ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਦਾ ਅਸਤੀਫ਼ਾ ਹੁਣ ਲਗਪਗ ਤੈਅ ਹੋ ਗਿਆ ਹੈ ਤੇ ਇਸ ‘ਚ ਕੁਝ ਹੀ ਘੰਟੇ ਬਚੇ ਹਨ। ਇਸ ਦੌਰਾਨ ਵਿਰੋਧੀ ਪਾਰਟੀ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਇਮਰਾਨ ਖਾਨ ਨੂੰ ਇੱਕ ਨਵੀਂ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪਾਕਿ ਪ੍ਰਧਾਨ ਮੰਤਰੀ ਨੂੰ ਸਨਮਾਨਜਨਕ ਵਿਦਾਇਗੀ ਮੰਗਣੀ ਚਾਹੀਦੀ ਹੈ ਤੇ ਆਪਣੀ ਸਰਕਾਰ ਵਿਰੁੱਧ ਬੇਭਰੋਸਗੀ ਮਤੇ ‘ਤੇ ਵੋਟਿੰਗ ਤੋਂ ਪਹਿਲਾਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਬਿਲਾਵਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਸੰਵਿਧਾਨਕ ਪ੍ਰਕਿਰਿਆ ਦੇ ਖਿਲਾਫ਼ ਸਨਮਾਨ ਨਾਲ ਲੜਨਾ ਚਾਹੀਦਾ ਹੈ ਤੇ “ਚਿਹਰਾ ਬਚਾਉਣ ਜਾਂ ਪਿਛਲੇ ਦਰਵਾਜ਼ੇ ਤੋਂ ਬਾਹਰ ਜਾਣ” ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਇਸ ਦੌਰਾਨ ਬਿਲਾਵਲ ਨੇ ਇਮਰਾਨ ਦੇ ਪ੍ਰਧਾਨ ਮੰਤਰੀ ਬਣਨ ‘ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਮਰਾਨ ਦੇਸ਼ ‘ਤੇ ਜ਼ਬਰਦਸਤੀ ਹਨ, ਇਸ ਲਈ ਹੁਣ ਸਮਾਂ ਆ ਗਿਆ ਹੈ ਕਿ ਉਹ ਆਪਣੇ ਕੰਮਾਂ ਬਾਰੇ ਸੋਚਣ। ਉਨ੍ਹਾਂ ਅੱਗੇ ਕਿਹਾ ਕਿ ਪਾਕਿਸਤਾਨ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ਼ਾਂਤੀਪੂਰਨ ਅਵਿਸ਼ਵਾਸ ਵੋਟ ਕਰਵਾਈ ਜਾ ਰਹੀ ਹੈ ਕਿਉਂਕਿ ਪਹਿਲਾਂ ਵੀ ਕਈ ਵਾਰ ਅਜਿਹੇ ਮਕਸਦ ਲਈ ਗੈਰ-ਸੰਵਿਧਾਨਕ ਤਰੀਕੇ ਵਰਤੇ ਗਏ ਹਨ।
ਬਿਲਾਵਲ ਨੇ ਅੱਗੇ ਕਿਹਾ ਕਿ ਇਮਰਾਨ ਖਾਨ ਪਹਿਲਾਂ ਕਹਿੰਦੇ ਸਨ ਕਿ ਵਿਰੋਧੀ ਧਿਰ ਨੇ ਬੇਭਰੋਸਗੀ ਮਤਾ ਪੇਸ਼ ਕਰਕੇ ਉਨ੍ਹਾਂ ਨੂੰ ਤੋਹਫਾ ਦਿੱਤਾ ਹੈ ਪਰ ਉਦੋਂ ਤੋਂ ਉਹ ਇਸ ਨੂੰ ਆਲਮੀ ਸਾਜ਼ਿਸ਼ ਦੱਸ ਰਹੇ ਹਨ। ਇਮਰਾਨ ਦਾ ਮਜ਼ਾਕ ਉਡਾਉਂਦੇ ਹੋਏ ਉਨ੍ਹਾਂ ਕਿਹਾ, ‘ਕਿਰਪਾ ਕਰਕੇ ਪਹਿਲਾਂ ਫੈਸਲਾ ਕਰੋ ਕਿ ਇਹ ਸਾਡੇ ਵੱਲੋਂ ਤੋਹਫਾ ਹੈ ਜਾਂ ਵਿਦੇਸ਼ੀ ਸਾਜ਼ਿਸ਼।
ਦੂਜੇ ਪਾਸੇ ਇਮਰਾਨ ਦੇ ਵਿਸ਼ੇਸ਼ ਸਹਾਇਕ ਸ਼ਾਹਬਾਜ਼ ਗਿੱਲ ਨੇ ਅੱਜ ਕਿਹਾ ਕਿ ਪਾਕਿ ਪ੍ਰਧਾਨ ਮੰਤਰੀ ਨੂੰ ਹਟਾਉਣ ਦਾ ਵਿਰੋਧੀ ਧਿਰ ਦਾ ਸੁਪਨਾ ਪੂਰਾ ਹੋਣ ਵਾਲਾ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਕਿਸਤਾਨ ਮੁਸਲਿਮ ਲੀਗ (ਪੀ.ਐੱਮ.ਐੱਲ.-ਐੱਨ.) ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ ਦਾ ਮਜ਼ਾਕ ਉਡਾਉਂਦੇ ਹੋਏ ਉਨ੍ਹਾਂ ਨੂੰ ‘ਬੱਚਿਆਂ ਦਾ ਪ੍ਰਧਾਨ ਮੰਤਰੀ’ ਕਿਹਾ। ਉਨ੍ਹਾਂ ਦਾਅਵਾ ਕੀਤਾ ਕਿ ਭਲਕੇ ਪਰਵੇਜ਼ ਇਲਾਹੀ ਪੰਜਾਬ ਦੇ ਮੁੱਖ ਮੰਤਰੀ ਬਣਨਗੇ।
ਦੱਸ ਦੇਈਏ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖਿਲਾਫ਼ ਬੇਭਰੋਸਗੀ ਮਤੇ ‘ਤੇ ਭਲਕੇ ਵੋਟਿੰਗ ਹੋਣੀ ਹੈ। ਗੌਰਤਲਬ ਹੈ ਕਿ ਨੈਸ਼ਨਲ ਅਸੈਂਬਲੀ ‘ਚ ਕੁੱਲ 161 ਵੋਟਾਂ ਨਾਲ ਮਤਾ ਪੇਸ਼ ਹੋਣ ਤੋਂ ਬਾਅਦ ਕਾਰਵਾਈ 31 ਮਾਰਚ ਤਕ ਮੁਲਤਵੀ ਕਰ ਦਿੱਤੀ ਗਈ। ਇਸ ਦੇ ਨਾਲ ਹੀ ਵਿਰੋਧੀ ਧਿਰ ਨੂੰ ਭਰੋਸਾ ਹੈ ਕਿ ਇਸ ਦਾ ਮਤਾ ਪਾਸ ਹੋ ਜਾਵੇਗਾ ਕਿਉਂਕਿ ਪੀਟੀਆਈ ਦੇ ਕਈ ਵਿਧਾਇਕ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਖੁੱਲ੍ਹ ਕੇ ਸਾਹਮਣੇ ਆ ਚੁੱਕੇ ਹਨ।