ਨਵੀਂ ਦਿੱਲੀ – ਓਮੀਕਰੋਨ ਦੇ ਵਧਦੇ ਖ਼ਤਰੇ ਦੌਰਾਨ ਭਾਰਤ ਨੇ ਕੋਰੋਨਾ ਖਿਲਾਫ਼ ਲੜਾਈ ‘ਚ ਇਕ ਹੋਰ ਕਦਮ ਅੱਗੇ ਵਧਾਇਆ ਹੈ। ਦੇਸ਼ ਵਿੱਚ 3 ਜਨਵਰੀ ਤੋਂ 15-18 ਸਾਲ ਦੇ ਬੱਚਿਆਂ ਦਾ ਟੀਕਾਕਰਨ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਲਈ ਬੱਚਿਆਂ ਲਈ ਵੀ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ। ਕੋਵਿਨ ‘ਤੇ ਬੱਚਿਆਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ 1 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਕੋਵਿਨ ਪਲੇਟਫਾਰਮ ਦੇ ਮੁਖੀ ਆਰਐੱਸ ਸ਼ਰਮਾ ਨੇ ਦੱਸਿਆ ਕਿ 15-18 ਸਾਲ ਦੀ ਉਮਰ ਦੇ ਬੱਚਿਆਂ ਦੇ ਟੀਕਾਕਰਨ ਲਈ ਕੋਵਿਨ ‘ਤੇ ਰਜਿਸਟ੍ਰੇਸ਼ਨ 1 ਜਨਵਰੀ ਤੋਂ ਸ਼ੁਰੂ ਹੋਵੇਗੀ। ਇਸ ਦੇ ਲਈ ਆਧਾਰ ਕਾਰਡ ਜ਼ਰੂਰੀ ਹੋਵੇਗਾ। ਜੇਕਰ ਕਿਸੇ ਕੋਲ ਆਧਾਰ ਕਾਰਡ ਜਾਂ ਕੋਈ ਹੋਰ ਪਛਾਣ ਪੱਤਰ ਨਹੀਂ ਹੈ ਤਾਂ ਉਹ ਰਜਿਸਟ੍ਰੇਸ਼ਨ ਲਈ ਵਿਦਿਆਰਥੀ ਆਈਡੀ ਕਾਰਡ ਦੀ ਵਰਤੋਂ ਕਰ ਸਕਦੇ ਹਨ। ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਮਾਮਲਿਆਂ ‘ਚ ਤੇਜ਼ੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਦਸੰਬਰ ਨੂੰ ਕੋਰੋਨਾ ਵਿਰੁੱਧ ਲੜਾਈ ‘ਚ ਤਿੰਨ ਵੱਡੇ ਫੈਸਲਿਆਂ ਦਾ ਐਲਾਨ ਕੀਤਾ, ਜਿਸ ‘ਚ ਜਨਵਰੀ ਤੋਂ 15-18 ਸਾਲ ਦੇ ਬੱਚਿਆਂ ਲਈ ਟੀਕਾਕਰਨ ਸ਼ੁਰੂ ਕਰਨਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ, ਇੱਕ ਹੋਰ ਵੱਡਾ ਐਲਾਨ ਕਰਦੇ ਹੋਏ ਪੀਐਮ ਨੇ ਕਿਹਾ ਸੀ ਕਿ 10 ਜਨਵਰੀ ਤੋਂ ਬਜ਼ੁਰਗਾਂ, ਸਿਹਤ ਕਰਮਚਾਰੀਆਂ ਅਤੇ 60 ਸਾਲ ਤੋਂ ਵੱਧ ਉਮਰ ਦੇ ਫਰੰਟਲਾਈਨ ਕਰਮਚਾਰੀਆਂ ਲਈ ਬੂਸਟਰ ਡੋਜ਼ ਸ਼ੁਰੂ ਕੀਤੀ ਜਾਵੇਗੀ। ਦੇਸ਼ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਦੇਸ਼ ਵਿਚ ਹੁਣ ਤਕ 61 ਫੀਸਦੀ ਬਾਲਗ ਆਬਾਦੀ ਨੂੰ ਕੋਵਿਡ-19 ਵੈਕਸੀਨ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ, ਜਦੋਂਕਿ 90 ਫੀਸਦੀ ਬਾਲਗ ਆਬਾਦੀ ਨੂੰ ਪਹਿਲੀ ਖੁਰਾਕ ਦਿੱਤੀ ਗਈ ਹੈ। ਸਰਕਾਰ ਦਾ ਮੰਨਣਾ ਹੈ ਕਿ 15-18 ਸਾਲ ਦੇ ਬੱਚਿਆਂ ਦਾ ਟੀਕਾਕਰਨ ਸਕੂਲਾਂ ‘ਚ ਸਿੱਖਿਆ ਨੂੰ ਆਮ ਬਣਾਉਣ ਵਿਚ ਮਦਦ ਕਰੇਗਾ ਅਤੇ ਮਾਪਿਆਂ ਦੇ ਨਾਲ-ਨਾਲ ਸਕੂਲ ਜਾਣ ਵਾਲੇ ਬੱਚਿਆਂ ਦੀ ਚਿੰਤਾ ਨੂੰ ਘਟਾਏਗਾ।