Punjab

ਰੂਸ ਅਤੇ ਯੂਕਰੇਨ ਵਿਚਾਲੇ ਸ਼ੁਰੂ ਹੋਈ ਜੰਗ ਦਾ ਪੰਜਾਬ ਉਪਰ ਅਸਰ

ਚੰਡੀਗੜ੍ਹ – ਰੂਸ ਅਤੇ ਯੂਕਰੇਨ ਵਿਚਾਲੇ ਸ਼ੁਰੂ ਹੋਈ ਜੰਗ ਦਾ ਅਸਰ ਪੰਜਾਬ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਪੜ੍ਹਨ ਲਈ ਗਏ ਪੰਜਾਬ ਦੇ ਬੱਚੇ ਰੂਸ ਅਤੇ ਯੂਕਰੇਨ ਵਿੱਚ ਫਸੇ ਹੋਣ ਕਾਰਨ ਮਾਪੇ ਚਿੰਤਤ ਹਨ। ਇਸ ਦੇ ਨਾਲ ਹੀ ਡੀਜ਼ਲ ਅਤੇ ਪੈਟਰੋਲ ਮਹਿੰਗਾ ਹੋਣ ਜਾਂ ਖਤਮ ਹੋਣ ਦੀਆਂ ਅਫਵਾਹਾਂ ਕਾਰਨ ਕਿਸਾਨਾਂ ‘ਚ ਰੋਸ ਹੈ।

ਕਿਸਾਨਾਂ ਵੱਲੋਂ ਆਉਣ ਵਾਲੀ ਫ਼ਸਲ ਅਤੇ ਝੋਨੇ ਦੀ ਬਿਜਾਈ ਲਈ ਪਹਿਲਾਂ ਹੀ ਡੀਜ਼ਲ ਇਕੱਠਾ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਕਿਸਾਨ ਡੀਜ਼ਲ ਦਾ ਭੰਡਾਰ ਕਰ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ‘ਚ ਡੀਜ਼ਲ ਦੀ ਕਮੀ ਹੋਣ ਵਾਲੀ ਹੈ। ਡੀਜ਼ਲ ਖਤਮ ਹੋਣ ਦੇ ਡਰ ਕਾਰਨ ਕਿਸਾਨ ਵੱਡੀ ਮਾਤਰਾ ਵਿੱਚ ਤੇਲ ਜਮ੍ਹਾ ਕਰਵਾਉਣ ਲਈ ਭੱਜ ਰਹੇ ਹਨ। ਇਹ ਨਜ਼ਾਰਾ ਪੈਟਰੋਲ ਪੰਪਾਂ ‘ਤੇ ਦੇਖਣ ਨੂੰ ਮਿਲ ਰਿਹਾ ਹੈ। ਹਰ ਕਿਸਾਨ 3-3 ਤੋਂ 5-5 ਡਰੰਮ ਡੀਜ਼ਲ ਭਰ ਕੇ ਇਕੱਠਾ ਕਰ ਰਿਹਾ ਹੈ। ਪੈਟਰੋਲ ਦੀ ਜਮ੍ਹਾਂਖੋਰੀ ਵੀ ਤੇਜ਼ੀ ਨਾਲ ਹੋ ਰਹੀ ਹੈ। ਇਹ ਚਿੰਤਾ ਅੰਤਰਰਾਸ਼ਟਰੀ ਪੱਧਰ ‘ਤੇ ਡੀਜ਼ਲ ਅਤੇ ਪੈਟਰੋਲ ਦੀ ਵੱਧ ਰਹੀ ਕਮੀ ਕਾਰਨ ਦਿਖਾਈ ਦੇ ਰਹੀ ਹੈ, ਜਿਸ ਕਾਰਨ ਕਿਸਾਨ ਵੱਡੇ ਪੱਧਰ ‘ਤੇ ਤੇਲ ਇਕੱਠਾ ਕਰਨ ‘ਚ ਰੁੱਝ ਗਏ ਹਨ। ਇਸ ਦੇ ਨਾਲ ਹੀ ਟਰਾਂਸਪੋਰਟਰਾਂ ਵਾਲੇ ਪਾਸੇ ਤੋਂ ਤੇਲ ਵੀ ਵੱਡੇ ਪੱਧਰ ‘ਤੇ ਸਟੋਰ ਕੀਤਾ ਜਾ ਰਿਹਾ ਹੈ, ਤਾਂ ਜੋ ਖੇਤੀ ਉਤਪਾਦਨ ਜਾਂ ਨਿੱਜੀ ਵਾਹਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਤੇਲ ਸਟੋਰ ਕਰਨ ਲਈ ਕਿਸਾਨ ਆਪਣੇ ਆੜ੍ਹਤੀਆਂ ਤੋਂ ਵੱਡੇ ਪੱਧਰ ‘ਤੇ ਕਰਜ਼ੇ ਵੀ ਚੁੱਕ ਰਹੇ ਹਨ। ਪਿੰਡ ਖੇੜੀਕਲਾਂ ਦੇ ਕਿਸਾਨ ਜੱਗੀ ਮੈਂਬਰ ਅਤੇ ਪਰਮਿੰਦਰ ਸਿੰਘ ਗਰੇਵਾਲ ਆਦਿ ਨੇ ਦੱਸਿਆ ਕਿ ਉਹ ਡੀਜ਼ਲ ਦੀ ਕਿੱਲਤ ਦੇ ਡਰੋਂ ਤੇਲ ਸਟੋਰ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਡੀਜ਼ਲ ਦਾ ਰੇਟ 19 ਹਜ਼ਾਰ ਰੁਪਏ ਪ੍ਰਤੀ ਡਰੰਮ ਦੇ ਕਰੀਬ ਹੈ, ਜੇਕਰ ਤੇਲ ਮਹਿੰਗਾ ਹੋਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਨੂੰ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।

ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਤੇਲ ਦੀਆਂ ਕੀਮਤਾਂ ਵਧਣ ਦਾ ਡਰ ਬਣਿਆ ਹੋਇਆ ਹੈ ਅਤੇ ਕੌਮਾਂਤਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਵੀ ਵਧ ਰਹੀਆਂ ਹਨ। ਹੁਣ ਦੇਖਣਾ ਹੋਵੇਗਾ ਕਿ ਦੁਨੀਆ ਭਰ ਵਿੱਚ ਰੂਸ ਅਤੇ ਯੂਕਰੇਨ ਵਿੱਚ ਛਿੜੀ ਜੰਗ ਦਾ ਕੀ ਅਸਰ ਪੈਂਦਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਕਾਰੋਬਾਰੀ ਸਥਿਤੀ ਕੀ ਹੋਵੇਗੀ ਪਰ ਅੱਜ ਕਿਸਾਨਾਂ ਵਿੱਚ ਤੇਲ ਦੀ ਕਿੱਲਤ ਹੋਣ ‘ਤੇ ਮਚੇ ਹੜਕੰਪ ਕਰਕੇ ਪੈਟਰੋਲ ਪੰਪ ਮਾਲਕਾਂ ਦੀ ਚਾਂਦੀ ਬਣੀ ਹੋਈ ਹੈ।

Related posts

ਅਰਬ ਦੇਸ਼ਾਂ ‘ਚ ਫਸੇ ਪੰਜਾਬੀਆਂ ਦੀ ਸਹਾਇਤਾ ਲਈ ਹੌਟ-ਲਾਈਨ ਸਥਾਪਿਤ

admin

ਪੰਜਾਬ ਸਰਕਾਰ ਸ਼ਹੀਦ ਕਿਸਾਨ ਮਜਦੂਰਾਂ ਦੇ ਨਾਲ ਖੜ੍ਹੀ ਹੈ – ਗੁਰਮੀਤ ਸਿੰਘ ਖੁੱਡੀਆਂ

admin

ਖਾਲਸਾ ਕਾਲਜ ਦੇ 4 ਵਿਦਿਆਰਥੀਆਂ ਇੰਡੀਗੋ ਏਅਰਲਾਈਨਜ਼ ਭਰਤੀ

admin