Punjab

ਸੁਖਬੀਰ ਬਾਦਲ ਨੇ ਲਈ ਚੋਣਾਂ ‘ਚ ਹਾਰ ਦੀ ਨੈਤਿਕ ਜਿੰਮੇਵਾਰੀ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਅਸਤੀਫੇ ਦੀ ਪੇਸ਼ਕਸ਼ ਕੀਤੀ ਜਿਸਨੂੰ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਸਪਸ਼ਟ ਰੱਦ ਕਰ ਦਿੱਤਾ।ਅਕਾਲੀ ਦਲ ਦੇ ਪ੍ਰਧਾਨ, ਜਿਹਨਾਂ ਨੇ ਕੱਲ੍ਹ ਅਤੇ ਅੱਜ ਜ਼ਿਲ੍ਹਾ ਪ੍ਰਧਾਨਾਂ ਤੇ ਸੀਨੀਅਰ ਲੀਡਰਸ਼ਿਪ ਨਾਲ ਮੀਟਿੰਗਾਂ ਕੀਤੀਆਂ, ਨੇ ਕਿਹਾ ਕਿ ਪਾਰਟੀ ਅਤੇ ਇਸਦੀ ਭਲਾਈ ਉਹਨਾਂ ਲਈ ਸਭ ਤੋਂ ਉਪਰ ਹੈ। ਉਹਨਾਂ ਕਿਹਾ ਕਿ ਮੈਂ ਹਮੇਸ਼ਾ ਆਪਣੇ ਵੱਲੋਂ ਪਾਰਟੀ ਦੇ ਬੇਹਤਰ ਹਿੱਤਾਂ ਲਈ ਕੰਮ ਕੀਤਾ। ਮੈਂ ਪਾਰਟੀ ਦੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦਾ ਹਾਂ ਤੇ ਮੈਂ ਅਸਤੀਫਾ ਦੇਣ ਲਈ ਤਿਆਰ ਹਾਂ।

ਪਾਰਟੀ ਲੀਡਰਸ਼ਿਪ ਨੇ ਉਹਨਾਂ ਦੀ ਇਹ ਪੇਸ਼ਕਸ਼ ਸਿੱਧੇ ਤੌਰ ’ਤੇ ਰੱਦ ਕਰ ਦਿੱਤਾ ਤੇ ਕਈ ਜ਼ਿਲ੍ਹਾ ਪ੍ਰਧਾਨਾਂ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਸਖ਼ਤ ਮਿਹਨਤ ਅਤੇ ਜ਼ੋਰਦਾਰ ਚੋਣ ਮੁਹਿੰਮ ਦੀ ਗੱਲ ਵੀ ਰੱਖੀ। ਇਸ ਮੌਕੇ ਇਕ ਰਸਮੀ ਮਤਾ ਸਰਬਸੰਮਤੀ ਨਾਲ ਪਾਸ ਕਰ ਕੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਤੇ ਪੂਰਾ ਭਰੋਸਾ ਪ੍ਰਗਟ ਕੀਤਾ ਗਿਆ।

ਇਹਨਾਂ ਆਗੂਆਂ ਨੇ ਕਿਹਾ ਕਿ ਸਰਦਾਰ ਬਾਦਲ ਨੇ ਨਾ ਸਿਰਫ ਅੱਗੇ ਹੋ ਕੇ ਪਾਰਟੀ ਦੀ ਅਗਵਾਈ ਕੀਤੀ ਬਲਕਿ ਪਾਰਟੀ ਦੀ ਲੀਡਰਸ਼ਿਪ ਅਤੇ ਪਾਰਟੀ ਕੇਡਰ ਨੂੰ ਵੀ ਪਾਰਟੀ ਵਾਸਤੇ ਸਖ਼ਤ ਮਿਹਨਤ ਕਰਨ ਲਈ ਪੇ੍ਰਿਆ। ਇਹਨਾਂ ਆਗੂਆਂ ਨੇ ਕਿਹਾ ਕਿ ਭਾਵੇਂ ਨਤੀਜੇ ਆਸ ਮੁਤਾਬਕ ਨਹੀਂ ਆਏ ਪਰ ਪਾਰਟੀ ਪ੍ਰਧਾਨ ਦਾ ਕੋਈ ਕਸੂਰ ਨਹੀਂ ਕੱਢਿਆ ਜਾ ਸਕਦਾ। ਲੋਕਾਂ ਨੇ ਬਦਲਾਅ ਵਾਸਤੇ ਵੋਟਾਂ ਪਾਈਆਂ ਤੇ ਸਮੁੱਚੀ ਵਿਰੋਧੀ ਧਿਰ ਇਕ ਕਿਸਮ ਦੀ ਸੁਨਾਮੀ ਵਿਚ ਰੁੜ੍ਹ ਗਈ।

