ਨਵੀਂ ਦਿੱਲੀ – ਵਿਸ਼ਵ ਸਿਹਤ ਸੰਗਠਨ (WHO) ਦੇ ਡਾਇਰੈਕਟਰ ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਇਕ ਵਾਰ ਫਿਰ ਦੁਹਰਾਇਆ ਹੈ ਕਿ ਅਸੀਂ 2022 ਵਿਚ ਕੋਰੋਨਾ ਨੂੰ ਖਤਮ ਕਰ ਸਕਦੇ ਹਾਂ ਪਰ ਇਸ ਦੇ ਲਈ ਦੁਨੀਆ ਨੂੰ ਮਿਲ ਕੇ ਕੁਝ ਸਮੂਹਿਕ ਕੰਮ ਕਰਨਾ ਹੋਵੇਗਾ। ਨਵੇਂ ਸਾਲ ਦੇ ਮੌਕੇ ‘ਤੇ ਸੰਦੇਸ਼ ਦਿੰਦੇ ਹੋਏ, WHO ਮੁਖੀ ਨੇ ਕਿਹਾ ਕਿ ਵਿਸ਼ਵ ਇਸ ਮਹਾਮਾਰੀ ਦੇ ਤੀਜੇ ਸਾਲ ਵਿਚ ਦਾਖਲ ਹੋ ਰਿਹਾ ਹੈ। ਅਜਿਹੇ ‘ਚ ਅੱਜ ਵੀ ਇਹ ਸਾਡੇ ਲਈ ਚੁਣੌਤੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ 2022 ਵਿਚ ਅਸੀਂ ਆਸਾਨੀ ਨਾਲ ਕੋਰੋਨਾ ਨੂੰ ਖਤਮ ਕਰ ਸਕਦੇ ਹਾਂ। WHO ਦੇ ਮੁਖੀ ਟੇਡਰੋਸ ਅਡਾਨੋਮ ਘੇਬਰੇਅਸਸ ਨੇ ਜਿਸ ਅਸਮਾਨਤਾ ਦੀ ਗੱਲ ਕੀਤੀ ਹੈ, ਉਸ ਦਾ ਮਤਲਬ ਹੈ ਕੋਰੋਨਾ ਦੇ ਸਬੰਧ ਵਿਚ ਦੁਨੀਆ ਵਿਚ ਅਸਮਾਨਤਾ। ਯਾਨੀ ਇਕ ਪਾਸੇ ਜਿੱਥੇ ਅਮੀਰ ਦੇਸ਼ ਸੰਸਾਧਨਾਂ ਦੇ ਆਧਾਰ ‘ਤੇ ਕੋਰੋਨਾ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਲੜ ਰਹੇ ਹਨ, ਉੱਥੇ ਹੀ ਦੂਜੇ ਪਾਸੇ ਗਰੀਬ ਦੇਸ਼ਾਂ ਦੀ 10 ਫੀਸਦੀ ਆਬਾਦੀ ਨੂੰ ਵੀ ਅੱਜ ਤਕ ਵੈਕਸੀਨ ਨਹੀਂ ਲੱਗੀ ਹੈ। ਗੇਬਰੇਅਸ ਨੇ ਕਿਹਾ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੋਈ ਵੀ ਦੇਸ਼ ਮਹਾਮਾਰੀ ਤੋਂ ਬਾਹਰ ਨਹੀਂ ਹੈ। ਹਾਲਾਂਕਿ ਅੱਜ ਸਾਡੇ ਕੋਲ ਕੋਵਿਡ-19 ਦੀ ਰੋਕਥਾਮ ਅਤੇ ਇਲਾਜ ਲਈ ਬਿਹਤਰ ਤਕਨਾਲੋਜੀ ਅਤੇ ਸਰੋਤ ਉਪਲਬਧ ਹਨ, ਫਿਰ ਵੀ ਅਸੀਂ ਇਸ ਨੂੰ ਖਤਮ ਕਰਨ ਦੇ ਯੋਗ ਨਹੀਂ ਹਾਂ। ਇਸ ਦਾ ਸਭ ਤੋਂ ਵੱਡਾ ਕਾਰਨ ਅਸਮਾਨਤਾ ਹੈ। ਦੁਨੀਆ ਵਿਚ ਜਿੰਨੀ ਜ਼ਿਆਦਾ ਅਸਮਾਨਤਾ ਹੋਵੇਗੀ, ਅਸੀਂ ਓਨੇ ਹੀ ਇਸ ਵਾਇਰਸ ਦੇ ਖਤਰੇ ਤੋਂ ਪ੍ਰਭਾਵਿਤ ਹੋਵਾਂਗੇ। ਅਸੀਂ ਇਸ ਨੂੰ ਉਦੋਂ ਤਕ ਖਤਮ ਨਹੀਂ ਕਰ ਸਕਦੇ ਜਦੋਂ ਤਕ ਅਸੀਂ ਅਸਮਾਨਤਾ ਨੂੰ ਖਤਮ ਨਹੀਂ ਕਰਦੇ। ਕੋਵਿਡ ਦੇ ਖਤਰਿਆਂ ਦਾ ਜ਼ਿਕਰ ਕਰਦੇ ਹੋਏ, ਟੇਡਰੋਸ ਨੇ ਕਿਹਾ ਕਿ ਅਗਲੇ ਸਾਲ ਦੁਨੀਆ ਨਾ ਸਿਰਫ ਕੋਰੋਨਾ ਨਾਲ ਲੜੇਗੀ, ਸਗੋਂ ਇਸ ਨੂੰ ਸਿਹਤ ਨਾਲ ਜੁੜੀਆਂ ਕਈ ਹੋਰ ਸਮੱਸਿਆਵਾਂ ਨਾਲ ਵੀ ਨਜਿੱਠਣਾ ਹੋਵੇਗਾ। ਉਨ੍ਹਾਂ ਕਿਹਾ ਕਿ ਕਰੋਨਾ ਕਾਰਨ ਲੱਖਾਂ ਲੋਕਾਂ ਨੂੰ ਰੁਟੀਨ ਵੈਕਸੀਨ ਉਪਲਬਧ ਨਹੀਂ ਹੈ। ਪਰਿਵਾਰ ਨਿਯੋਜਨ ਲਈ ਲੋਕ ਹਸਪਤਾਲ ਨਹੀਂ ਜਾ ਰਹੇ ਹਨ। ਇਸ ਤੋਂ ਇਲਾਵਾ ਕਈ ਬਿਮਾਰੀਆਂ ਦੇ ਇਲਾਜ ਵਿਚ ਵੀ ਅੜਿੱਕਾ ਪੈਦਾ ਹੋ ਗਿਆ ਹੈ। ਉਸਨੇ ਚਿਤਾਵਨੀ ਦਿੱਤੀ ਕਿ ਵਿਸ਼ਵ ਨੂੰ ਆਉਣ ਵਾਲੀ ਮਹਾਮਾਰੀ ਵਿਚ ਮਦਦ ਲਈ ਤਿਆਰ ਰਹਿਣ ਦੀ ਲੋੜ ਹੈ।
previous post