ਬਟਾਲਾ – ਬਟਾਲਾ ਦੇ ਨਜ਼ਦੀਕ ਕਸਬਾ ਅੰਮੋਨੰਗਲ ਦੇ ਇਕ ਨੌਜਵਾਨ ਦੀ ਕੈਨੇਡਾ ’ਚ ਹਾਦਸੇ ਦੌਰਾਨ ਮੌਤ ਹੋਣ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸੜਕ ਹਾਦਸੇ ’ਚ ਉਕਤ ਨੌਜਵਾਨ ਦੇ ਨਾਲ 4 ਹੋਰ ਨੌਜਵਾਨਾਂ ਦੀ ਮੌਤ ਹੋਈ ਹੈ, ਜਦਕਿ 2 ਹੋਰ ਗੰਭੀਰ ਜ਼ਖ਼ਮੀ ਹਨ। ਮਿ੍ਤਕ ਨੌਜਵਾਨ ਕਰਨਪਾਲ ਸਿੰਘ ਪੁੱਤਰ ਪਰਜੀਤ ਸਿੰਘ ਵਾਸੀ ਅੰਮੋਨੰਗਲ ਕੈਨੇਡਾ ਪੜ੍ਹਾਈ ਕਰਨ ਗਿਆ ਸੀ। ਦੱਸਿਆ ਜਾਂਦਾ ਹੈ ਕਿ ਮਿ੍ਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਮਿ੍ਤਕ ਕਰਨਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਰਨਪਾਲ ਜਨਵਰੀ 2021 ’ਚ ਕੈਨੇਡਾ ਦੇ ਮੋਨਟ੍ਰੀਅਲ ਪੜ੍ਹਾਈ ਲਈ ਗਿਆ ਸੀ।
ਉਨ੍ਹਾਂ ਦੱਸਿਆ ਕਿ ਬੀਤੀ ਰਾਤ ਕੈਨੇਡਾ ਤੋਂ ਫੋਨ ਆਇਆ ਸੀ ਕਿ ਕਰਨਪਾਲ ਸਿੰਘ ਆਪਣੇ ਸਾਥੀ ਵਿਦਿਆਰਥੀਆਂ ਨਾਲ ਮੋਨਟ੍ਰੀਅਲ ਤੋਂ ਪੇਪਰ ਦੇ ਕੇ ਵਾਪਸ ਬਰੈਂਪਟਨ ਆ ਰਹੇ ਸਨ ਕਿ ਰਸਤੇ ’ਚ ਉਨ੍ਹਾਂ ਦੀ ਕਾਰ ਇਕ ਟਰਾਲੇ ਨਾਲ ਟਕਰਾ ਗਈ, ਜਿਸ ਨਾਲ ਮੌਕੇ ’ਤੇ ਹੀ ਕਰਨਪਾਲ ਸਿੰਘ ਸਮੇਤ 5 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਹਾਦਸੇ ਦੌਰਾਨ 2 ਹੋਰ ਵਿਦਿਆਰਥੀ ਜਿਨ੍ਹਾਂ ’ਚ ਇਕ ਲੜਕੀ ਵੀ ਹੈ, ਗੰਭੀਰ ਜ਼ਖ਼ਮੀ ਹਨ, ਜਿਨ੍ਹਾਂ ਨੂੰ ਇਕ ਹਸਪਤਾਲ ’ਚ ਇਲਾਜ ਲਈ ਦਾਖਲ ਕਰਵਾਇਆ ਹੈ। ਕਰਨਪਾਲ ਸਿੰਘ ਦੀ ਮੌਤ ਦੇ ਨਾਲ ਅੰਮੋਨੰਗਲ ’ਚ ਸੋਗ ਦੀ ਲਹਿਰ ਫੈਲ ਗਈ ਹੈ ਅਤੇ ਮਿ੍ਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦਾ ਵਿਰਲਾਪ ਦੇਖਿਆ ਨਹੀਂ ਸੀ ਜਾ ਰਿਹਾ। ਮਿ੍ਤਕ ਨੌਜਵਾਨ ਦੇ ਪਰਿਵਾਰ ਨਾਲ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਨਵੇਂ ਚੁਣੇ ਗਏ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਵੀ ਨਾਲ ਦੁੱਖ ਸਾਂਝਾ ਕੀਤਾ ਹੈ। ਮਿ੍ਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਗੁਹਾਰ ਲਾਈ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਦੇਹ ਜਲਦ ਪਿੰਡ ਭੇਜੀ ਜਾਵੇ ।