ਨਵੀਂ ਦਿੱਲੀ – ਦਿੱਲੀ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਮੀਤ ਪ੍ਰਧਾਨ ਅਤੇ 1984 ਸਿੱਖ ਵਿਰੋਧੀ ਦੰਗਾ ਪੀੜਤ ਰਾਹਤ ਕਮੇਟੀ ਦੇ ਪ੍ਰਧਾਨ ਕੁਲਦੀਪ ਸਿੰਘ ਭੋਗਲ ਆਪਣੇ ਹਮਾਇਤੀਆਂ ਨਾਲ ਭਾਜਪਾ ’ਚ ਸ਼ਾਮਲ ਹੋ ਗਏ। ਸੂਬਾ ਭਾਜਪਾ ਪ੍ਰਧਾਨ ਆਦੇਸ਼ ਗੁਪਤਾ ਤੇ ਹੋਰ ਆਗੂਆਂ ਨੇ ਉਨ੍ਹਾਂ ਦਾ ਪਾਰਟੀ ’ਚ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸਿੱਖਾਂ ਨੂੰ ਭਰੋਸਾ ਹੈ। ਇਹੀ ਕਾਰਨ ਹੈ ਕਿ ਭੋਗਲ ਵਰਗੇ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਬਾਦਲ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਹਨ। ਇਨ੍ਹਾਂ ਨੇ ਸਿੱਖ ਵਿਰੋਧੀ ਦੰਗਾ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਲੰਮਾ ਸਮਾਂ ਸੰਘਰਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ’ਚ ਸਿੱਖ ਵਿਰੋਧੀ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਕੰਮ ’ਚ ਤੇਜ਼ੀ ਆਈ ਹੈ। ਮੋਦੀ ਸਰਕਾਰ ਨੇ ਸਿੱਖ ਸਮਾਜ ਨੂੰ ਸਨਮਾਨ ਦੇਣ ਅਤੇ ਮਾਣ ਵਧਾਉਣ ਦਾ ਕੰਮ ਕੀਤਾ ਹੈ। ਭਾਜਪਾ ਦੇ ਕੌਮੀ ਬੁਲਾਰੇ ਆਰਪੀ ਸਿੰਘ ਨੇ ਕਿਹਾ ਕਿ ਸਿੱਖਾਂ ਵਿਚਕਾਰ ਭਾਜਪਾ ਦਾ ਅਕਸ ਪਹਿਲਾਂ ਤੋਂ ਜ਼ਿਆਦਾ ਮਜ਼ਬੂਤ ਹੋਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਬਾਦਲ ਆਪਣੇ ਉਦੇਸ਼ ਤੋਂ ਭਟਕ ਗਿਆ ਹੈ।ਭੋਗਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਤੋਂ ਪ੍ਰੇਰਿਤ ਹੋ ਕੇ ਉਹ ਪਿਛਲੇ 36 ਸਾਲਾਂ ਤੋਂ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਸੰਘਰਸ਼ ਕਰ ਰਹੇ ਹਨ। ਮੋਦੀ ਸਰਕਾਰ ਦੋਸ਼ੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਸਜ਼ਾ ਦਿਵਾ ਰਹੀ ਹੈ। ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਾਜਨ ਤਿਵਾੜੀ, ਪ੍ਰਦੇਸ਼ ਮੀਡੀਆ ਮੁਖੀ ਨਵੀਨ ਕੁਮਾਰ ਜਿੰਦਲ, ਪ੍ਰਦੇਸ਼ ਮੰਤਰੀ ਸਰਦਾਰ ਇੰਪ੍ਰੀਤ ਸਿੰਘ ਬਖ਼ਸ਼ੀ, ਪ੍ਰਦੇਸ਼ ਮੀਡੀਆ ਸਹਿ ਮੁਖੀ ਮਮਤਾ ਕਾਲੇ ਅਤੇ ਪ੍ਰਦੇਸ਼ ਸਿੱਖ ਵਿੰਗ ਦੇ ਇੰਚਾਰਜ ਕੁਲਦੀਪ ਸਿੰਘ ਮੌਜੂਦ ਸਨ।
previous post
