ਕੇਰਲ – ਜਾਇਦਾਦ ਵਿਵਾਦ ‘ਚ ਇਕ ਬਜ਼ੁਰਗ ਨੇ ਸ਼ਨਿਚਰਵਾਰ ਨੂੰ ਆਪਣੇ ਪੁੱਤ, ਨੂੰਹ ਤੇ ਦੋ ਪੋਤੀਆਂ ਨੂੰ ਕਥਿਤ ਤੌਰ ‘ਤੇ ਸਾੜ ਕੇ ਮਾਰ ਦਿੱਤਾ। ਪੁਲਿਸ ਨੇ ਕਿਹਾ ਕਿ ਇਹ ਤਿੰਨੋ ਘਰ ‘ਚ ਸੌਂ ਰਹੇ ਸਨ, ਤਦੇ ਹਾਮਿਦ (79) ਨੇ ਘਰ ਨੂੰ ਬਾਹਰੋਂ ਤਾਲਾ ਲਾ ਕੇ ਪੈਟਰੋਲ ਨਾਲ ਭਰੀਆਂ ਬੋਤਲਾਂ ਖਿੜਕੀ ਤੋਂ ਅੰਦਰ ਸੁੱਟ ਦਿੱਤੀਆਂ ਤੇ ਅੱਗ ਲਾ ਦਿੱਤੀ। ਬਾਅਦ ‘ਚ ਮੁਲਜ਼ਮ ਨੂੰ ਹਿਰਾਸਤ ‘ਚ ਲੈ ਲਿਆ ਗਿਆ।
ਪਰਿਵਾਰ ਦੇ ਮੈਂਬਰਾਂ ‘ਚੋਂ ਇਕ ਨੇ ਅੱਗ ਦੇਖ ਕੇ ਮਦਦ ਲਈ ਆਵਾਜ਼ ਦਿੱਤੀ, ਪਰ ਗੁਆਂਢੀ ਉਨ੍ਹਾਂ ਨੂੰ ਨਹੀਂ ਬਚਾ ਸਕੇ, ਕਿਉਂਕਿ ਅੱਗ ਨੇ ਚਾਰਾਂ ਨੂੰ ਆਪਣੀ ਲਪੇਟ ‘ਚ ਲੈ ਲਿਆ। ਗੁਆਂਢੀਆਂ ‘ਚੋਂ ਇਕ ਨੇ ਕਿਹਾ ਕਿ ਹਾਮਿਦ ਨੂੰ ਘਰ ‘ਚ ਪੈਟਰੋਲ ਨਾਲ ਭਰੀਆਂ ਬੋਤਲਾਂ ਸੁੱਟਦੇ ਦੇਖਿਆ ਗਿਆ।
ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ, ‘ਇਹ ਯੋਜਨਾਬੱਧ ਹੱਤਿਆ ਸੀ, ਕਿਉਂਕਿ ਹਾਮਿਦ ਨੇ ਘੱਟੋ ਘੱਟ ਪੰਜ ਬੋਤਲਾਂ ‘ਚ ਪੈਟਰੋਲ ਜਮ੍ਹਾ ਕੀਤਾ ਸੀ। ਇਸਦੇ ਨਾਲ ਹੀ ਘਰ ‘ਚ ਪਾਣੀ ਦੀ ਟੈਂਕੀ ਵੀ ਖ਼ਾਲੀ ਕਰ ਦਿੱਤੀ ਸੀ ਤਾਂ ਜੋ ਅੱਗ ਨਾ ਬੁਝਾਈ ਜਾ ਸਕੇ। ਉਸਨੇ ਬਾਲਟੀ ਤੇ ਰੱਸੀ ਵੀ ਹਟਾ ਦਿੱਤੀ ਸੀ ਤਾਂ ਜੋ ਗੁਆਂਢੀ ਖੂਹ ਤੋਂ ਪਾਣੀ ਲਿਆ ਕੇ ਅੱਗ ਨਾ ਬੁਝਾ ਸਕਣ। ਉਨ੍ਹਾਂ ਕਿਹਾ ਕਿ ਘਰ ਦੇ ਅੰਦਰ ਦਾ ਦਿ੍ਸ਼ ਦਹਿਲਾ ਦੇਣ ਵਾਲਾ ਸੀ, ਕਿਉਂਕਿ ਪਿਤਾ ਤੇ ਛੋਟੀ ਬੇਟੀ ਦੀ ਸੜੀ ਹੋਈ ਲਾਸ਼ ਇਕ-ਦੂਜੇ ਨਾਲ ਕੱਸ ਕੇ ਗਲੇ ਮਿਲੀਆਂ ਸਨ। ਜਾਂਚ ਪੜਤਾਲ ਲਈ ਲਾਸ਼ਾਂ ਨੂੰ ਅਲੱਗ-ਅਲੱਗ ਕਰਨਾ ਕਾਫ਼ੀ ਮੁਸ਼ਕਲ ਸੀ। ਪੁੱਛਗਿੱਛ ਦੌਰਾਨ ਹਾਮਿਦ ਨੇ ਸਵੀਕਾਰ ਕੀਤਾ ਕਿ ਉਸਨੇ ਆਪਣੇ ਬੇਟੇ ਨਾਲ ਪਰਿਵਾਰਕ ਜਾਇਦਾਦ ਨੂੰ ਲੈ ਕੇ ਵਿਵਾਦ ਕਾਰਨ ਇਹ ਅਪਰਾਧ ਕੀਤਾ।
