ਨਵੀਂ ਦਿੱਲੀ – ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਲਾਟਰੀ ਘੁਟਾਲਾ ਮਾਮਲੇ ‘ਚ 409.92 ਕਰੋੜ ਰੁਪਏ ਦੀ ਚੱਲ ਜਾਇਦਾਦ ਆਰਜ਼ੀ ਤੌਰ ‘ਤੇ ਜ਼ਬਤ ਕੀਤੀ ਹੈ। ਲਾਟਰੀ ਕਿੰਗ ਦੇ ਨਾਂ ਨਾਲ ਚਰਚਿਤ ਮਾਰਟਿਨ ਸੈਂਟੀਆਗੋ ਇਸ ਮਾਮਲੇ ਨਾਲ ਜੁੜਿਆ ਹੈ। ਕੇਂਦਰੀ ਜਾਂਚ ਏਜੰਸੀ ਨੇ ਟਵੀਟ ਕੀਤਾ, ‘ਈਡੀ ਨੇ ਮੈਸਰਜ਼ ਫਿਊਚਰ ਗੇਮਿੰਗ ਐਂਡ ਹੋਟਲ ਸਰਵਿਸਜ਼ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਲਾਟਰੀ ਘੁਟਾਲਾ ਮਾਮਲੇ ‘ਚ ਪੀਐੱਮਐੱਲਏ 2002 ਤਹਿਤ ਆਰਜ਼ੀ ਤੌਰ ‘ਤੇ 409.92 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ।’ ਫਿਊਚਰ ਗੇਮਿੰਗ ਐਂਡ ਹੋਟਲ ਸਰਵਿਸਜ਼ ਪ੍ਰਾਈਵੇਟ ਲਿਮਟਿਡ ਦਾ ਸਰਪ੍ਰਸਤ ਸੈਂਟੀਆਗੋ ਮਾਰਟਿਨ ਹੈ। ਲਾਟਰੀ ਟਿਕਟ ਛਪਾਈ ਤੇ ਉਸ ਨੂੰ ਵੇਚ ਕੇ ਮਾਰਟਿਨ ਨੇ ਆਪਣਾ ਕਾਰੋਬਾਰ ਸਾਮਰਾਜ ਖੜ੍ਹਾ ਕੀਤਾ। ਮਿਆਂਮਾਰ ਦੇ ਯੰਗੂਨ ‘ਚ ਮਜ਼ਦੂਰ ਦੇ ਰੂਪ ‘ਚ ਜੀਵਨ ਦੀ ਸ਼ੁਰੂਆਤ ਕਰਨ ਵਾਲਾ ਮਾਰਟਿਨ ਭਾਰਤ ਪਰਤਿਆ ਤੇ 1988 ‘ਚ ਉਸ ਨੇ ਤਾਮਿਲਨਾਡੂ ‘ਚ ਆਪਣਾ ਕਾਰੋਬਾਰ ਸ਼ੁਰੂ ਕੀਤਾ। ਹੌਲੀ-ਹੌਲੀ ਉਸ ਨੇ ਕਰਨਾਟਕ ਤੇ ਕੇਰਲ ਤਕ ਕਾਰੋਬਾਰ ਫੈਲਾਇਆ। ਪਰ ਤਾਮਿਲਨਾਡੂ ਸਰਕਾਰ ਵੱਲੋਂ ਲਾਟਰੀ ‘ਤੇ ਪਾਬੰਦੀ ਲਾਏ ਜਾਣ ਤੋਂ ਬਾਅਦ 2003 ‘ਚ ਮਾਰਟਿਨ ਆਪਣਾ ਕਾਰੋਬਾਰ ਸੂਬੇ ਤੋਂ ਬਾਹਰ ਲੈ ਗਿਆ। ਮੰਗਲੌਰ ਰਿਫਾਇਨਰੀ ਐਂਡ ਪੈਟਰੋਕੈਮੀਕਲ ਲਿਮਟਿਡ (ਐੱਮਆਰਪੀਐੱਲ) ਦੇ ਡਿਪਟੀ ਜਨਰਲ ਮੈਨੇਜਰ ਨਿਰੰਜਨ ਗੁਪਤਾ ਤੇ ਉਨ੍ਹਾਂ ਦੀ ਪਤਨੀ ਪ੍ਰੀਤੀ ਗੁਪਤਾ ਦੀ 2.14 ਕਰੋੜ ਦੀ ਜਾਇਦਾਦ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਤਹਿਤ ਜ਼ਬਤ ਕੀਤੀ ਗਈ ਹੈ। ਦੋਵਾਂ ਨੇ ਅਣਪਛਾਤੇ ਸਰੋਤ ਤੋਂ ਆਪਣੇ ਬੈਂਕ ਖਾਤਿਆਂ ‘ਚ ਵੱਡੀ ਰਾਸ਼ੀ ਜਮ੍ਹਾਂ ਕੀਤੀ ਹੋਈ ਸੀ।
ਲਕਸ਼ਮੀ ਆਟੋ ਇੰਡਸਟਰੀਜ਼ ਤੇ ਉਸ ਦੇ ਭਾਈਵਾਲ ਸਤੀਸ਼ ਕੁਮਾਰ ਗੁਪਤਾ ਤੇ ਪਰਮਿੰਦਰ ਸਿੰਘ ਤੋਂ ਇਲਾਵਾ ਸੈਂਟਰਲ ਬੈਂਕ ਆਫ ਇੰਡੀਆ ਦੇ ਮੁਲਾਜ਼ਮਾਂ ਖ਼ਿਲਾਫ਼ ਈਡੀ ਨੇ ਪੀਐੱਮਐੱਲਏ ਤਹਿਤ ਇਸਤਗਾਸਾ ਸ਼ਿਕਾਇਤ (ਦੋਸ਼ ਪੱਤਰ) ਦਾਖ਼ਲ ਕੀਤਾ ਹੈ। ਈਡੀ ਨੇ ਸੈਂਟਰਲ ਬੈਂਕ ਦੇ ਤਤਕਾਲੀ ਸਹਾਇਕ ਮੈਨੇਜਰ ਸ਼ਰਵਨ ਕੁਮਾਰ ਸਿੰਘਲ, ਤਤਕਾਲੀ ਬ੍ਰਾਂਚ ਮੈਨੇਜਰ ਅਵਧੇਸ਼ ਕੁਮਾਰ ਗੁਪਤਾ ‘ਤੇ ਬੈਂਕ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਾਇਆ ਹੈ। ਇਹ ਦੋਸ਼ ਪੱਤਰ ਦੇਹਰਾਦੂਨ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਦੀ ਅਦਾਲਤ ‘ਚ ਦਾਖ਼ਲ ਕੀਤਾ ਗਿਆ ਹੈ। ਨੋਟਿਸ ਲੈਣ ਤੋਂ ਬਾਅਦ ਅਦਾਲਤ ਨੇ ਸੁਣਵਾਈ ਦੀ ਤਰੀਕ ਤੈਅ ਕਰ ਦਿੱਤੀ ਹੈ।