ਨਿਊਯਾਰਕ – ਜਰਨਲ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਅਨੁਸਾਰ ਅਮਰੀਕਾ ਵਿੱਚ ਕੋਰੋਨਾ ਦੀ ਲਾਗ ਦੇ ਮਹੀਨਿਆਂ ਬਾਅਦ ਵੀ ਲੱਖਾਂ ਲੋਕਾਂ ਨੂੰ ਸੁੰਘਣ ਦਾ ਅਹਿਸਾਸ ਨਹੀਂ ਹੋ ਸਕਿਆ ਹੈ। ਅਧਿਐਨ ਅਨੁਸਾਰ ਅਮਰੀਕਾ ਵਿੱਚ ੭,00,000 ਤੋਂ 16 ਲੱਖ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਕੋਰੋਨਾ ਸੀ ਤੇ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਸੁੰਘਣ ਦੀ ਸਮੱਸਿਆ ਆ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇਹ ਲੋਕ ਪਿਛਲੇ ਛੇ ਮਹੀਨਿਆਂ ਤੋਂ ਗੰਧ ਨੂੰ ਮਹਿਸੂਸ ਨਹੀਂ ਕਰ ਪਾ ਰਹੇ ਹਨ। ਸੇਂਟ ਲੁਈਸ ਸਥਿਤ ਵਾਸ਼ਿੰਗਟਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਦੇ ਖੋਜੀਆਂ ਨੇ ਪਾਇਆ ਕਿ ਜ਼ਿਆਦਾਤਰ ਲੋਕ ਹੌਲੀ-ਹੌਲੀ ਸੁੰਘਣ ਦੀ ਸਮਰੱਥਾ ਨੂੰ ਠੀਕ ਕਰ ਲੈਂਦੇ ਹਨ, ਪਰ ਕੁਝ ਲੋਕ ਇਸ ਨੂੰ ਦੁਬਾਰਾ ਹਾਸਲ ਨਹੀਂ ਕਰ ਪਾਉਂਦੇ ਹਨ। ਖੋਜਕਰਤਾ ਇਸ ਨੂੰ ਚਿੰਤਾਜਨਕ ਮੰਨ ਰਹੇ ਹਨ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਇਹ ਅੰਕੜੇ ਇਕ ਨਵੀਂ ਜਨਤਕ ਸਿਹਤ ਚਿੰਤਾ ਵੱਲ ਇਸ਼ਾਰਾ ਕਰਦੇ ਹਨ ਅਤੇ ਹੋਰ ਅਧਿਐਨ ਦੀ ਮੰਗ ਕਰਦੇ ਹਨ।ਰਿਪੋਰਟ ‘ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਇਕ ਅਧਿਐਨ ਵਿਚ ਪਾਇਆ ਗਿਆ ਸੀ ਕਿ ਕੋਰੋਨਾ ਤੋਂ ਠੀਕ ਹੋਏ 72 ਪ੍ਰਤੀਸ਼ਤ ਲੋਕਾਂ ਨੇ ਇਕ ਮਹੀਨੇ ਬਾਅਦ ਆਪਣੀ ਸੁੰਘਣ ਦੀ ਸਮਰੱਥਾ ਨੂੰ ਹਾਸਲ ਕਰ ਲਿਆ, ਪਰ ਕੁਝ ਲਈ ਇਹ ਬਹੁਤ ਹੌਲੀ ਪ੍ਰਕਿਰਿਆ ਰਹੀ। ਇਸ ਦੌਰਾਨ ਯੂਐਸ ਦੇ ਰਾਸ਼ਟਰਪਤੀ ਜੋ ਬਾਇਡਨ ਦੇ ਪ੍ਰਸ਼ਾਸਨ ਨੇ ਕੋਵਿਡ ਰੋਕੂ ਟੀਕਾ ਨਿਰਮਾਤਾ ਕੰਪਨੀਆਂ ਨੂੰ ਵੈਕਸੀਨ ਦੇ ਘਰੇਲੂ ਉਤਪਾਦਨ ‘ਚ ਤੇਜ਼ੀ ਲਿਆਉਣ ਲਈ ਐਂਟੀ-ਕੋਵਿਡ ਵੈਕਸੀਨ ਨਿਰਮਾਤਾਵਾਂ ਨੂੰ ਅਰਬਾਂ ਡਾਲਰ ਦੇ ਨਿਵੇਸ਼ ਦਾ ਪ੍ਰਸਤਾਵ ਦਿੱਤਾ ਹੈ। ਰਾਸ਼ਟਰਪਤੀ ਚਾਹੁੰਦੇ ਹਨ ਕਿ ਕੰਪਨੀਆਂ ਐਂਟੀ-ਕੋਵਿਡ ਵੈਕਸੀਨ ਦੀ ਇਕ ਅਰਬ ਡੋਜ਼ ਦਾ ਵਾਧੂ ਉਤਪਾਦਨ ਕਰਨ ਤਾਂ ਜੋ ਇਸਨੂੰ ਦੂਜੇ ਦੇਸ਼ਾਂ ਵਿੱਚ ਵੰਡਿਆ ਜਾ ਸਕੇ।