ਲੰਡਨ – ਕੋਰੋਨਾ ਜਾਂਚ ’ਚ ਸਿਆਹਫਾਮ ਤੇ ਗੋਰੇ ਲੋਕਾਂ ਦਰਮਿਆਨ ਭੇਦਭਾਵ ਕਰਨ ਵਾਲੇ ਮੈਡੀਕਲ ਉਪਕਰਨਾਂ ਦੇ ਮੁੱਦੇ ’ਤੇ ਹੰਗਾਮਾ ਹੋ ਗਿਆ ਹੈ। ਬਰਤਾਨੀਆ ਨੇ ਇਸ ਦੀ ਕੌਮਾਂਤਰੀ ਪੱਧਰ ’ਤੇ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ, ਨਾਲ ਹੀ ਆਪਣੇ ਇੱਥੇ ਇਸ ਦੇ ਲਈ ਇਕ ਕਮਿਸ਼ਨ ਦਾ ਗਠਨ ਵੀ ਕਰ ਦਿੱਤਾ ਗਿਆ ਹੈ।ਖ਼ੂਨ ’ਚ ਆਕਸੀਜਨ ਦੇ ਪੱਧਰ ਦੀ ਜਾਂਚ ਕਰਨ ਵਾਲੇ ਉਪਕਰਨ ਆਕਸੀਮੀਟਰ ਨਾਲ ਗੋਰੇ ਤੇ ਸਿਆਹਫਾਮ ਲੋਕਾਂ ਦੀ ਜਾਂਚ ’ਚ ਫ਼ਰਕ ਪਾਇਆ ਗਿਆ ਹੈ। ਗੋਰੀ ਚਮੜੀ ਵਾਲਿਆਂ ਦੀ ਜਾਂਚ ਰਿਪੋਰਟ ਸਟੀਕ ਪਾਈ ਗਈ ਹੈ, ਜਦਕਿ ਕਾਲੀ ਚਮੜੀ ਵਾਲੇ ਲੋਕਾਂ ਦੀ ਜਾਂਚ ਖ਼ਾਮੀਆਂ ਭਰਪੂਰ ਮਿਲੀ ਹੈ।ਬਰਤਾਨੀਆ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਕਿਹਾ ਕਿ ਉਨ੍ਹਾਂ ਨੇ ਇਸ ਅਸਮਾਨਤਾ ਦੀ ਜਾਣਕਾਰੀ ਹੋਣ ’ਤੇ ਉਸ ਦੀ ਜਾਂਚ ਲਈ ਇਕ ਕਮਿਸ਼ਨ ਦਾ ਗਠਨ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਦੁਨੀਆ ਭਰ ’ਚ ਵਿਵਸਥਤ ਤਰੀਕੇ ਨਾਲ ਹੋਇਆ ਹੈ। ਇਹ ਕੁਝ ਮੈਡੀਕਲ ਉਪਕਰਨਾਂ ’ਚ ਪਹਿਲਾਂ ਤੋਂ ਬਣੀ ਨਸਲੀ ਧਾਰਨਾ ਦਾ ਮਾਮਲਾ ਹੈ। ਹਾਲਾਂਕਿ ਇਹ ਅਣਜਾਣੇ ’ਚ ਹੈ, ਪਰ ਮੌਜੂਦ ਹੈ ਤੇ ਆਕਸੀਮੀਟਰ ਇਸ ਦਾ ਸਭ ਤੋਂ ਚੰਗਾ ਉਦਾਹਰਣ ਹੈ। ਬੀਬੀਸੀ ਨਾਲ ਗੱਲਬਾਤ ’ਚ ਇਹ ਪੁੱਛੇ ਜਾਣ ’ਤੇ ਕਿ ਕੀ ਇਸ ਅਸਮਾਨਤਾ ਕਾਰਨ ਕਾਲੇ ਲੋਕਾਂ ਦੀ ਕੋਰੋਨਾ ਨਾਲ ਜ਼ਿਆਦਾ ਮੌਤ ਹੋਈ ਹੋਵੇਗੀ, ਜਾਵਿਦ ਨੇ ਕਿਹਾ ਕਿ ਅਜਿਹਾ ਹੋਇਆ ਹੋਵੇਗਾ, ਹਾਲਾਂਕਿ ਉਨ੍ਹਾਂ ਕੋਲ ਇਸ ਦੇ ਸਬੰਧ ’ਚ ਪੁਖ਼ਤਾ ਤੱਥ ਨਹੀਂ ਹਨ। ਸਿਹਤ ਮੰਤਰਾਲੇ ਵੱਲੋਂ ਬਿਆਨ ’ਚ ਕਿਹਾ ਗਿਆ ਹੈ ਕਿ ਕਮਿਸ਼ਨ ਇਹ ਜਾਂਚ ਕਰੇਗਾ ਕਿ ਕੀ ਮੌਜੂਦਾ ਮੈਡੀਕਲ ਉਪਕਰਨਾਂ ’ਚ ਇਹ ਗੜਬੜੀ ਬਣੀ ਹੋਈ ਹੈ ਤੇ ਇਸ ਨਾਲ ਨਜਿੱਠਣ ਤੇ ਮੈਡੀਕਲ ਉਪਕਰਨਾਂ ਨੂੰ ਤਿਆਰ ਕਰਨ ’ਤੇ ਆਪਣੀ ਸਿਫ਼ਾਰਸ਼ ਕਰੇਗਾ। ਉਨ੍ਹਾਂ ਨੇ ਅਗਲੇ ਸਾਲ ਜਨਵਰੀ ਤਕ ਕਮਿਸ਼ਨ ਦੀ ਜਾਂਚ ਰਿਪੋਰਟ ਆਉਣ ਦੀ ਆਸ ਪ੍ਰਗਟਾਈ।ਜਾਵਿਦ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਮੱਸਿਆ ਬਾਰੇ ਉਸ ਵੇਲੇ ਜਾਣਕਾਰੀ ਹੋਈ ਜਦੋਂ ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਬ੍ਰਿਟੇਨ ’ਚ ਮਰਨ ਤੇ ਹਸਪਤਾਲ ’ਚ ਗੰਭੀਰ ਸਥਿਤੀ ’ਚ ਭਰਤੀ ਹੋਣ ਵਾਲਿਆਂ ’ਚ ਸਿਆਹਫਾਮ ਤੇ ਹੋਰ ਘੱਟਗਿਣਤੀ ਨਸਲੀ ਪਿੱਠਭੂਮੀ ਵਾਲੇ ਲੋਕਾਂ ਦੀ ਗਿਣਤੀ ਜ਼ਿਆਦਾ ਕਿਉਂ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਮੱਸਿਆ ਨਾਲ ਨਜਿੱਠਣ ਲਈ ਦੂਜੇ ਦੇਸ਼ਾਂ ਨਾਲ ਮਿਲ ਕੇ ਕੰਮ ਕਰਨ ਦੀ ਯੋਜਨਾ ਬਣਾ ਰਹੇ ਹਨ ਤੇ ਉਨ੍ਹਾਂ ਦੀ ਆਪਣੇ ਅਮਰੀਕੀ ਹਮਰੁਤਬਾ ਨਾਲ ਇਸ ਮਸਲੇ ’ਤੇ ਗੱਲਬਾਤ ਵੀ ਹੋ ਚੁੱਕੀ ਹੈ ਤੇ ਉਨ੍ਹਾਂ ਨੇ ਇਸ ’ਚ ਦਿਲਚਸਪੀ ਵੀ ਦਿਖਾਈ ਹੈ।