ਆਬੂ ਧਾਬੀ – ਟੀ-20 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ ਵਿਚ ਦੋ ਅਜਿਹੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ ਜਿਨ੍ਹਾਂ ਦਾ ਕ੍ਰਿਕਟ ਸਟਾਈਲ ਇਕ ਦੂਜੇ ਤੋਂ ਵੱਖ ਹੈ। ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਵੀਰਵਾਰ ਨੂੰ ਪਾਕਿਸਤਾਨ ਦਾ ਸਾਹਮਣਾ ਆਸਟ੍ਰੇਲੀਆ ਨਾਲ ਹੋਵੇਗਾ। ਇਸ ਵਿਸ਼ਵ ਕੱਪ ਤੋਂ ਪਹਿਲਾਂ ਪਾਕਿਸਤਾਨ ਲਗਾਤਾਰ ਇਕੋ ਜਿਹਾ ਪ੍ਰਦਰਸ਼ਨ ਕਰਨ ਵਿਚ ਅਸਮਰੱਥ ਸੀ ਪਰ ਉਸ ਨੇ ਬਾਬਰ ਆਜ਼ਮ ਦੀ ਕਪਤਾਨੀ ਵਿਚ ਇੱਥੇ ਸੁਪਰ-12 ਦੇ ਆਪਣੇ ਸਾਰੇ ਪੰਜ ਮੈਚ ਜਿੱਤੇ ਤੇ ਨਾਲ ਹੀ ਧੁਰ ਵਿਰੋਧੀ ਭਾਰਤ ਨੂੰ ਪਹਿਲੀ ਵਾਰ ਕਿਸੇ ਵਿਸ਼ਵ ਕੱਪ ਵਿਚ ਹਰਾਇਆ। ਇਹ ਇੱਕੋ ਇਕ ਅਜਿਹੀ ਟੀਮ ਹੈ ਜੋ ਇਸ ਟੂਰਨਾਮੈਂਟ ਵਿਚ ਅਜੇਤੂ ਰਹੀ ਹੈ। ਉਥੇ ਸਭ ਤੋਂ ਵੱਧ ਸੱਤ ਆਈਸੀਸੀ ਟਰਾਫੀਆਂ ਜਿੱਤਣ ਵਾਲੀ ਆਸਟ੍ਰੇਲੀਆ ਨੂੰ ਇਸ ਟੂਰਨਾਮੈਂਟ ਦਾ ਦਾਅਵੇਦਾਰ ਨਹੀਂ ਮੰਨਿਆ ਜਾ ਰਿਹਾ ਸੀ ਪਰ ਆਰੋਨ ਫਿੰਚ ਦੀ ਕਪਤਾਨੀ ਵਿਚ ਟੀਮ ਨੇ ਸਹੀ ਸਮੇਂ ‘ਤੇ ਲੈਅ ਹਾਸਲ ਕਰ ਲਈ ਹੈ। ਦੁਬਈ ਦੇ ਹਾਲਾਤ ਦੀ ਗੱਲ ਕਰੀਏ ਤਾਂ ਪਾਕਿਸਤਾਨੀ ਟੀਮ ਇੱਥੇ ਕਾਫੀ ਸਹਿਜ ਹੈ। 2009 ਵਿਚ ਸ੍ਰੀਲੰਕਾ ਦੀ ਟੀਮ ਬੱਸ ‘ਤੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਵਿਚ ਲੰਬੇ ਸਮੇਂ ਤਕ ਅੰਤਰਰਾਸ਼ਟਰੀ ਕ੍ਰਿਕਟ ਨਹੀਂ ਹੋਈ ਤੇ ਇਸ ਦੇਸ਼ ਨੇ ਯੂਏਈ ਵਿਚ ਆਪਣੇ ਘਰੇਲੂ ਮੈਚ ਖੇਡੇ। ਪਾਕਿਸਤਾਨ ਸੁਪਰ ਲੀਗ ਦੇ ਕਈ ਸੈਸ਼ਨ ਵੀ ਇੱਥੇ ਕਰਵਾ ਚੁੱਕਾ ਹੈ। ਇਸ ਟੂਰਨਾਮੈਂਟ ਵਿਚ ਭਾਰਤ ਦੇ ਖ਼ਿਲਾਫ਼ ਇਤਿਹਾਸਕ ਜਿੱਤ ਨੇ ਉਸ ਦੇ ਅੰਦਰ ਦੇ ਜਜ਼ਬੇ ਨੂੰ ਵਧਾ ਦਿੱਤਾ ਹੈ। ਵਿਸ਼ਵ ਕੱਪ ਤੋਂ ਪਹਿਲਾਂ ਇੰਗਲੈਂਡ ਤੇ ਨਿਊਜ਼ੀਲੈਂਡ ਨੇ ਪਾਕਿਸਤਾਨ ਦਾ ਦੌਰਾ ਰੱਦ ਕਰ ਦਿੱਤਾ ਸੀ। ਟੀਮ ਨੂੰ ਅਭਿਆਸ ਵੀ ਨਹੀਂ ਮਿਲਿਆ ਪਰ ਉਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖ਼ਾਸ ਤੌਰ ‘ਤੇ ਉਨ੍ਹਾਂ ਦੇ ਕਪਤਾਨ ਬਾਬਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ। ਟੂਰਨਾਮੈਂਟ ਵਿਚ ਸਭ ਤੋਂ ਵੱਧ 264 ਦੌੜਾਂ ਬਣਾ ਕੇ ਉਨ੍ਹਾਂ ਨੇ ਟੀਮ ਦੀ ਸ਼ਾਨਦਾਰ ਅਗਵਾਈ ਕੀਤੀ ਹੈ। ਉਨ੍ਹਾਂ ਨੇ ਚਾਰ ਅਰਧ ਸੈਂਕੜੇ ਲਾਉਣ ਨਾਲ ਇਹ ਵੀ ਤੈਅ ਕੀਤਾ ਕਿ ਟੀਮ ਭਾਰਤ ਨੂੰ ਹਰਾਉਣ ਤੋਂ ਬਾਅਦ ਲੋੜ ਤੋਂ ਵੱਧ ਆਤਮਵਿਸ਼ਵਾਸ ਦਾ ਸ਼ਿਕਾਰ ਨਾ ਹੋ ਜਾਵੇ। ਸਭ ਤੋਂ ਵੱਧ ਆਈਸੀਸੀ ਟੂਰਨਾਮੈਂਟ ਜਿੱਤਣ ਵਾਲੀ ਟੀਮ ਅਜੇ ਤਕ ਕੋਈ ਟੀ-20 ਵਿਸ਼ਵ ਕੱਪ ਨਹੀਂ ਜਿੱਤ ਸਕੀ ਹੈ। ਟੀਮ 2010 ਵਿਚ ਉੱਪ ਜੇਤੂ ਰਹੀ ਸੀ। ਆਸਟ੍ਰੇਲੀਆ ਨੂੰ ਇਸ ਟੂਰਨਾਮੈਂਟ ਵਿਚ ਸਿਰਫ਼ ਇੰਗਲੈਂਡ ਨੇ ਅੱਠ ਵਿਕਟਾਂ ਨਾਲ ਹਰਾਇਆ ਹੈ। ਆਸਟ੍ਰੇਲੀਆ ਨੂੰ ਦਬਾਅ ਦੇ ਹਾਲਾਤ ਨਾਲ ਨਜਿੱਠਣਾ ਚੰਗੀ ਤਰ੍ਹਾਂ ਆਉਂਦਾ ਹੈ ਤੇ ਇਹੀ ਉਹ ਖੇਤਰ ਹੈ ਜਿਸ ਵਿਚ ਇਹ ਟੀਮ ਪਾਕਿਸਤਾਨ ‘ਤੇ ਭਾਰੀ ਪਵੇਗੀ। ਆਈਪੀਐੱਲ ਵਿਚ ਫਲਾਪ ਹੋ ਕੇ ਸਨਰਾਈਜ਼ਰਜ਼ ਹੈਦਰਾਬਾਦ ਦੇ ਆਖ਼ਰੀ ਇਲੈਵਨ ‘ਚੋਂ ਬਾਹਰ ਹੋਏ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਕਮਾਲ ਦੀ ਵਾਪਸੀ ਕੀਤੀ ਹੈ। ਉਹ ਦੋ ਅਰਧ ਸੈਂਕੜੇ ਲਾ ਚੁੱਕੇ ਹਨ। ਫਿੰਚ ਵੀ ਉਨ੍ਹਾਂ ਦਾ ਚੰਗਾ ਸਾਥ ਨਿਭਾਅ ਰਹੇ ਹਨ।
previous post