ਚੰਡੀਗੜ੍ਹ – ਤਿੱਬਤ ਦੀ ਆਜ਼ਾਦੀ ਲਈ ਲੰਮੇ ਸਮੇਂ ਤੋਂ ਯਤਨਸ਼ੀਲ ਹੋ ਕੇ ਸੰਘਰਸ਼ ਕਰ ਰਹੇ ਸੰਗਠਨ ਰਿਜਨਲ ਤਿੱਬਤਨ ਯੂਥ ਕਾਂਗਰਸ (ਆਰਟੀਵਾਈਸੀ), ਜਿਸ ਵਲੋਂ 10 ਦਸੰਬਰ 2021 ਨੂੰ ਕਰਵਾਏ ਗਏ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਮੌਕੇ ਬੰਗਲੌਰ ਤੋਂ ਦਿੱਲੀ ਲਈ ਬਾਈਕ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਸੀ। ਇਸ ਤਿੱਬਤੀ ਬਾਈਕਰਜ਼ ਰੈਲੀ ਵਲੋਂ ਅੱਜ ਮੰਗਲਵਾਰ ਨੂੰ ਚੰਡੀਗੜ੍ਹ ‘ਚ ਦਸਤਕ ਦਿੱਤੀ ਗਈ। ਇਸ ਮੌਕੇ ਟ੍ਰਾਈਸਿਟੀ ‘ਚ ਰਹਿੰਦੇ ਤਿੱਬਤੀ ਭਾਈਚਾਰੇ ਵਲੋਂ ਤਿੱਬਤੀ ਬਾਈਕਰਜ਼ ਦਾ ਸੈਕਟਰ-27 ਸਥਿਤ ਚੰਡੀਗੜ੍ਹ ਪੈ੍ਸ ਕਲੱਬ ਵਿਖੇ ਭਰਵਾਂ ਸਵਾਗਤ ਕੀਤਾ ਗਿਆ। ਇਸ ਰੈਲੀ ਦਾ ਮੁੱਖ ਉਦੇਸ਼ ਚੀਨ ਵਲੋਂ ਤਿੱਬਤ ਤੇ ਉੱਤਰੀ ਤੁਰਕੀਸਤਾਨ ‘ਚ ਕੀਤੇ ਗਏ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੱਲ ਕੌਮਾਂਤਰੀ ਭਾਈਚਾਰੇ ਦਾ ਧਿਆਨ ਕੇਂਦਰਿਤ ਕਰਨਾ ਹੈ, ਜਿਸ ‘ਤੇ ਮੌਜੂਦਾ ਸਮੇਂ ਚੀਨ ਦੇ ਕਬਜ਼ੇ ਅਧੀਨ ਹੈ। ਇਸ ਮੌਕੇ ਸਾਰੇ ਬਾਈਕਰਜ਼ ਨੇ ਤਿੱਬਤੀ ਭਾਈਚਾਰੇ ਤੋਂ ਇਲਾਵਾ ਸਥਾਨਕ ਵਾਸੀਆਂ ਨੂੰ ਅਪੀਲ ਕੀਤੀ ਕਿ ਤਿੱਬਤ, ਸ਼ਿਨਜਿਆਂਗ, ਦੱਖਣੀ ਮੰਗੋਲਿਆ ਅਤੇ ਹਾਂਗਕਾਂਗ ਦੀ ਜਨਤਾ ਪ੍ਰਤੀ ਇਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਬੀਜਿੰਗ ਵਿੰਟਰ ਓਲੰਪਿਕ-2022 ਦਾ ਵਿਰੋਧ ਦਰਜ ਕਰਦਿਆਂ ਇਨ੍ਹਾਂ ਗੇਮਜ਼ ਦਾ ਬਾਈਕਾਟ ਕੀਤਾ ਜਾਵੇ। ਇਸ ਸਮੇਂ ਬਾਈਕਜ਼ ਰੈਲੀ ਦੀ ਅਗਵਾਈ ਕਰ ਰਹੇ 39 ਸਾਲਾ ਤੇਨਜਿਨ ਨੇ ਦੱਸਿਆ ਕਿ ਤਿੱਬਤੀਆਂ ਦੀ ਇੱਛਾ ਹੈ ਕਿ ਖੇਡਾਂ ਮਨੁੱਖਤਾ ਨੂੰ ਜੋੜਨ ਦਾ ਕੰਮ ਕਰਦੀਆਂ ਹਨ ਇਸ ਲਈ ਇਨ੍ਹਾਂ ਨੂੰ ਸਮੇਂ ਦੀ ਰਾਜਨੀਤੀ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਪਰ ਇਸ ਸਮੇਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਚੀਨ ਵਲੋਂ ਤਿੱਬਤੀ ਅਤੇ ਉਈਘੁਰ ਲੋਕਾਂ ਖ਼ਿਲਾਫ਼ ਪੁਲਿਸ ਹਿਰਾਸਤ ‘ਚ ਹੋਣ ਵਾਲੀਆਂ ਮੌਤਾਂ, ਅੱਤਿਆਚਾਰ, ਜਬਰਨ ਨਸਬੰਦੀ, ਗਾਇਬ ਕਰ ਦੇਣ ਤੋਂ ਇਲਾਵਾ ਹੋਰ ਅਣਮਨੁੱਖੀ ਤਸ਼ੱਦਦ ਕੀਤੇ ਜਾਂਦੇ ਹਨ। ਇਸ ਲਈ ਮਾਨਵਤਾ ਦੇ ਮੂਲ ਸਿਧਾਂਤਾਂ ਦੇ ਵਿਸ਼ੇ ਦੇ ਸਬੰਧ ‘ਚ ਮੌਲਿਕ ਪ੍ਰਸ਼ਨ ਪੈਦਾ ਹੁੰਦੇ ਹਨ। ਉਨਾਂ੍ਹ ਕਿਹਾ ਕਿ ਤਿੱਬਤੀ ਲੋਕਾਂ ਦੇ ਇਸ ਅਹਿਮ ਕੌਮਾਂਤਰੀ ਵਿਸ਼ੇ ਨੂੰ ਚੀਨ ‘ਚ ਹੋਣ ਜਾ ਰਹੀਆਂ ਓਲੰਪਿਕ ਖੇਡਾਂ ਨੂੰ ਬੁਨਿਆਂਦੀ ਨੈਤਿਕ ਸਿਧਾਂਤਾਂ ਤੋਂ ਦੂਰ ਨਹੀਂ ਕੀਤਾ ਜਾ ਸਦਕਾ। ਉਨ੍ਹਾਂ ਕਿਹਾ ਕਿ ਉਹ ਚੀਨ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਜਵਾਬਦੇਹ ਬਣਾਉਣ ਲਈ ਸਾਰੇ ਸਬੰਧਿਤ ਇੰਟਰਨੈਸ਼ਨਲ ਸਰਕਾਰੀ, ਗੈਰ-ਸਰਕਾਰੀ ਸੰਗਠਨਾਂ, ਕੰਪਨੀਆਂ ਅਤੇ ਖਿਡਾਰੀਆਂ ਤੋਂ ਬੀਜਿੰਗ ਵਿੰਟਰ ਓਲੰਪਿਕ-2022 ਦਾ ਬਾਈਕਾਟ ਕਰਨ ਦੀ ਜ਼ੋਰਦਾਰ ਅਪੀਲ ਕਰਦੇ ਹਨ। ਉਨ੍ਹਾਂ ਕਿਹਾ ਕਿ ਓਲੰਪਿਕ ਖੇਡ ਮੁਕਾਬਲਿਆਂ ਨੂੰ ਜਿਸ ਤਰ੍ਹਾਂ ਕੌਮਾਂਤਰੀ ਪੱਧਰ ‘ਤੇ ਮਨੁੱਖੀ ਭਾਈਚਾਰੇ, ਆਜ਼ਾਦੀ ਤੇ ਸਨਮਾਨ ਵਜੋਂ ਜ਼ਰੂਰ ਮਨਾਇਆ ਜਾਣਾ ਚਾਹੀਦਾ ਹੈ ਪਰ ਇਸ ਦੇ ਉਲਟ ਚੀਨ ਦੀਆਂ ਲੋਕ ਮਾਰੂ ਨੀਤੀਆਂ ਦੇ ਚਲਦਿਆਂ ਇਹ ਸ਼ਰੇ੍ਹਆਮ ਸਰਾਸਰ ਮਾਨਵਤਾ ਖ਼ਿਲਾਫ਼ ਭੁਗਤ ਰਹੀਆਂ ਹਨ।
previous post