ਨਵੀਂ ਦਿੱਲੀ – ਪਾਕਿਸਤਾਨ ਨੇ ਉਨ੍ਹਾਂ 36 ਚੀਨੀ ਨਾਗਰਿਕਾਂ ਨੂੰ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ ਜਿਹੜੇ ਪਿਛਲੇ ਸਾਲ ਜੁਲਾਈ ’ਚ ਦਾਸੂ ਪਣਬਿਜਲੀ ਪ੍ਰਾਜੈਕਟ ’ਚ ਕੰਮ ਕਰਨ ਤੋਂ ਬਾਅਦ ਪਰਤਣ ਦੌਰਾਨ ਇਕ ਅੱਤਵਾਦੀ ਹਮਲੇ ’ਚ ਮਾਰੇ ਗਏ ਸਨ ਜਾਂ ਫਿਰ ਜ਼ਖ਼ਮੀ ਹੋ ਗਏ ਸਨ। ਇਸ ਹਮਲੇ ’ਚ 10 ਚੀਨੀ ਨਾਗਰਿਕਾਂ ਦੀ ਮੌਤ ਤੋਂ ਬਾਅਦ ਚੀਨ ਨੇ ਹੀ ਪਾਕਿਸਤਾਨ ਨੂੰ ਅਜਿਹਾ ਕਰਨ ਲਈ ਕਿਹਾ ਸੀ। ਐਕਸਪ੍ਰੈੱਸ ਟ੍ਰਿਬਿਊਨ ਦੇ ਸੂਤਰਾਂ ਦੇ ਮੁਤਾਬਕ ਪਾਕਿਸਤਾਨ ਸਰਕਾਰ 80 ਕਰੋੜ ਰੁਪਏ ਤੋਂ ਲੈ ਕੇ 3.6 ਅਰਬ ਰੁਪਏ ਦਾ ਮੁਆਵਜ਼ਾ ਚਾਰ ਸ਼੍ਰੇਣੀਆਂ ’ਚ ਦੇਵੇਗੀ। ਪਾਕਿਸਤਾਨ ਸਰਕਾਰ ਨੇ ਇਹ ਮੁਆਵਜ਼ਾ ਬਿਨਾ ਕਿਸੇ ਕਾਨੂੰਨੀ ਮਜਬੂਰੀ ਜਾਂ ਸਮਝੌਤੇ ਸਬੰਧੀ ਮਜਬੂਰੀ ਦੇ ਦੇਣ ਦਾ ਫ਼ੈਸਲਾ ਕੀਤਾ ਹੈ। ਅਸਲ ’ਚ ਦਾਸੂ ਪਣਬਿਜਲੀ ਪ੍ਰਾਜੈਕਟ ਦੀ ਫੰਡਿੰਗ ਵਿਸ਼ਵ ਬੈਂਕ ਨੇ ਕੀਤੀ ਹੈ ਤੇ ਇਹ ਚੀਨ-ਪਾਕਿਸਤਾਨ ਇਕੋਨਾਮਿਕ ਕਾਰੀਡੋਰ (ਸੀਪੀਈਸੀ) ਦੇ ਘੇਰੇ ’ਚ ਨਹੀਂ ਆਉਂਦਾ। ਇਸ ਅੱਤਵਾਦੀ ਹਮਲੇ ’ਚ ਚਾਰ ਪਾਕਿਸਤਾਨੀ ਨਾਗਰਿਕ ਵੀ ਮਾਰੇ ਗਏ ਸਨ।
ਪਾਕਿਸਤਾਨ ਸਰਕਾਰ ਨੇ ਜਿੱਥੇ ਇਸ ਅੱਤਵਾਦੀ ਹਮਲੇ ਨੂੰ ਗੈਸ ਲੀਕ ਨਾਲ ਹੋਇਆ ਹਾਦਸਾ ਦੱਸ ਕੇ ਘੱਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਉੱਥੇ ਚੀਨ ਨੇ ਇਸ ਹਮਲੇ ਦਾ ਸਖਤ ਵਿਰੋਧ ਕਰਦੇ ਹੋਏ ਕਿਹਾ ਸੀ ਕਿ ਸੰਯੁਕਤ ਕਮੇਟੀ ਦੀ ਮੀਟਿੰਗ ਨੂੰ ਤੁਰੰਤ ਮੁਲਤਵੀ ਕੀਤਾ ਗਿਆ ਹੈ।