ਕੀਵ – ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ਦੂਜੇ ਮਹੀਨੇ ’ਚ ਦਾਖ਼ਲ ਹੋ ਗਈ ਹੈ। ਇਸ ਦੌਰਾਨ ਯੂਕਰੇਨ ਦੇ ਕਈ ਸ਼ਹਿਰ ਤਬਾਹ ਹੋ ਚੁੱਕੇ ਹਨ। ਕਦੇ ਰੋਸ਼ਨੀ ਨਾਲ ਜਗਮਗ ਅਤੇ ਇਨਸਾਨਾਂ ਨਾਲ ਆਬਾਦ ਇਨ੍ਹਾਂ ਸ਼ਹਿਰਾਂ ’ਚ ਚੁੱਪ ਪਸਰੀ ਹੋਈ ਹੈ। ਕਈ ਸ਼ਹਿਰ ਅਜਿਹੇ ਵੀ ਹਨ, ਜਿੱਥੋਂ ਜ਼ਿਆਦਾਤਰ ਲੋਕ ਆਪਣੇ ਘਰ ਛੱਡ ਕੇ ਚਲੇ ਗਏ ਹਨ। ਅਜਿਹੇ ਸ਼ਹਿਰਾਂ ’ਚ ਬੰਬਾਂ ਤੇ ਗੋਲ਼ੀਆਂ ਦੀ ਆਵਾਜ਼ ਇਸ ਚੁੱਪ ਨੂੰ ਤੋੜਨ ਦਾ ਕੰਮ ਕਰਦੀ ਹੈ। ਅਜਿਹੇ ਸ਼ਹਿਰ ਹੁਣ ਭੂਤ ਨਗਰਾਂ ਵਾਂਗ ਲੱਗਣ ਲੱਗ ਪਏ ਹਨ। ਇਸ ਦੇ ਨਾਲ ਹੀ ਕੁਝ ਸ਼ਹਿਰਾਂ ਵਿਚ ਲੋਕ ਅਜੇ ਵੀ ਆਪਣੇ ਖੰਡਰ ਘਰਾਂ ਨੂੰ ਛੱਡਣਾ ਨਹੀਂ ਚਾਹੁੰਦੇ। ਹਵਾਈ ਹਮਲਿਆਂ ਬਾਰੇ ਚੇਤਾਵਨੀ ਦੇਣ ਲਈ ਵਰਤਿਆ ਜਾਣ ਵਾਲਾ ਸਾਇਰਨ ਦਿਨ ’ਚ ਕਈ ਵਾਰ ਵਜਾਇਆ ਜਾਂਦਾ ਹੈ। ਅਜਿਹਾ ਹੀ ਹਾਲ ਯੂਕਰੇਨ ਦੇ ਖਾਰਕੀਵ ਵਿਚ ਸਾਲਟੀਵਕਾ ਦਾ ਹੈ। ਖਾਰਕੀਵ ਯੂਕਰੇਨ ਦੇ ਉਨ੍ਹਾਂ ਸੂਬਿਆਂ ਵਿੱਚੋਂ ਇਕ ਹੈ, ਜਿੱਥੇ ਯੂਕਰੇਨ ਦੇ ਸ਼ਾਰਪ ਸ਼ੂਟਰ ਮੌਜੂਦ ਹਨ ਅਤੇ ਉਹ ਲਗਾਤਾਰ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਖਾਰਕੀਵ ਦੇ ਸਟੋਯੰਕਾ ਪਿੰਡ ਦੇ ਰਹਿਣ ਵਾਲੇ ਐਂਡਰੀਅਲ ਦੀ ਉਮੀਦ ਅਜੇ ਵੀ ਪੂਰੀ ਤਰ੍ਹਾਂ ਟੁੱਟੀ ਨਹੀਂ ਹੈ। ਯੂਕਰੇਨ ਦੇ ਇਸ ਸਭ ਤੋਂ ਮਾੜੇ ਦੌਰ ਵਿਚ ਸਿਰਫ ਐਂਡਰੀਅਲ ਦੇ ਗੁਆਂਢੀ ਹੀ ਉਸ ਲਈ ਕੰਮ ਆ ਰਹੇ ਹਨ। ਹਾਲਾਂਕਿ ਹਮਲੇ ਦੇ ਸ਼ੁਰੂਆਤੀ ਦਿਨਾਂ ’ਚ ਐਂਡਰੀਅਲ ਇੱਥੋਂ ਚਲਾ ਗਿਆ ਸੀ ਪਰ ਹੁਣ ਉਹ ਵਾਪਸ ਆ ਗਿਆ। 