ਨਵੀਂ ਦਿੱਲੀ – ਯੂਕਰੇਨ ਵਿੱਚ ਰੂਸ ਦਾ ਹਮਲਾ ਜਾਰੀ ਹੈ। ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ‘ਆਪ੍ਰੇਸ਼ਨ ਗੰਗਾ’ ਚਲਾ ਰਹੀ ਹੈ। ਪ੍ਰਧਾਨ ਮੰਤਰੀ ਨੇ ਪਿਛਲੇ 24 ਘੰਟਿਆਂ ਵਿੱਚ ਦੋ ਵਾਰ ਉੱਚ ਪੱਧਰੀ ਮੀਟਿੰਗਾਂ ਕਰਕੇ ਰਣਨੀਤੀ ਬਣਾਈ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਯੂਕਰੇਨ ਸੰਕਟ ਸਮੇਤ ਕਈ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ।
ਰੂਸੀ ਹਮਲੇ ਤੋਂ ਬਾਅਦ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਬਚਾਉਣ ਲਈ ਹੁਣ ਕੇਂਦਰੀ ਮੰਤਰੀਆਂ ਨੂੰ ਮੋਰਚਾ ਲਾਇਆ ਜਾ ਰਿਹਾ ਹੈ। ਕੇਂਦਰ ਸਰਕਾਰ ਨੇ ਸੋਮਵਾਰ ਨੂੰ ਫੈਸਲਾ ਕੀਤਾ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ, ਜੋਤੀਰਾਦਿੱਤਿਆ ਸਿੰਧੀਆ, ਕਿਰਨ ਰਿਜਿਜੂ ਅਤੇ ਵੀਕੇ ਸਿੰਘ ਇਸ ਮੁਹਿੰਮ ਦਾ ਤਾਲਮੇਲ ਕਰਨ ਅਤੇ ਵਿਦਿਆਰਥੀਆਂ ਦੀ ਮਦਦ ਕਰਨ ਲਈ ਯੂਕਰੇਨ ਦੇ ਗੁਆਂਢੀ ਦੇਸ਼ਾਂ ਵਿੱਚ ਜਾਣਗੇ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਇਹ ਮੰਤਰੀ ਭਾਰਤ ਦੇ ‘ਵਿਸ਼ੇਸ਼ ਦੂਤ’ ਵਜੋਂ ਉਥੇ ਜਾਣਗੇ। ਸਿੰਧੀਆ ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਲਈ ਰੋਮਾਨੀਆ ਅਤੇ ਮੋਲਡੋਵਾ ਨਾਲ ਤਾਲਮੇਲ ਕਰਨਗੇ, ਜਦਕਿ ਰਿਜਿਜੂ ਸਲੋਵਾਕੀਆ ਜਾਣਗੇ। ਸੂਤਰਾਂ ਨੇ ਦੱਸਿਆ ਕਿ ਪੁਰੀ ਹੰਗਰੀ ਜਾ ਰਹੇ ਹਨ ਅਤੇ ਜਨਰਲ ਵੀ ਕੇ ਸਿੰਘ ਪੋਲੈਂਡ ਜਾ ਕੇ ਭਾਰਤੀਆਂ ਨੂੰ ਕੱਢਣ ਦੇ ਪ੍ਰਬੰਧ ਕਰਨਗੇ। ਇਹ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਲਿਆ ਗਿਆ।ਹੁਣ ਪੀਐਮ ਮੋਦੀ ਨੇ ਇਸ ਸਬੰਧੀ ਰੋਮਾਨੀਆ ਅਤੇ ਸਲੋਵਾਕ ਗਣਰਾਜ ਦੇ ਪ੍ਰਧਾਨ ਮੰਤਰੀਆਂ ਨਾਲ ਫ਼ੋਨ ‘ਤੇ ਗੱਲ ਕੀਤੀ ਹੈ। ਪ੍ਰਧਾਨ ਮੰਤਰੀ ਦਫਤਰ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਪੀਐਮ ਮੋਦੀ ਨੇ ਰੋਮਾਨੀਆ ਦੇ ਪ੍ਰਧਾਨ ਮੰਤਰੀ ਨਿਕੋਲਾਈ ਸਿਉਕਾ ਨਾਲ ਫੋਨ ‘ਤੇ ਗੱਲ ਕੀਤੀ। ਪੀਐਮ ਮੋਦੀ ਨੇ ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਬਾਰੇ ਰੋਮਾਨੀਆ ਦੇ ਪ੍ਰਧਾਨ ਮੰਤਰੀ ਨਾਲ ਚਰਚਾ ਕੀਤੀ ਅਤੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਭਾਰਤੀ ਵਿਦਿਆਰਥੀਆਂ ਨੂੰ ਬਿਨਾਂ ਵੀਜ਼ਾ ਅਤੇ ਵਿਸ਼ੇਸ਼ ਉਡਾਣਾਂ ਦੇ ਦਾਖਲੇ ਦੀ ਆਗਿਆ ਦੇਣ ਦੇ ਕਦਮ ਲਈ ਭਾਰਤ ਰੋਮਾਨੀਆ ਦੀ ਸ਼ਲਾਘਾ ਕਰਦਾ ਹੈ।
ਪੀਐਮ ਮੋਦੀ ਨੇ ਸਲੋਵਾਕ ਰੀਪਬਲਿਕ ਦੇ ਪੀਐਮ ਐਡਵਰਡ ਹੇਂਗਰ ਨਾਲ ਵੀ ਫ਼ੋਨ ਉੱਤੇ ਗੱਲ ਕੀਤੀ ਅਤੇ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਵਿੱਚ ਸਹਿਯੋਗ ਲਈ ਉਨ੍ਹਾਂ ਦੇ ਦੇਸ਼ ਦਾ ਧੰਨਵਾਦ ਕੀਤਾ। ਪੀਐਮ ਮੋਦੀ ਨੇ ਸਲੋਵਾਕ ਪੀਐਮ ਨੂੰ ਅਗਲੇ ਕੁਝ ਦਿਨਾਂ ਤੱਕ ਯੂਕਰੇਨ ਤੋਂ ਨਿਕਾਸੀ ਵਿੱਚ ਸਹਿਯੋਗ ਜਾਰੀ ਰੱਖਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਸਲੋਵਾਕ ਦੇ ਪ੍ਰਧਾਨ ਮੰਤਰੀ ਨੂੰ ਯੂਕਰੇਨ ਤੋਂ ਭਾਰਤੀਆਂ ਨੂੰ ਕੱਢਣ ਦੇ ਯਤਨਾਂ ਦੀ ਨਿਗਰਾਨੀ ਕਰਨ ਲਈ ਆਪਣੇ ਵਿਸ਼ੇਸ਼ ਦੂਤ ਵਜੋਂ ਕਿਰੇਨ ਰਿਜਿਜੂ ਦੀ ਤਾਇਨਾਤੀ ਬਾਰੇ ਵੀ ਜਾਣਕਾਰੀ ਦਿੱਤੀ।