ਅੰਮਿ੍ਤਸਰ – ਅਟਾਰੀ ਬਾਰਡਰ ਦੇ ਨੇੜੇ ਜਨਮੇ ਬੱਚੇ ‘ਬਾਰਡਰ’ ਨੂੰ ਉਸ ਪਾਰ ਪਹੁੰਚਾਉਣ ਲਈ ਹਰ ਪੱਖੋਂ ਯਤਨ ਸ਼ੁਰੂ ਹੋਏ ਹਨ। ਹਾਲਾਂਕਿ ਪਾਕਿਸਤਾਨ ਨੇ ਇਸ ਬੱਚੇ ਲਈ ਕੁਝ ਨਹੀਂ ਕੀਤਾ ਪਰ ਭਾਰਤ ਵਿਚ ਲੋਕ ਮਦਦਗਾਰ ਬਣ ਕੇ ਸਾਹਮਣੇ ਆਏ ਹਨ।ਸਿਵਲ ਸਰਜਨ ਅੰਮਿ੍ਤਸਰ ਡਾ. ਚਰਨਜੀਤ ਸਿੰਘ ਨੇ ਇਕ ਦਿਨ ਵਿਚ ਬੱਚੇ ਦਾ ਜਨਮ ਪ੍ਰਮਾਣ ਪੱਤਰ ਬਣਵਾਇਆ। ਬੁੱਧਵਾਰ ਨੂੰ ਪਿਤਾ ਬਾਲਮ ਰਾਮ, ਮਾਂ ਨਿੰਬੋ ਬਾਈ ਨੂੰ ਜੁਆਇੰਟ ਚੈੱਕ ਪੋਸਟ ਅਟਾਰੀ ‘ਤੇ ਬੁਲਾਇਆ ਗਿਆ ਤੇ ਮੁੰਡੇ ਦਾ ਪਾਸਪੋਰਟ ਬਣਵਾਉਣ ਲਈ ਦਿੱਲੀ ਜਾਣ ਨੂੰ ਕਿਹਾ।ਯਾਦ ਰਹੇ 99 ਪਾਕਿਸਤਾਨੀ ਹਿੰਦੂ ਪਰਿਵਾਰ ਆਪਣੇ ਵਤਨ ਤੋਂ ਹਰਿਦੁਆਰ ਆਏ ਸਨ। ਇਸ ਦੌਰਾਨ ਕੋਰੋਨਾ ਵਾਇਰਸ ਫੈਲ ਗਿਆ ਤਾਂ ਲਾਕਡਾਊਨ ਲੱਗ ਗਿਆ। ਇਸ ਮਗਰੋਂ ਉਹ ਜੋਧਪੁਰ ਚਲੇ ਗਏ ਤੇ ਮਿਹਨਤ ਮਜ਼ਦੂਰੀ ਕਰ ਕੇ ਗੁਜ਼ਾਰਾ ਕੀਤਾ। ਇਸ ਤੋਂ ਬਾਅਦ ਸਤੰਬਰ ਮਹੀਨੇ ਵਿਚ ਉਹ ਅਟਾਰੀ ਸਰਹੱਦ ‘ਤੇ ਪੁੱਜੇ ਪਰ ਵੀਜ਼ਾ ਦੀ ਮਿਆਦ ਖ਼ਤਮ ਹੋਣ ਕਾਰਨ ਪਾਕਿਸਤਾਨ ਨੇ ਉਨ੍ਹਾਂ ਨੂੰ ਅਪਨਾਉਣ ਤੋਂ ਨਾਂਹ ਕਰ ਦਿੱਤੀ ਸੀ।ਬਾਲਮ ਰਾਮ ਤੇ ਪਰਿਵਾਰ ਨੂੰ ਦਿੱਲੀ ਭੇਜਣ ਵਿਚ ਸਰਹੱਦੀ ਸੇਵਾ ਪੰਜਾਬ ਸੰਸਥਾ ਦੇ ਪੀਸੀ ਸ਼ਰਮਾ, ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਅਨੁਜ ਭੰਡਾਰੀ ਤੇ ਭਾਜਪਾ ਦੇ ਜਨਰਲ ਸੈਕਟਰੀ ਗੌਰਵ ਬਹਿਲ ਦੀ ਭੂਮਿਕਾ ਰਹੀ। ਇਸ ਪਰਿਵਾਰ ਦੀ ਆਰਥਕ ਮਦਦ ਕੀਤੀ ਗਈ। ਦਿੱਲੀ ਜਾਣ ਦਾ ਕਿਰਾਇਆ ਦਿੱਤਾ ਗਿਆ। ਅਨੁਜ ਭੰਡਾਰੀ ਮੁਤਾਬਕ ਦਿੱਲੀ ਸਥਿਤ ਪਾਕਿਸਤਾਨੀ ਸਫ਼ਾਰਤਖ਼ਾਨੇ ਵਿਚ ‘ਬਾਰਡਰ’ ਦਾ ਪਾਸਪੋਰਟ ਤਿਆਰ ਹੋਵੇਗਾ। ਇਸ ਪਿੱਛੋਂ ਪਰਿਵਾਰ ਨੂੰ ਸਹੀ-ਸਲਾਮਤ ਪਾਕਿਸਤਾਨ ਭੇਜਿਆ ਜਾਵੇਗਾ।