌਤ ਦਰ ਸਥਿਰ ਹੈ। ਪਿਛਲੇ 32 ਦਿਨਾਂ ਤੋਂ ਰੋਜ਼ਾਨਾ ਇਨਫੈਕਸ਼ਨ ਦਰ ਤੇ 42 ਦਿਨਾਂ ਤੋਂ ਹਫ਼ਤਾਵਾਰੀ ਇਨਫੈਕਸ਼ਨ ਦਰ ਦੋ ਫ਼ੀਸਦੀ ਤੋਂ ਹੇਠਾਂ ਬਣੀ ਹੋਈ ਹੈ।ਮੰਤਰਾਲੇ ਮੁਤਾਬਕ ਕੇਂਦਰ ਸਰਕਾਰ ਵੱਲੋਂ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਹੁਣ ਤਕ ਕੋਰੋਨਾ ਰੋਕਥਾਮ ਵੈਕਸੀਨ ਦੀਆਂ 116.50 ਕਰੋੜ ਡੋਜ਼ ਮੁਹੱਈਆ ਕਰਵਾਈਆਂ ਗਈਆਂ ਹਨ। ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੋਲ ਹਾਲੇ 15.54 ਕਰੋੜ ਡੋਜ਼ ਵਰਤੋਂ ’ਚ ਲਿਆਉਣ ਲਈ ਉਪਲਬਧ ਹਨ। ਕੋਵਿਨ ਪੋਰਟਲ ਦੇ ਅੰਕੜਿਆਂ ਮੁਤਾਬਕ ਸ਼ੁੱਕਰਵਾਰ ਸ਼ਾਮ ਛੇ ਵਜੇ ਤਕ ਕੁਲ 107.90 ਕਰੋੜ ਡੋਜ਼ ਲਗਾਈ ਜਾ ਚੁੱਕੀ ਸੀ। ਇਨ੍ਹਾਂ ’ਚੋਂ 74.00 ਕਰੋੜ ਪਹਿਲੀ ਤੇ 33.90 ਕਰੋੜ ਦੂਜੀ ਡੋਜ਼ ਸ਼ਾਮਲ ਹੈ।