ਨਵੀਂ ਦਿੱਲੀ – ਕੋਰੋਨਾ ਤੋਂ ਬਾਅਦ ਹੁਣ ਡੇਂਗੂ ਵੀ ਰੂਪ ਬਦਲ ਕੇ ਸਾਹਮਣੇ ਆਇਆ ਹੈ। ਇਸ ਵਾਰ ਡੇਂਗੂ ਦੇ ਲੱਛਣ ਬਦਲੇ ਹੋਏ ਹਨ। ਇਸੇ ਕਾਰਨ ਡੇਂਗੂ ਦੀ ਜਦੋਂ ਪੁਸ਼ਟੀ ਹੁੰਦੀ ਹੈ, ਇਹ ਜਾਨਲੇਵਾ ਰੂੁਪ ਧਾਰਨ ਕਰ ਚੁੱਕਾ ਹੁੰਦਾ ਹੈ। ਅਜਿਹੇ ’ਚ ਡਾਕਟਰ ਕਹਿੰਦੇ ਹਨ ਕਿ ਹਲਕਾ ਬੁਖ਼ਾਰ ਆਉਣ ’ਤੇ ਵੀ ਤੁਰੰਤ ਡੇਂਗੂ ਦੀ ਜਾਂਚ ਕਰਵਾਓ, ਤਾਂਕਿ ਸਮਾਂ ਰਹਿੰਦੇ ਪਲੇਟਲੈਟਸ ਡਿੱਗਣ ਤੋਂ ਰੋਕੇ ਜਾ ਸਕਣ। ਬਦਲਦੇ ਮੌਸਮ ਦੇ ਨਾਲ ਹੀ ਮੱਛਰਾਂ ਤੋਂ ਪੈਦਾ ਬਿਮਾਰੀਆਂ ਦਾ ਕਹਿਰ ਵਧ ਰਿਹਾ ਹੈ। ਇਨ੍ਹਾਂ ਬਿਮਾਰੀਆਂ ’ਚ ਪ੍ਰਮੁੱਖ ਤੌਰ ’ਤੇ ਡੇਂਗੂ, ਮਲੇਰੀਆ ਤੇ ਚਿਕਨਗੁਨੀਆ ਸ਼ਾਮਲ ਹਨ। ਡੇਂਗੂ ਦਾ ਪ੍ਰਮੁੱਖ ਲੱਛਣ ਤੇਜ਼ ਬੁਖ਼ਾਰ, ਸਰੀਰ ਦਰਦ ਤੇ ਥਕਾਵਟ ਹੈ, ਪਰ ਇਸ ਵਾਰ ਜ਼ਿਆਦਾਤਰ ਮਰੀਜ਼ਾਂ ’ਚ ਇਹ ਲੱਛਣ ਦਿਖਾਈ ਨਹੀਂ ਦੇ ਰਹੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਇਸ ਵਾਰ ਡੇਂਗੂ ਦੇ ਜੋ ਮਾਮਲੇ ਆ ਰਹੇ ਹਨ। ਉਨ੍ਹਾਂ ’ਚ ਮਰੀਜ਼ਾਂ ਨੂੰ ਤੇਜ਼ ਬੁਖ਼ਾਰ ਦੀ ਸ਼ਿਕਾਇਤ ਘੱਟ ਹੋ ਰਹੀ ਹੈ। ਇਸ ਨਾਲ ਲੋਕ ਲਾਪਰਵਾਹੀ ਕਰ ਰਹੇ ਹਨ। ਜਦੋਂ ਜਾਂਚ ਵਿਚ ਘੱਟ ਪਲੇਟਲੈਟਸ ਦਾ ਪਤਾ ਲਗਦਾ ਹੈ, ਉਦੋਂ ਤਕ ਸਥਿਤੀ ਗੰਭੀਰ ਹੋ ਜਾਂਦੀ ਹੈ। ਦਿੱਲੀ ਸਥਿਤ ਸਵਾਮੀ ਦਯਾਨੰਦ ਹਸਪਤਾਲ ਦੇ ਮੈਡੀਸਿਨ ਵਿਭਾਗ ਦੇ ਡਾਕਟਰ ਡੀ ਚਕਰਵਰਤੀ ਨੇ ਦੱਸਿਆ ਕਿ ਫਿਲਹਾਲ ਉਨ੍ਹਾਂ ਦੇ ਇੱਥੇ ਡੇਂਗੂ ਦੇ 130 ਮਰੀਜ਼ ਭਰਤੀ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਮਰੀਜ਼ਾਂ ਨੂੰ ਹਲਕੇ ਬੁਖ਼ਾਰ ਦੀ ਸ਼ਿਕਾਇਤ ਸੀ। ਹਾਲਾਂਕਿ ਜਾਂਚ ਵਿਚ ਪਲੇਟਲੈਟਸ 10 ਤੋਂ ਲੈ ਕੇ 25 ਹਜ਼ਾਰ ਵਿਚਕਾਰ ਪਾਈ ਗਈ। ਇਸਦੇ ਕਾਰਨ ਉਨ੍ਹਾਂ ਨੂੰ ਭਰਤੀ ਕਰਨਾ ਪਿਆ ਹੈ। ਡੇਂਗੂ ਦੇ ਨਵੇਂ ਲੱਛਣਾਂ ਨੂੰ ਲੈ ਕੇ ਡਾ. ਚਕਰਵਰਤੀ ਨੇ ਕਿਹਾ ਹੈ ਕਿ ਅਜਿਹਾ ਲਗਦਾ ਹੈ ਕਿ ਇਸ ਵਾਰ ਕੋਰੋਨਾ ਇਨਫੈਕਸ਼ਨ ਤੋਂ ਬਾਅਦ ਡੇਂਗੂ ਕਾਰਨ ਲੋਕਾਂ ’ਚ ਇਸ ਤਰ੍ਹਾਂ ਦੇ ਲੱਛਣ ਆ ਰਹੇ ਹਨ। ਅਸਲ ’ਚ ਉਨ੍ਹਾਂ ਦਾ ਮੰਨਣਾ ਹੈ ਕਿ ਡੇਂਗੂ ਨਾਲ ਸਰੀਰ ’ਚ ਐਂਟੀਬਾਡੀ ਬਣ ਜਾਂਦੀ ਹੈ। ਇਸ ਕਾਰਨ ਮਰੀਜ਼ ਨੂੰ ਡੇਂਗੂ ਹੋਣ ’ਤੇ ਤੇਜ਼ ਬੁਖ਼ਾਰ ਤਾਂ ਨਹੀਂ ਆ ਰਿਹਾ, ਪਰ ਪਲੇਟਲੈਟਸ ਤੇਜ਼ੀ ਨਾਲ ਡਿੱਗ ਰਹੇ ਹਨ। ਹਾਲਾਂਕਿ ਹਾਲੇ ਅਜਿਹਾ ਕੋਈ ਅਧਿਐਨ ਸਾਹਮਣੇ ਨਹੀਂ ਆਇਆ ਹੈ, ਜਿਸ ਨਾਲ ਇਸ ਨੂੰ ਲੈ ਕੇ ਕੋਈ ਸਪਸ਼ਟ ਦਾਅਵਾ ਕੀਤਾ ਜਾ ਸਕੇ।
previous post