ਮੀਟਿੰਗ ਵਿਚ ਆਪਣੀ ਫੀਡਬੈਕ ਦਿੰਦਿਆਂ ਅਕਾਲੀ ਦਲ ਦੇ ਇਹਨਾਂ ਆਗੂਆਂ ਨੇ ਦੱਸਿਆ ਕਿ ਅਨੇਕਾਂ ਥਾਵਾਂ ’ਤੇ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਨਾਂ ਵੀ ਨਹੀਂ ਪਤਾ ਸੀ ਪਰ ਉਹਨਾਂ ਫਿਰ ਵੀ ਵੋਟਾਂ ਆਮ ਆਦਮੀ ਪਾਰਟੀ ਨੂੰ ਪਾਈਆਂ ਜਿਸ ਨਾਲ ਅਕਾਲੀ ਦਲ ਦਾ ਵੱਡਾ ਨੁਕਸਾਨ ਹੋਇਆ।

ਇਹਨਾਂ ਪਾਰਟੀ ਆਗੂਆਂ ਨੇ ਕਿਹਾ ਕਿ ਹਾਲੇ ਵੀ ਸਭ ਕੁਝ ਖਤਮ ਨਹੀਂ ਹੋਇਆ, ਅਕਾਲੀ ਦਲ ਵਿਚ ਫਰਸ਼ ਤੋਂ ਅਰਸ਼ ’ਤੇ ਪਹੁੰਚਣ ਦੀ ਕਾਬਲੀਅਤ ਤੇ ਸਮਰਥਾ ਹੈ ਅਤੇ ਇਸ ਵਾਸਤੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੀ ਅਗਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪਿਛਲੀਆਂ ਅਕਾਲੀ ਸਰਕਾਰਾਂ ਵੇਲੇ ਰਿਕਾਰਡ ਵਿਕਾਸ, ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਵਿਲੱਖਣ ਸਮਾਜ ਭਲਾਈ ਸਕੀਮਾਂ ਲੋਕਾਂ ਵਾਸਤੇ ਪੇਸ਼ ਕੀਤੀਆਂ ਗਈਆਂ ਸਨ। ਉਹਨਾਂ ਕਿਹਾ ਕਿ ਲੋਕ ਅਕਾਲੀ ਦਲ ਨੂੰ ਇਸਦੀ ਪਿਛਲੀ ਕਾਰਗੁਜ਼ਾਰੀ ਦੇ ਆਧਾਰ ’ਤੇ ਅਤੇ ਖਾਸ ਤੌਰ ’ਤੇ ਕਾਂਗਰਸ ਦੀ ਮਾੜੀ ਕਾਰਗੁਜ਼ਾਰੀ ਕਾਰਨ , ਵੋਟਾਂ ਪਾਉਣਾ ਚਾਹੁੰਦੇ ਸਨ ਪਰ ਆਖਰੀ ਸਮੇਂ ਵਿਚ ਬਦਲਾਅ ਦੀ ਆਵਾਜ਼ ਵਿਚ ਵਹਿ ਗਏ।

ਇਸ ਦੌਰਾਨ ਸਰਦਾਰ ਬਾਦਲ ਨੇ ਜ਼ਿਲ੍ਹਾ ਪ੍ਰਧਾਨਾਂ ਨੂੰ ਦੱਸਿਆ ਕਿ ਪਾਰਟੀ ਨਾ ਸਿਰਫ ਉਹਨਾਂ ਅਤੇ ਹੋਰ ਪਾਰਟੀ ਆਗੂਆਂ ਤੋਂ ਹਾਰ ਦੇ ਕਾਰਨਾਂ ਬਾਰੇ ਫੀਡਬੈਕ ਲਵੇਗੀ ਬਲਕਿ ਸਮਾਜ ਦੇ ਹਰ ਵਰਗ ਦੇ ਲੋਕਾਂ ਦੀ ਰਾਇ ਇਸ ਬਾਰੇ ਜਾਣੀ ਜਾਵੇਗੀ। ਉਹਨਾਂ ਕਿਹਾ ਕਿ ਇਸ ਮਕਸਦ ਵਾਸਤੇ ਇਕ ਉਚ ਤਾਕਤੀ ਕਮੇਟੀ ਬਣਾਈ ਜਾ ਰਹੀ ਹੈ ਜੋ ਜ਼ਰੂਰੀ ਫੀਡਬੈਕ ਵਾਸਤੇ ਲੋੜੀਂਦੀਆਂ ਮੀਟਿੰਗਾਂ ਕਰੇਗੀ ਅਤੇ ਪਾਰਟੀ ਨੂੰ ਮੁੜ ਮਜ਼ਬੂਤ ਕਰਨ ਬਾਰੇ ਸਿਫਾਰਸ਼ਾਂ ਕਰੇਗੀ।

ਇਸ ਦੌਰਾਨ ਜ਼ਿਲ੍ਹਾ ਪ੍ਰਧਾਨਾਂ ਨੇ ਪੰਥਕ ਮਾਮਲਿਆਂ ਬਾਰੇ ਆਪਣੇ ਸੁਝਾਅ ਦਿੱਤੇ ਤੇ ਨਾਲ ਹੀ ਪੰਜਾਬ ਦੇ ਸਾਰੇ ਲਟਕਦੇ ਮਸਲੇ ਚੁੱਕਣ ਤੇ ਉਹਨਾਂ ਨੂੰ ਹੱਲ ਕੀਤੇ ਜਾਣਾ ਯਕੀਨੀ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।

Related posts

HAPPY DIWALI 2025 !

admin

ਰੌਸ਼ਨੀ ਦੇ ਤਿਉਹਾਰ ਦੀਵਾਲੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin