ਲਖਨਊ – ਹਾਈ ਕੋਰਟ ਦੀ ਲਖਨਊ ਬੈਂਚ ਨੇ ਅੱਜ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦੇ ਦਿੱਤੀ ਹੈ। ਜਿਸ ਕਾਰਨ ਲਖੀਮਪੁਰ ਖੀਰੀ ਕਾਂਡ ਦਾ ਮੁਲਜ਼ਮ ਆਸ਼ੀਸ਼ ਮਿਸ਼ਰਾ ਉਰਫ ਮੋਨੂੰ ਨੂੰ ਜਲਦ ਹੀ ਜੇਲ ਤੋਂ ਰਿਹਾਅ ਹੋਵੇਗਾ। ਮੰਗਲਵਾਰ ਨੂੰ ਲਖਨਊ ਬੈਂਚ ਨੇ ਸੁਣਵਾਈ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਆਸ਼ੀਸ਼ ਮਿਸ਼ਰਾ ‘ਤੇ ਲਖੀਮਪੁਰ ਖੀਰੀ ਜ਼ਿਲੇ ਦੇ ਤਿਕੋਨੀਆ ਪਿੰਡ ‘ਚ ਪਿਛਲੇ ਸਾਲ 3 ਅਕਤੂਬਰ ਨੂੰ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਜੀਪ ਨਾਲ ਦਰੜਣ ਦਾ ਮੁਲਜ਼ਮ ਹੈ।
ਪਿਛਲੇ ਸਾਲ 3 ਅਕਤੂਬਰ ਨੂੰ ਲਖੀਮਪੁਰ ਖੀਰੀ ਦੇ ਤਿਕੁਨੀਆ ਵਿਖੇ ਚਾਰ ਕਿਸਾਨਾਂ ਨੂੰ ਇੱਕ ਐਸਯੂਵੀ ਕਾਰ ਨੇ ਕੁਚਲ ਦਿੱਤਾ ਸੀ, ਜਦੋਂ ਉਹ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਇੱਕ ਸਮਾਗਮ ਤੋਂ ਵਾਪਸ ਪਰਤ ਰਹੇ ਸਨ। ਇਸ ਘਟਨਾ ਤੋਂ ਬਾਅਦ ਹੋਈ ਹਿੰਸਾ ‘ਚ ਕੁਝ ਲੋਕ ਮਾਰੇ ਵੀ ਗਏ ਸਨ। ਕਿਸਾਨਾਂ ਨੇ ਦੋਸ਼ ਲਾਇਆ ਸੀ ਕਿ ਐਸਯੂਵੀ ਅਜੇ ਮਿਸ਼ਰਾ ਟੈਨੀ ਦੀ ਸੀ ਅਤੇ ਉਸ ਦਾ ਪੁੱਤਰ ਆਸ਼ੀਸ਼ ਮਿਸ਼ਰਾ ਇਸ ਵਿੱਚ ਸਵਾਰ ਸੀ। ਕਈ ਦਿਨਾਂ ਦੀ ਹਿੰਸਾ ਤੋਂ ਬਾਅਦ ਆਸ਼ੀਸ਼ ਮਿਸ਼ਰਾ ਨੂੰ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ 9 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਪੂਰੀ ਘਟਨਾ ਸੋਚੀ ਸਮਝੀ ਸਾਜ਼ਿਸ਼- ਐਸ.ਆਈ.ਟੀ
ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਨੇ ਆਪਣੀ ਜਾਂਚ ਵਿੱਚ ਪਾਇਆ ਕਿ ਕਿਸਾਨਾਂ ਨੂੰ ਵਾਹਨ ਨਾਲ ਕੁਚਲਣ ਦੀ ਸਾਰੀ ਘਟਨਾ ਇੱਕ ਸੋਚੀ ਸਮਝੀ ਸਾਜ਼ਿਸ਼ ਸੀ। ਇਸ ਤੋਂ ਬਾਅਦ ਐਸਆਈਟੀ ਨੇ 5000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ, ਜਿਸ ਵਿੱਚ ਆਸ਼ੀਸ਼ ਮਿਸ਼ਰਾ ਨੂੰ ਕਤਲ ਦਾ ਮੁਲਜ਼ਮ ਪਾਇਆ ਗਿਆ। ਐਸਆਈਟੀ ਨੇ ਇਸ ਘਟਨਾ ਵਿੱਚ ਕੁੱਲ 16 ਲੋਕਾਂ ਨੂੰ ਮੁਲਜ਼ਮ ਬਣਾਇਆ ਸੀ। ਐਸਆਈਟੀ ਨੇ ਮੁਲਜ਼ਮਾਂ ‘ਤੇ ਆਈਪੀਸੀ ਦੀਆਂ ਧਾਰਾਵਾਂ 307, 326, 302, 34,120ਬੀ, 147, 148,149, 3/25/30 ਲਗਾਈਆਂ ਹਨ।