ਹਾਂਗਕਾਂਗ – ਹਾਂਗਕਾਂਗ ’ਚ ਲੋਕਤੰਤਰ ਹਮਾਇਤੀਆਂ ਦੀ ਆਵਾਜ਼ ਨੂੰ ਦਬਾਉਣ ਲਈ ਚੀਨ ਵੱਲੋਂ ਚੱਲੀ ਗਈ ਚਾਲ ਕਾਮਯਾਬ ਹੋ ਗਈ। ਵਿਧਾਨ ਸਭਾ ਚੋਣਾਂ ’ਚ ਚੀਨ ਦੀ ਹਮਾਇਤ ਵਾਲੇ ਉਮੀਦਵਾਰਾਂ ਨੂੰ ਭਾਰੀ ਜਿੱਤ ਮਿਲੀ ਜਦੋਂ ਕਿ ਮੱਧ-ਮਾਰਗੀ ਤੇ ਆਜ਼ਾਦ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਅਧੀਨ ਖੇਤਰ ਦੇ ਚੋਣ ਕਾਨੂੰਨ ’ਚ ਬਦਲਾਅ ਤੋਂ ਬਾਅਦ ਇਹ ਪਹਿਲੀਆਂ ਚੋਣਾਂ ਸਨ। ਚੀਨ ਨੇ ਇਹ ਪੱਕਾ ਕਰਨ ਲਈ ਕਾਨੂੰਨ ਪਾਸ ਕੀਤਾ ਸੀ ਕਿ ਸਿਰਫ ਬੀਜਿੰਗ ਪ੍ਰਤੀ ਨਿਸ਼ਠਾ ਰੱਖਣ ਵਾਲੇ ਲੋਕ ਹੀ ਸ਼ਹਿਰ ਦਾ ਪ੍ਰਸ਼ਾਸਨ ਸੰਭਾਲਣ।ਹਾਂਗਕਾਂਗ ਦੀ ਨੇਤਾ ਤੇ ਚੀਨ ਦੀ ਹਮਾਇਤੀ ਕੈਰੀ ਲੈਮ ਨੇ ਸੋਮਵਾਰ ਨੂੰ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਉਹ 30.2 ਫ਼ੀਸਦੀ ਵੋਟਿੰਗ ਹੋਣ ਦੇ ਬਾਵਜੂਦ ਸੰਤੁਸ਼ਟ ਹਨ। 1997 ’ਚ ਬਰਤਾਨੀਆ ਨੇ ਹਾਂਗਕਾਂਗ ਨੂੰ ਚੀਨ ਨੂੰ ਸੌਂਪਿਆ ਸੀ ਤੇ ਇਸ ਤੋਂ ਬਾਅਦ ਤੋਂ ਉਹ ਸਭ ਤੋਂ ਘੱਟ ਵੋਟਿੰਗ ਦਰ ਹੈ। ਲੈਮ ਨੇ ਕਿਹਾ ਵੋਟਿੰਗ ਲਈ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਵੋਟਰਾਂ ’ਚੋਂ ਵੋਟ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 92.5 ਫ਼ੀਸਦੀ ਸੀ ਜੋ 2012 ਤੇ 2016 ਦੀਆਂ ਚੋਣਾਂ ਦੇ ਮੁਕਾਬਲੇ ਜ਼ਿਆਦਾ ਹੈ। ਉਦੋਂ ਸਿਰਫ਼ 70 ਫ਼ੀਸਦੀ ਰਜਿਸਟਰਡ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਸੀ। ਲੈਮ ਨੇ ਕਿਹਾ, ‘ਬੀਜਿੰਗ ’ਚ ਨੇਤਾਵਾਂ ਨਾਲ ਕਈ ਮੁੱਦਿਆਂ ’ਤੇ ਗੱਲਬਾਤ ਹੋਵੇਗੀ। ਹਾਂਗਕਾਂਗ ਹੁਣ ਇਕ ਰਾਸ਼ਟਰ, ਦੋ ਪ੍ਰਣਾਲੀ ਦੇ ਸਹੀ ਟਰੈਕ ’ਤੇ ਪਰਤ ਚੁੱਕਾ ਹੈ।’ਵਿਰੋਧੀ ਪਾਰਟੀਆਂ ਚੋਣਾਂ ਦੀ ਆਲੋਚਨਾ ਕਰ ਰਹੀਆਂ ਹਨ। ਹਾਂਗਕਾਂਗ ’ਚ ਲੋਕਤੰਤਰ ਦੀ ਮੰਗ ਕਰਨ ਵਾਲੀ ਸਭ ਤੋਂ ਵੱਡੀ ਪਾਰਟੀ ਡੈਮੋਕ੍ਰੇਟਿਕ ਪਾਰਟੀ ਨੇ 1997 ਤੋਂ ਬਾਅਦ ਪਹਿਲੀ ਵਾਰ ਚੋਣਾਂ ’ਚ ਕਿਸੇ ਉਮੀਦਵਾਰ ਨੂੰ ਨਹੀਂ ਉਤਾਰਿਆ ਸੀ।ਨਵੇਂ ਕਾਨੂੰਨ ਤਹਿਤ ਵਿਧਾਨ ਪ੍ਰੀਸ਼ਦ ਲਈ ਚੁਣੇ ਗਏ ਮੈਂਬਰਾਂ ਦੀ ਗਿਣਤੀ 35 ਤੋਂ ਘਟਾ ਕੇ 20 ਕਰ ਦਿੱਤੀ ਗਈ ਹੈ, ਜਦੋਂਕਿ ਕੁੱਲ ਮੈਂਬਰਾਂ ਦੀ ਗਿਣਤੀ ’ਚ ਵਾਧਾ ਕੀਤਾ ਗਿਆ ਹੈ। ਹੁਣ 70 ਦੀ ਬਜਾਇ ਪ੍ਰੀਸ਼ਦ ਦੇ ਮੈਂਬਰਾਂ ਦੀ ਗਿਣਤੀ 90 ਹੋਵੇਗੀ। ਇਨ੍ਹਾਂ ’ਚੋਂ ਜ਼ਿਆਦਾਤਰ ਦੀ ਨਿਯੁਕਤੀ ਚੀਨ ਦੀ ਹਮਾਇਤ ਵਾਲੀਆਂ ਸੰਸਥਾਵਾਂ ਕਰਦੀਆਂ ਹਨ ਤੇ ਇਹ ਪੱਕਾ ਕੀਤਾ ਜਾਂਦਾ ਹੈ ਕਿ ਉਨ੍ਹਾਂ ਦਾ ਵਿਧਾਨ ਸਭਾ ’ਚ ਬਹੁਮਤ ਹੋਵੇ। ਨਵੇਂ ਕਾਨੂੁੰਨ ਤਹਿਤ ਨਾਮਜ਼ਦਗੀ ਤੋਂ ਪਹਿਲਾਂ ਚੀਨ ਦੀ ਹਮਾਇਤ ਵਾਲੀ ਇਕ ਕਮੇਟੀ ਉਮੀਦਵਾਰਾਂ ਦੀ ਜਾਂਚ ਕਰੇਗੀ ਤੇ ਬੀਜਿੰਗ ਦੀ ਹਮਾਇਤ ਵਾਲੇ ਉਮੀਦਵਾਰਾਂ ਨੂੰ ਹੀ ਚੋਣਾਂ ’ਚ ਕਿਸਮਤ ਅਜਮਾਉਣ ਦਾ ਮੌਕਾ ਦਿੱਤਾ ਜਾਵੇਗਾ।
previous post