ਪਟਿਆਲਾ – ਕੈਪਟਨ ਅਮਰਿੰਦਰ ਸਿੰਘ ਨੇ ਨਵੀਂ ਪਾਰਟੀ ਦੇ ਗਠਨ ਤੋਂ ਬਾਅਦ ਪਟਿਆਲਾ ਤੋਂ ਚੋਣ ਲੜਨ ਐਲਾਨ ਕਰ ਦਿੱਤਾ ਹੈ। ਗੱਲਬਾਤ ਕਰਦਿਆਂ ਕੈਪਟਨ ਸਾਹਿਬ ਨੇ ਕਿਹਾ ਕਿ ਪਟਿਆਲਾ ਨਾਲ ਉਨ੍ਹਾਂ ਦੇ ਪਰਿਵਾਰ ਦੀ ਚਾਰ ਸੌ ਸਾਲ ਪੁਰਾਣੀ ਸਾਂਝ ਹੈ ਤੇ ਉਹ ਸਿਰਫ਼ ਨਵਜੋਤ ਸਿੱਧੂ ਕਰ ਕੇ ਮੈਦਾਨ ਨਹੀਂ ਛੱਡਣ ਵਾਲੇ। ਕੈਪਟਨ ਦਾ ਪਰਿਵਾਰ ਇੱਥੋਂ ਬਾਕਾਇਦਾ ਰਾਜਨੀਤਕ ਪਿੜ ਸਰ ਕਰਦਾ ਰਿਹਾ ਹੈ। ਕੈਪਟਨ ਨੇ ਤਿੰਨ ਵਾਰ ਹਾਰ ਵੀ ਝੱਲੀ, ਪਰ ਉਹ ਪਟਿਆਲਾ ਤੋਂ 1980 ‘ਚ ਵੋਟਾਂ ਦੇ ਵੱਡੇੇ ਫਰਕ ਨਾਲ ਐਮਪੀ ਬਣੇ ਸਨ। ਉਹ ਪਹਿਲੀ ਵਾਰ 1985 ‘ਚ ਤਲਵੰਡੀ ਸਾਬੋ ਅਤੇ ਦੂਜੀ ਵਾਰ 1992 ‘ਚ ਸਮਾਣਾ ਤੋਂ ਵਿਧਾਇਕ ਬਣੇ ਸਨ। ਸੰਨ 2002, 2007, 2012 ਅਤੇ 2017 ‘ਚ ਲਗਾਤਾਰ ਚਾਰ ਵਾਰ ਉਹ ਪਟਿਆਲਾ ਸ਼ਹਿਰੀ ਹਲਕੇ ਤੋਂ ਕਾਂਗਰਸ ਦੀ ਟਿਕਟ ‘ਤੇ ਵਿਧਾਇਕ ਬਣੇ। ਹਾਲਾਂਕਿ ਐਤਕੀਂ ਹਾਲਾਤ ਵੱਖਰੇ ਹਨ ਤੇ ਚੋਣ ਦਿ੍ਰਸ਼ ਦਿਲਚਸਪ ਹੋ ਗਿਆ ਹੈ।
ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਪ੍ਰਨੀਤ ਕੌਰ ਜੋ ਪਟਿਆਲਾ ਤੋਂ ਲੋਕ ਸਭਾ ਮੈਂਬਰ ਹਨ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਉਹ ਕਾਂਗਰਸ ਵਿੱਚ ਰਹਿਣ ਜਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਣਾਈ ਨਵੀਂ ਪਾਰਟੀ ਵਿੱਚ ਜਾਣਗੇ ਤਾਂ ਉਨ੍ਹਾਂ ਜਵਾਬ ਦਿੰਦਿਆਂ ਸਪੱਸ਼ਟ ਕੀਤਾ ਕਿ ਉਹ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਖੜ੍ਹੇ ਹਨ।