ਚੰਡੀਗੜ੍ਹ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੋਗਾ ਦੇ ਮਹਿੰਗੇ ਹੋਟਲ ਪਹੁੰਚ ਗਏ ਜਿਸ ਤੋਂ ਬਾਅਦ ਉਨ੍ਹਾਂ ਤੀਜੀ ਗਾਰੰਟੀ ਪ੍ਰੋਗਰਾਮ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਕਿਸਾਨਾਂ ਨੂੰ ਖੇਤੀ ਕਾਨੂੰਨ ਵਾਪਸ ਲਏ ਜਾਣ ਦੀ ਵਧਾਈ ਦਿੱਤੀ। ਇਸ ਤੋਂ ਬਾਅਦ ਔਰਤਾਂ ਲਈ ਵੱਡਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ‘ਤੇ 18 ਸਾਲ ਤੋਂ ਉੱਪਰਲੀ ਹਰੇਕ ਔਰਤ ਦੇ ਖਾਤੇ ‘ਚ ਹਰ ਮਹੀਨੇ 1000 ਰੁਪਏ ਆਉਣਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਬੁਢਾਪਾ ਪੈਨਸ਼ਨ ਲੈਣ ਵਾਲੀਆਂ ਔਰਤਾਂ ਨੂੰ ਅਲੱਗ ਤੋਂ 1000 ਰੁਪਏ ਮਿਲਣਗੇ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹਵਾ ‘ਚ ਗੱਲ ਨਹੀਂ ਕਰਦਾ। ਉਨ੍ਹਾਂ ਕਿਹਾ ਕਿ 2022 ਦੀਆਂ ਚੋਣਾਂ ਪੰਜਾਬ ਦਾ ਭਵਿੱਖ ਬਦਲ ਸਕਦੀਆਂ ਹਨ। .ਇਹ ਚੋਣਾਂ ਸਭ ਨੇ ਮਿਲ ਜੁਲ ਕੇ ਲੜਨੀਆਂ ਹਨ ਉਨ੍ਹਾਂ ਕਿਹਾ ਕਿ ਮੈਂ ਕਈ ਦਿਨਾਂ ਤੋਂ ਦੇਖ ਰਿਹਾਂ ਕਿ ਇਕ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਉਹ ਜਿਹੜਾ ਵੀ ਵਾਅਦਾ ਕਰ ਕੇ ਜਾਂਦੇ ਹਨ, ਨਕਲੀ ਕੇਜਰੀਵਾਲ ਅਗਲੇ ਦਿਨ ਉਸੇ ਦਾ ਐਲਾਨ ਕਰ ਦਿੰਦਾ ਹੈ। ਕੇਜਰੀਵਾਲ ਨੇ ਕਿਹਾ ਕਿ ਇੱਕ ਹਜ਼ਾਰ ਰੁਪਏ ਭਾਵੇਂ ਕੋਈ ਬਹੁਤ ਜ਼ਿਆਦਾ ਨਹੀਂ ਪਰ ਇਸ ਨਾਲ ਔਰਤਾਂ ਨੂੰ ਹੌਸਲਾ ਮਿਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਬਹੁਤ ਪੈਸਾ ਹੁੰਦਾ ਹੈ ਪਰ ਮਾਫੀਆ ਖਤਮ ਕਰਨ ਦੀ ਇੱਛਾ ਹੋਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਚੰਨੀ ਦੇ ਸੱਜੇ ਖੱਬੇ ਮਾਫ਼ੀਆ ਚਲਾਉਣ ਵਾਲੇ ਲੋਕ ਬੈਠੇ ਹੁੰਦੇ ਹਨ। ਕੇਜਰੀਵਾਲ ਨੇ ਔਰਤਾਂ ਨੂੰ ਆਪਣੇ ਪਰਿਵਾਰਕ ਮੈਂਬਰ ਤੇ ਹੋਰਨਾਂ ਨੂੰ ਆਪ ਲਈ ਵੋਟਾਂ ਮੰਗਣ ਲਈ ਪ੍ਰੇਰਿਤ ਕੀਤਾ।ਕੇਜਰੀਵਾਲ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਨਾਮ ਲਏ ਬਗੈਰ ਉਨ੍ਹਾਂ ਨੂੰ ਨਕਲੀ ਕੇਜਰੀਵਾਲ ਦੱਸਦਿਆਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੀ ਰੀਸ ਕਰਦੇ ਹਨ ਵਾਅਦੇ ਕਰਦੇ ਹਨ ਪਰ ਪੂਰੇ ਨਹੀਂ ਕਰਦੇ। ਉਹਨਾਂ ਨਕਲੀ ਕੇਜਰੀਵਾਲ ਤੋ ਬਚ ਕੇ ਰਹਿਣ ਦੀ ਅਪੀਲ ਕੀਤੀਜ਼ਿਕਰਯੋਗ ਹੈ ਕਿ ਹਾਈ ਸਕਿਓਰਟੀ ‘ਚ ਮੋਗਾ ਪਹੁੰਚੇ ਕੇਜਰੀਵਾਲ ਦੇ ਤੀਜੀ ਗਾਰੰਟੀ ਪ੍ਰੋਗਰਾਮ ‘ਚ ਮੀਡੀਆ ਕਰਮੀਆਂ ਦੀ ਐਂਟਰੀ ਬੰਦ ਕਰ ਦਿੱਤੀ। ਔਰਤਾਂ ਦੇ ਇਸ ਸਮਾਗਮ ‘ਚ ਭਾਵੇਂ ਔਰਤਾਂ ਹੀ ਸ਼ਾਮਲ ਹਨ ਪਰ ਜ਼ਿਆਦਾਤਰ ਪਾਰਟੀ ਵਰਕਰਾਂ ਨੂੰ ਅੰਦਰ ਹੀ ਬੈਠਾਇਆ ਗਿਆ ਹੈ। ਮੀਡੀਆ ਦੀ ਰੋਕ ‘ਤੇ ਮੋਗਾ ਦੇ ਪੱਤਰਕਾਰਾਂ ‘ਚ ਰੋਸ ਹੈ।