ਲੰਡਨ – ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਸਰਕਾਰ ਤੇ ਚਾਰ ਕਰੀਬੀਆਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦਸ ਡਾਊਨਿੰਗ ਸਟ੍ਰੀਟ ’ਚ ਹੋਈ ਪਾਰਟੀ ਤੋਂ ਬਾਅਦ ਉੱਠੇ ਵਿਵਾਦ ਕਾਰਨ ਪੀਐੱਮ ਜੌਨਸਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਨਵੇਂ ਘਟਨਾ ਚੱਕਰ ’ਚ ਬੋਰਿਸ ਜੌਨਸਨ ਦੇ ਦੂਰਗਾਮੀ ਨੀਤੀਆਂ ਦੇ ਮੁਖੀ ਮੁਨੀਰ ਮਿਰਜ਼ਾ, ਚੀਫ ਆਫ ਸਟਾਫਨ ਡਾਨ ਰੋਜ਼ੇਨਫੀਲਡ, ਪ੍ਰਮੁੱਖ ਨਿੱਜੀ ਸਕੱਤਰ ਮਾਰਟਿਨ ਮਾਰਟਿਨ ਰੇਨਾਲਡ ਤੇ ਸੰਚਾਰ ਡਾਇਰੈਕਟਰ ਜੈਕ ਡੋਏਲ ਨੇ ਵੀਰਵਾਰ ਨੂੰ ਕੁਝ ਘੰਟਿਆਂ ਦੇ ਫ਼ਰਕ ’ਤੇ ਅਸਤੀਫ਼ਾ ਦੇ ਦਿੱਤਾ ਹੈ।
ਇਸ ਤੋਂ ਪਹਿਲਾਂ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਸੀ ਕਿ ਦੇਸ਼ ਵਿਚ ਕੋਵਿਡ-19 ਲੌਕਡਾਊਨ ਦੇ ਸਖ਼ਤ ਨਿਯਮਾਂ ਦੇ ਵਿਚਕਾਰ ਡਾਊਨਿੰਗ ਸਟਰੀਟ (ਪ੍ਰਧਾਨ ਮੰਤਰੀ ਦਫ਼ਤਰ) ਵਿਚ ਕਈ ਪਾਰਟੀਆਂ ਦਾ ਆਯੋਜਨ ਕੀਤਾ ਗਿਆ ਸੀ। ਮਿਰਜ਼ਾ ਦੇ ਅਸਤੀਫ਼ੇ ਤੋਂਂ ਤੁਰੰਤ ਬਾਅਦ ਡੋਇਲ ਨੇ ਵੀ ਆਪਣੇ ਅਸਤੀਫ਼ੇ ਦੀ ਪੁਸ਼ਟੀ ਕਰ ਦਿੱਤੀ। ਇਸ ਤੋਂਂ ਬਾਅਦ ਰੋਜ਼ਨਫੀਲਡ ਅਤੇ ਰੇਨੋਲਡਸ ਨੇ ਵੀ ਅਸਤੀਫ਼ਾ ਦੇ ਦਿੱਤਾ। ਚੋਟੀ ਦੇ ਅਧਿਕਾਰੀਆਂ ਦਾ ਅਸਤੀਫ਼ਾ ਅਜਿਹੇ ਸਮੇਂ ਆਇਆ ਹੈ, ਜਦੋਂ ਜਾਨਸਨ (57) ਪਾਰਟੀ ਅੰਦਰ ਆਪਣੀ ਲੀਡਰਸ਼ਿਪ ਨੂੰ ਲੈ ਕੇ ਵਧਦੇ ਸਵਾਲਾਂ ਦਾ ਸਾਹਮਣਾ ਕਰ ਰਹੇ ਹਨ। ਡੋਇਲ ਨੇ ਕਰਮਚਾਰੀਆਂ ਨੂੰ ਕਿਹਾ, ‘ਹਾਲ ਹੀ ਦੇ ਹਫ਼ਤਿਆਂ ਦਾ ਮੇਰੇ ਪਰਿਵਾਰਕ ਜੀਵਨ ‘ਤੇ ਬਹੁਤ ਬੁਰਾ ਪ੍ਰਭਾਵ ਪਿਆ ਹੈ।’ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਡਾਊਨਿੰਗ ਸਟਰੀਟ ਦੀ ਮਹਿਲਾ ਬੁਲਾਰਾ ਨੇ ਇਕ ਬਿਆਨ ਵਿਚ ਕਿਹਾ ਕਿ ਰੋਜ਼ੇਨਫੀਲਡ ਨੇ ਵੀਰਵਾਰ ਨੂੰ ਪਹਿਲਾਂ ਪ੍ਰਧਾਨ ਮੰਤਰੀ ਨੂੰ ਆਪਣਾ ਅਸਤੀਫ਼ਾ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਜਦੋਂ ਤੱਕ ਉਨ੍ਹਾਂ ਦਾ ਉੱਤਰਾਧਿਕਾਰੀ ਨਹੀਂ ਮਿਲ ਜਾਂਦਾ, ਉਦੋਂ ਤੱਕ ਉਹ ਅਹੁਦੇ ‘ਤੇ ਬਣੇ ਰਹਿਣਗੇ। ਪ੍ਰਧਾਨ ਮੰਤਰੀ ਨੇ ਪ੍ਰਮੁੱਖੀ ਨਿੱਜੀ ਸਕੱਤਰ ਰੇਨੋਲਡਜ਼ ਵੀ ਅਜਿਹਾ ਹੀ ਕਰਨਗੇ ਅਤੇ ਬਾਅਦ ਵਿਚ ਵਿਦੇਸ਼ ਵਿਭਾਗ ਵਿੱਚ ਇੱਕ ਭੂਮਿਕਾ ਨਿਭਾਉਣਗੇ।
ਮਿਰਜ਼ਾ ਦਾ ਅਸਤੀਫ਼ਾ ਜ਼ਿਆਦਾ ਮਾਇਨੇ ਰੱਖਦਾ ਹੈ। ਉਹ ਜਾਨਸਨ ਦੇ ਲੰਬੇ ਸਮੇਂ ਦੇ ਸਹਿਯੋਗੀਆਂ ਵਿਚੋਂ ਇਕ ਸੀ ਅਤੇ ਇਕ ਪ੍ਰਮੁੱਖ ਨੇਤਾ ਹੈ, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਦੇ ਪਲੇਟਫਾਰਮ ਨੂੰ ਆਕਾਰ ਦੇਣ ਵਿਚ ਮਦਦ ਕੀਤੀ। ਹਾਲਾਂਕਿ, ਮਿਰਜ਼ਾ ਨੇ ਪ੍ਰਧਾਨ ਮੰਤਰੀ ਦੇ ਝੂਠੇ ਦਾਅਵਿਆਂ ‘ਤੇ ਅਸਤੀਫ਼ਾ ਦੇ ਦਿੱਤਾ ਹੈ, ਜਿਸ ਵਿਚ ਜਾਨਸਨ ਨੇ ਦਾਅਵਾ ਕੀਤਾ ਸੀ ਕਿ ਲੇਬਰ ਪਾਰਟੀ ਦੇ ਨੇਤਾ ਸਰ ਕੇਰ ਸਟਾਰਮਰ ਸਰਕਾਰੀ ਵਕੀਲ ਰਹਿਣ ਦੌਰਾਨ ਸਿਲਸਿਲੇਵਾਰ ਯੌਨ ਅਪਰਾਧ ਕਰਨ ਵਾਲੇ ਜਿੰਮੀ ਸੈਵਿਲੇ ‘ਤੇ ਮੁਕੱਦਮਾ ਚਲਾਉਣ ਵਿਚ ਅਸਫ਼ਲ ਰਹੇ ਸਨ। ਜਾਨਸਨ ਵੱਲੋਂ ਆਪਣੀ ਟਿੱਪਣੀ ਲਈ ਮੁਆਫੀ ਮੰਗਣ ਤੋਂ ਇਨਕਾਰ ਕਰਨ ਤੋਂ ਬਾਅਦ ਮਿਰਜ਼ਾ ਨੇ ਅਸਤੀਫ਼ਾ ਦੇ ਦਿੱਤਾ। ਵਿੱਤ ਮੰਤਰੀ ਰਿਸ਼ੀ ਸੁਨਕ ਨੇ ਜਨਤਕ ਤੌਰ ‘ਤੇ ਜਾਨਸਨ ਦੀਆਂ ਮੂਲ ਟਿੱਪਣੀਆਂ ਤੋਂ ਖ਼ੁਦ ਨੂੰ ਵੱਖ ਰੱਖਦੇ ਹੋਏ ਕਿਹਾ, ‘ਈਮਾਨਦਾਰੀ ਨਾਲ ਕਹਾਂ ਤਾਂ, ਮੈਂ ਅਜਿਹਾ ਨਹੀਂ ਕਿਹਾ।’ ਇਹ ਪੁੱਛੇ ਜਾਣ ‘ਤੇ ਕਿ ਕੀ ਜਾਨਸਨ ਨੂੰ ਮੁਆਫੀ ਮੰਗਣੀ ਚਾਹੀਦੀ ਹੈ, ਭਾਰਤੀ ਮੂਲ ਦੇ ਨੇਤਾ ਨੇ ਕਿਹਾ, ‘ਇਹ ਪ੍ਰਧਾਨ ਮੰਤਰੀ ਨੂੰ ਤੈਅ ਕਰਨਾ ਹੈ।’
ਸੁਨਕ ਨੇ ਪਹਿਲਾਂ ਲਾਕਡਾਊਨ ਦੌਰਾਨ ਡਾਊਨਿੰਗ ਸਟਰੀਟ ਵਿਚ ਪਾਰਟੀਆਂ ਦਾ ਆਯੋਜਨ ਕਰਨ ਦੇ ਖੁਲਾਸੇ ਦੌਰਾਨ ਸਿੱਧੇ ਤੌਰ ‘ਤੇ ਜਾਨਸਨ ਦੀ ਆਲੋਚਨਾ ਨਹੀਂ ਕੀਤੀ ਸੀ, ਪਰ ਮੰਨਿਆ ਕਿ ਗਲਤੀਆਂ ਹੋਈਆਂ ਹਨ। ਜਾਨਸਨ ਦੇ ਸਾਬਕਾ ਸਲਾਹਕਾਰ ਡੋਮਿਨਿਕ ਕਮਿੰਗਜ਼ ਨੇ ਦਾਅਵਾ ਕੀਤਾ ਕਿ ਮਿਰਜ਼ਾ ਦਾ ਜਾਣਾ ‘ਇਕ ਸਪੱਸ਼ਟ ਸੰਕੇਤ ਹੈ ਕਿ ਬੰਕਰ ਢਹਿ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਦਾ ਸਮਾਂ ਪੂਰਾ ਹੋ ਗਿਆ ਹੈ।’ ਉਨ੍ਹਾਂ ਨੇ ਮੰਤਰੀਆਂ ਨੂੰ ‘ਇਸੇ ਤਰ੍ਹਾਂ ਦਾ ਨੈਤਿਕ ਸਾਹਸ’ ਦਿਖਾਉਣ ਅਤੇ ਅਸਤੀਫ਼ਾ ਦੇਣ ਦੀ ਅਪੀਲ ਕੀਤੀ। ਜੇਕਰ ਜਾਨਸਨ ਇਸੇ ਤਰ੍ਹਾਂ ਹੀ ਸਮਰਥਨ ਗੁਆਉਂਦੇ ਰਹਿੰਦੇ ਹਨ, ਤਾਂ ਸੰਭਵ ਹੈ ਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਦਾ ਕਾਰਜਕਾਲ ਕੁਝ ਦਿਨਾਂ ਵਿਚ ਖ਼ਤਮ ਹੋ ਜਾਵੇਗਾ।