69 ਸਾਲਾ ਐਂਡਰੀਅਲ ਇਕ ਨਿੱਜੀ ਮਿਊਜ਼ੀਅਮ ਦਾ ਮਾਲਕ ਹੈ। ਉਸ ਨੇ ਏਐੱਫਪੀ ਨੂੰ ਦੱਸਿਆ ਕਿ ਉਹ ਹਰ ਰੋਜ਼ ਯੂਕਰੇਨੀ ਫ਼ੌਜ ਨੂੰ ਰੂਸ ਨਾਲ ਲੜਦੇ ਵੇਖਦਾ ਹੈ। ਐਂਡਰਿਨ ਨੇ ਦੱਸਿਆ ਕਿ ਇਸ ਇਕ ਮਹੀਨੇ ਦੌਰਾਨ ਉਸ ਨੇ ਲੋਕਾਂ ਨੂੰ ਮਰਦਿਆਂ ਦੇਖਿਆ। ਘਰ ਅੱਗ ਦੀ ਲਪੇਟ ’ਚ ਆ ਗਏ ਅਤੇ ਇਮਾਰਤਾਂ ਮਲਬੇ ’ਚ ਬਦਲ ਗਈਆਂ। ਅਸੀਂ ਨਰਕ ਵਿਚ ਰਹਿ ਰਹੇ ਹਾਂ।
ਐਂਡਰਿਨ ਨੇ ਦੱਸਿਆ ਕਿ ਜਦੋਂ ਰੂਸੀ ਫ਼ੌਜ ਨੇ ਇਸ ਪਿੰਡ ’ਤੇ ਕਬਜ਼ਾ ਕੀਤਾ ਤਾਂ ਪਹਿਲੇ ਦਿਨ ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ’ਚ ਕੈਦ ਕਰ ਲਿਆ ਗਿਆ ਅਤੇ ਦੂਜੇ ਦਿਨ ਉਨ੍ਹਾਂ ਨੂੰ ਉਨ੍ਹਾਂ ਦੇ ਖੇਤਾਂ ਤੋਂ ਦੂਰ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਰੂਸ ਕੋਲ ਆਤਮ ਸਮਰਪਣ ਕਰਨ ਅਤੇ ਮਰਨ ਤੋਂ ਇਲਾਵਾ ਕੋਈ ਬਦਲ ਨਹੀਂ ਹੈ। ਜ਼ਿਕਰਯੋਗ ਹੈ ਕਿ ਐਂਡਰਿਨ ਦਾ ਪਿੰਡ ਚਾਰੋਂ ਪਾਸਿਓਂ ਪਹਾੜਾਂ ਨਾਲ ਘਿਰਿਆ ਹੋਇਆ ਹੈ, ਜਿੱਥੇ ਰੂਸੀ ਬੰਬਾਰੀ ਹੁੰਦੀ ਰਹਿੰਦੀ ਹੈ।
ਏਐੱਫਪੀ ਨਾਲ ਗੱਲਬਾਤ ’ਚ ਐਂਡਰਿਨ ਨੇ ਇਹ ਵੀ ਕਿਹਾ ਕਿ ਯੂਕਰੇਨ ਦੀ ਫ਼ੌਜ ਰੂਸੀ ਫੌਜਾਂ ਨੂੰ ਕੀਵ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਉਸ ਨੇ ਇਹ ਵੀ ਕਿਹਾ ਕਿ ਇਸ ਸਮੇਂ ਉਸ ਕੋਲ ਖਾਣ-ਪੀਣ ਦਾ ਕਾਫ਼ੀ ਸਾਮਾਨ ਹੈ। ਪ੍ਰਸ਼ਾਸਨ ਵੱਲੋਂ ਇਸ਼ਾਰਾ ਮਿਲਣ ’ਤੇ ਉਹ ਇੱਥੋਂ ਨਿਕਲਣ ਬਾਰੇ ਸੋਚਣਗੇ। ਉਨ੍ਹਾਂ ਅਨੁਸਾਰ ਇਹ ਥਾਂ ਹੁਣ ਭੂਤ ਨਗਰੀ ਬਣ ਚੁੱਕੀ ਹੈ।
